ਨਵੀਂ ਦਿੱਲੀ, 16 ਮਾਰਚ (ਮਨਪ੍ਰੀਤ ਸਿੰਘ ਖਾਲਸਾ) – ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਜਸਮੀਤ ਸਿੰਘ ਪੀਤਮਪੁਰਾ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ’ਤੇ ਗੁਰੂ ਦੀ ਗੋਲਕ ਲੁੱਟਣ ਦੇ ਦੋਸ਼ ਲਾਏ ਹਨ। ਉਹਨਾਂ ਕਿਹਾ ਕਿ ਮੇਰੇ ਕੋਲ ਪੁਖਤਾ ਸਬੂਤ ਹਨ ਜੋ ਦਰਸਾਉਂਦੇ ਹਨ ਕਿ ਇਹ ਲੋਕ ਗੁਰੂ ਦੀ ਗੋਲਕ ਵਿੱਚੋਂ ਆਪਣੇ ਚਹੇਤਿਆਂ ਅਤੇ ਦਿੱਲੀ ਦੀ ਸੰਗਤ ਵੱਲੋਂ ਨਕਾਰੇ ਗਏ ਮੈਂਬਰਾਂ ਨੂੰ ਫੰਡ ਜਾਰੀ ਕਰ ਰਹੇ ਹਨ। ਜਸਮੀਤ ਸਿੰਘ ਨੇ ਕਿਹਾ ਕਿ ਇਹ ਦਿੱਲੀ ਦੀ ਸੰਗਤ ਦੀ ਤੋਹੀਨ ਵੀਂ ਹੈ, ਜਿਨ੍ਹਾਂ ਨੇ ਇਨ੍ਹਾਂ ਲੋਕਾਂ ਨੂੰ ਵੋਟਾਂ ਨਹੀਂ ਪਾਈਆਂ ਕਿਉਂਕਿ ਸੰਗਤਾਂ ਨੇ ਇਨ੍ਹਾਂ ਨੂੰ ਸੇਵਾ ਦੇ ਯੋਗ ਨਹੀਂ ਸਮਝਿਆ, ਪਰ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਇਨ੍ਹਾਂ ਲੋਕਾਂ ਨੂੰ ਜੇਤੂ ਮੈਂਬਰਾਂ ਦੇ ਬਰਾਬਰ ਫੰਡ ਜਾਰੀ ਕਰ ਰਹੇ ਹਨ। ਅਜਿਹਾ ਸ਼ਾਇਦ ਇਸ ਲਈ ਹੋ ਰਿਹਾ ਹੈ ਕਿਉਂਕਿ ਆਉਣ ਵਾਲੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਦੁਬਾਰਾ ਖੜ੍ਹਾ ਕੀਤਾ ਜਾਵੇ ਅਤੇ ਇਸ ਫੰਡ ਦੇ ਬਦਲੇ ਸੰਗਤ ਤੋਂ ਵੋਟਾਂ ਮੰਗੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਮੈਂ ਜੇਤੂ ਮੈਂਬਰਾਂ ਨੂੰ ਵੀ ਇਸ ਦਾ ਵਿਰੋਧ ਕਰਨ ਦੀ ਅਪੀਲ ਕਰਦਾ ਹਾਂ ਕਿਉਂਕਿ ਅਜਿਹਾ ਕਰਕੇ ਉਹ ਜੇਤੂ ਮੈਂਬਰਾਂ ਨੂੰ ਬੇਕਾਰ ਸਾਬਤ ਕਰ ਰਹੇ ਹਨ।