More

    ਉਨਟਾਰੀਓ ‘ਚ 22 ਸਤੰਬਰ ਤੋਂ ਲਾਗੂ ਹੋਣਗੇ ਵੈਕਸੀਨ ਪਾਸਪੋਰਟ

    ਟੋਰਾਂਟੋ, 15 ਸਤੰਬਰ (ਬੁਲੰਦ ਆਵਾਜ ਬਿਊਰੋ) – ਕੈਨੇਡਾ ਦੇ ਉਨਟਾਰੀਓ ਸੂਬੇ ਵਿੱਚ 22 ਸਤੰਬਰ ਤੋਂ ਲਾਗੂ ਹੋ ਰਹੇ ਨਵੇਂ ਕੋਰੋਨਾ ਵੈਕਸੀਨ ਪਾਸਪੋਰਟ ਲਈ ਡੱਗ ਫੋਰਡ ਸਰਕਾਰ ਨੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਤਹਿਤ ਰੈਸਟੋਰੈਂਟ, ਬਾਰ, ਹੌਰਸ ਰੇਸਿੰਗ ਟਰੈਕ, ਕਾਰ ਰੇਸਿੰਗ ਟਰੈਕ, ਸਟੂਡਿਓ, ਵਾਟਰ-ਪਾਰਕ ਆਦਿ ਥਾਵਾਂ ’ਤੇ ਹੋਣ ਵਾਲੇ ਇੰਡੋਰ ਸਮਾਗਮਾਂ ’ਚ ਸ਼ਾਮਲ ਹੋਣ ਲਈ ਮੁਕੰਮਲ ਟੀਕਾਕਰਨ ਜਾਂ ਮਾਨਤਾ ਪ੍ਰਾਪਤ ਛੋਟ ਦਾ ਸਬੂਤ ਦਿਖਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਖੇਡ ਸਮਾਗਮਾਂ, ਕੈਸਿਨੋ ਐਂਡ ਬਿੰਗੋ ਹਾਲਜ਼, ਜਿਮ ਵਰਗੀਆਂ ਸਪੋਰਟਸ ਐਕਟੀਵਿਟੀਜ਼, ਬਾਥ ਹਾਊਸਜ਼ ਕਲੱਬ, ਸਟ੍ਰਿਪਸ ਕਲੱਬ ਅਤੇ ਬੈਂਕਟ ਹਾਲ ’ਚ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਵੀ ਇਹ ਨਿਯਮ ਲਾਗੂ ਹੋਣਗੇ। ਨਾਈਟ ਅਤੇ ਡਾਂਸ ਕਲੱਬਾਂ ’ਚ ਹੋਣ ਵਾਲੇ ਇੰਡੋਰ ਅਤੇ ਆਊਟਡੋਰ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਵੀ ਕੋਰੋਨਾ ਵੈਕਸੀਨ ਲੱਗੀ ਹੋਣ ਦਾ ਸਬੂਤ ਪੇਸ਼ ਕਰਨਾ ਹੋਵੇਗਾ। 22 ਸਤੰਬਰ ਤੋਂ ਗਾਹਕਾਂ ਨੂੰ ਨਿਰਧਾਰਤ ਸਹੂਲਤਾਂ ਹਾਸਲ ਕਰਨ ਲਈ ਕੋਰੋਨਾ ਟੀਕਾਕਰਨ ਦੀ ਰਸੀਦ ਅਤੇ ਫੋਟੋ ਆਈਡੀ ਦਿਖਾਉਣੀ ਹੋਵੇਗੀ।

    ਵਿਆਹ ਜਾਂ ਸ਼ੋਕ (ਅੰਤਮ ਸੰਸਕਾਰ) ਸਬੰਧੀ ਇੰਡੋਰ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਵੈਕਸੀਨ ਪਾਸਪੋਰਟ ਤੋਂ 12 ਅਕਤੂਬਰ ਤੱਕ ਸਪੈਸ਼ਲ ਛੋਟ ਦਿੱਤੀ ਜਾਵੇਗੀ, ਬਸ਼ਰਤੇ ਉਨ੍ਹਾਂ ਨੂੰ ਸਮਾਗਮ ’ਚ ਸ਼ਾਮਲ ਹੋਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ, ਪਰ 12 ਅਕਤੂਬਰ ਤੋਂ ਬਾਅਦ ਵਿਆਹ ਤੇ ਸ਼ੋਕ ਸਬੰਧੀ ਇੰਡੋਰ ਸਮਾਗਮਾਂ ’ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਵੈਕਸੀਨ ਪਾਸਪੋਰਟ ਜ਼ਰੂਰ ਦਿਖਾਉਣਾ ਹੋਵੇਗਾ। ਇਨ੍ਹਾਂ ਤੋਂ ਇਲਾਵਾ ਵਾਸ਼ਰੂਮ ਜਾਣ, ਰੈਸਟੋਰੈਂਟ ਟੇਕਆਊਟ ਵਰਗੇ ਆਰਡਰ ਲਈ ਭੁਗਤਾਨ ਕਰਨ ਜਾਂ ਬਾਰ ਪਾਸ਼ੋ ਜਿਹੀਆਂ ਬਾਹਰੀ ਥਾਵਾਂ ’ਤੇ ਜਾਣ ਲਈ ਵੈਕਸੀਨ ਪਾਸਪੋਰਟ ਦੀ ਲੋੜ ਨਹੀਂ ਪਏਗੀ। ਆਰਡਰ ਲੈਣ ਵਾਲੇ ਲੋਕਾਂ ਲਈ ਵੀ ਵੈਕਸੀਨੇਸ਼ਨ ਦਾ ਸਬੂਤ ਦਿਖਾਉਣਾ ਲਾਜ਼ਮੀ ਨਹੀਂ ਹੋਵੇਗਾ। ਇੱਕ ਸੰਗਠਤ ਖੇਡ ਵਿੱਚ ਹਿੱਸਾ ਲੈਣ ਦੇ ਉਦੇਸ਼ ਨਾਲ ਖੇਡਾਂ ਅਤੇ ਮਨੋਰੰਜਨ ਗਤੀਵਿਧੀਆਂ ਲਈ ਵਰਤੀਆਂ ਜਾਣ ਵਾਲੀਆਂ ਅੰਦਰੂਨੀ ਥਾਵਾਂ ’ਤੇ ਜਾਣ ਲਈ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਵੈਕਸੀਨ ਪਾਸਪੋਰਟ ਦੀ ਲੋੜ ਨਹੀਂ ਪਏਗੀ। ਨਵਾਂ ਵੈਕਸੀਨ ਪਾਸਪੋਰਟ ਪ੍ਰਚੂਨ ਖਰੀਦਦਾਰੀ ਜਾਂ ਸਿਹਤ ਤੇ ਸੁਰੱਖਿਆ ਦੇ ਉਦੇਸ਼ਾਂ ਲਈ ਜ਼ਰੂਰੀ ਕਿਸੇ ਵੀ ਚੀਜ਼ ’ਤੇ ਲਾਗੂ ਨਹੀਂ ਹੁੰਦਾ।

    ਡੱਗ ਫੋਰਡ ਸਰਕਾਰ ਦਾ ਕਹਿਣਾ ਹੈ ਕਿ ਵੈਕਸੀਨ ਪਾਸਪੋਰਟ ਦਾ ਨਵਾਂ ਰੂਪ 22 ਅਕਤੂਬਰ ਤੋਂ ਲਾਗੂ ਹੋਵੇਗਾ। 22 ਅਕਤੂਬਰ ਤੱਕ ਕਾਰੋਬਾਰੀ ਸੰਸਥਾਵਾਂ ਨੂੰ ਆਪਣੇ ਗਾਹਕਾਂ ਦਾ ਨਾਮ ਤੇ ਜਨਮ ਮਿਤੀ, ਉਨ੍ਹਾਂ ਦੀ ਫੋਟੋ ਆਈਡੀ ਅਤੇ ਵੈਕਸੀਨ ਰਸੀਦ ਨਾਲ ਮਿਲਾ ਕੇ ਚੰਗੀ ਤਰ੍ਹਾਂ ਚੈੱਕ ਕਰਨੀ ਹੋਵੇਗੀ। ਜਨਮ ਸਰਟੀਫਿਕੇਟ, ਸਿਟੀਜ਼ਨਸ਼ਿਪ ਕਾਰਡ ਤੇ ਡਰਾਈਵਿੰਗ ਲਾਇਸੰਸ ਅਤੇ ਸਰਕਾਰੀ ਪਛਾਣ ਕਾਰਡ ਜਿਵੇਂ ਹੈਲਥ ਕਾਰਡ, ਇੰਡੀਅਨ ਸਟੇਟਸ ਕਾਰਡ, ਪਾਸਪੋਰਟ, ਜਾਂ ਪਰਮਾਨੈਂਟ ਰੈਜ਼ੀਡੈਂਟ ਕਾਰਡ ਨੂੰ ਆਈਡੀ ਵਜੋਂ ਸਵੀਕਾਰ ਕੀਤਾ ਜਾਵੇਗਾ।
    ਜੇਕਰ ਕਿਸੇ ਵਿਅਕਤੀ ਦਾ ਆਈਡੀ ’ਤੇ ਦਰਜ ਨਾਮ ਤੇ ਉਮਰ, ਵੈਕਸੀਨ ਰਸੀਦ ਨਾਲ ਮੇਲ ਨਹੀਂ ਖਾਂਦੇ ਤਾਂ ਉਸ ਨੂੰ ਕਿਸੇ ਵੀ ਸੰਸਥਾ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।

    ਸੂਬਾ ਸਰਕਾਰ ਨੇ ਕਾਰੋਬਾਰੀ ਸੰਸਥਾਵਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਇਹ ਨਿਯਮ ਲਾਗੂ ਕਰਨ ਦੌਰਾਨ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਜਾਂ ਕਿਸੇ ਤਰ੍ਹਾਂ ਕੋਈ ਦਬਾਅ ਪੈਂਦਾ ਹੈ ਜਾਂ ਫਿਰ ਕੋਈ ਧਮਕੀ ਮਿਲਦੀ ਹੈ ਤਾਂ ਉਹ ਸਿੱਧਾ ਪੁਲਿਸ ਨਾਲ ਸੰਪਰਕ ਕਰਨ। ਸਰਕਾਰ ਨੇ ਚੇਤਾਵਨੀ ਭਰੇ ਲਹਿਜ਼ੇ ’ਚ ਕਿਹਾ ਕਿ ਰੀਓਪਨਿੰਗ ਉਨਟਾਰੀਓ ਐਕਟ ਨੂੰ ਲਾਗੂ ਕਰਨ ਵਿੱਚ ਅੜਿੱਕੇ ਪਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ ਸਜ਼ਾ ਜਾਂ ਜੁਰਮਾਨੇ ਲਾਉਣ ਦੀ ਤਜਵੀਜ਼ ਰੱਖੀ ਗਈ ਹੈ। ਉਨਟਾਰੀਓ ਸਰਕਾਰ ਨੇ ਕੋਰੋਨਾ ਵੈਕਸੀਨ ਦੀ ਤੀਜੀ ਖੁਰਾਕ ਲਈ ਯੋਗਤਾ ਮਾਪਦੰਡਾਂ ਦਾ ਵਿਸਥਾਰ ਕਰਨ ਦਾ ਵੀ ਐਲਾਨ ਕੀਤਾ ਹੈ, ਜਿਸ ਤਹਿਤ ਜਿਹੜੇ ਲੋਕ ਜ਼ਿਆਦਾ ਗੰਭੀਰ ਬਿਮਾਰੀਆਂ ਦੀ ਜ਼ਦ ਵਿੱਚ ਨਹੀਂ ਹਨ ਜਾਂ ਜ਼ਿਆਦਾ ਬਜ਼ੁਰਗ ਨਹੀਂ ਹਨ, ਉਹ ਕੋਰੋਨਾ ਵੈਕਸੀਨ ਦਾ ਤੀਜਾ ਟੀਕਾ ਵੀ ਲਗਵਾ ਸਕਦੇ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img