More

    ਅਜ਼ਾਦੀ ਦਾ ਐਲਾਨ ਕਰਨ ਵਾਲਿਆ ਨੂੰ ਭੁੱਲੇ ਅਮਰੀਕਾ ਦੇ ਮੂਲ ਨਿਵਾਸੀ

    4 ਜੁਲਾਈ ਸੰਨ 1776 ਨੂੰ ਬ੍ਰਿਟੇਨ ਤੋਂ ਬਗ਼ਾਵਤ/ ਆਜ਼ਾਦੀ ਦਾ ਐਲਾਨ ਕੀਤਾ ਗਿਆ । ਅਮਰੀਕਾ ਦੀ ਇਸ ਅਜਾਦੀ ਲਈ ਹੀ ਅਮਰੀਕਾ ਦੇ ਤੇਰ੍ਹਾਂ ਸੂਬਿਆਂ ਤੋਂ ਇਕੱਠੇ ਹੋਏ 56 ਨੁਮਾਇੰਦਿਆ ਜਿਨ੍ਹਾਂ ਨੇ ਇਸ ਅਜ਼ਾਦੀ ਲਈ ਕੁਰਬਾਨੀਆਂ ਕੀਤੀਆਂ ,ਕਿ ਕਦੇ ਕਿਸੇ ਨੇ ਸੋਚਿਐ ਕਿ ਉਨ੍ਹਾਂ 56 ਦਾ ਕੀ ਬਣਿਆ, ਜਿਨ੍ਹਾਂ ਨੇ ਆਜ਼ਾਦੀ ਦਾ ਐਲਾਨ ਕੀਤਾ? ਰੌਸ਼ਨੀਆਂ, ਆਤਿਸ਼ਬਾਜ਼ੀਆਂ, ਪਿਕਨਿਕਾਂ ਅਤੇ ਮਾਸ ਭੁੰਨ ਕੇ ਖਾਣ ਦੀਆਂ ਪਾਰਟੀਆਂ ਦੇ ਰੌਲੇ ਵਿਚ ਉਨ੍ਹਾਂ 56 ਨੂੰ ਕੋਈ ਯਾਦ ਕਰਦੈ ?

    ਇਸ ਅਜ਼ਾਦੀ ਲਈ ਉਨ੍ਹਾਂ ਨੇ ਦਸਖ਼ਤਾਂ ਦੇ ਨਾਲ ਆਪਣੀ ਇੱਜ਼ਤ,ਤਨ ਅਤੇ ਧਨ ਸਭ ਅਰਪਨ ਕਰਨ ਦੀ ਸਹੁੰ ਖਾਧੀ ਅਤੇ ਨਿਭਾਈ ਵੀ। ਅਜ਼ਾਦੀ ਵਿਚ ਹਿੱਸਾ ਪਾਉਣ ਵਾਲੇ ਭਾਵ ਦਸਖ਼ਤ ਕਰਨ ਵਾਲੇ ਪੰਜ ਤਾਂ ਬ੍ਰਿਟਿਸ਼ ਨੇ ਝੱਟ ਫੜ ਲਏ। ਉਨ੍ਹਾਂ ਨੂੰ ਬਾਗ਼ੀ ਕਰਾਰ ਕੀਤਾ ਅਤੇ ਤਸੀਹੇ ਦੇ ਕੇ ਮਾਰਿਆ। ਬਾਰ੍ਹਾਂ ਦੇ ਘਰਾਂ ਉੱਤੇ ਧਾਵਾ ਬੋਲਿਆ ਗਿਆ, ਮਗਰੋਂ ਸਾੜ ਦਿੱਤੇ ਗਏ। ਦੋ ਬੱਚੇ ਇਕ ਦੇ ਅਤੇ ਦੋ ਬੱਚੇ ਇਕ ਹੋਰ ਦੇ ਇਨਕਲਾਬੀ ਜੰਗ ਵਿਚ ਮਾਰੇ ਗਏ। ਨੌਂ ਇਨਕਲਾਬੀ ਜੰਗ ਵਿਚ ਜ਼ਖ਼ਮੀ ਹੋ ਕੇ, ਜ਼ਖ਼ਮਾਂ ਅਤੇ ਹੋਰ ਮੁਸੀਬਤਾਂ ਕਾਰਨ ਮਰੇ। ਅਜ਼ਾਦੀ ਦੇ ਇਹ ਪਰਵਾਨੇ ਕਿਸ ਮਿੱਟੀ ਤੋਂ ਬਣੇ ਸਨ ਤੇ ਕਿ ਸੋਚ ਕੇ ਇਨ੍ਹਾਂ ਨੇ ਆਪਣੇ ਉਪਰ ਤਸ਼ੱਦਦ ਨੂੰ ਸਵਿਕਾਰ ਕੀਤਾ? ਉਨ੍ਹਾਂ ਵਿਚ 24 ਵਕੀਲ ਜਾਂ ਜੱਜ ਸਨ, ਪੰਦਰਾਂ ਵਪਾਰੀ ਸਨ, ਨੌਂ ਵੱਡੀਆਂ ਜ਼ਮੀਨਾਂ ਦੇ ਮਾਲਕ ਸਨ। ਸਭਨਾਂ ਦਾ ਪਿਛੋਕੜ ਰੱਜੇ ਪੁੱਜੇ ਦਾ ਸੀ, ਹੈਸੀਅਤ ਵਾਲੇ ਸਨ, ਖ਼ੂਬ ਪੜ੍ਹੇ-ਲਿਖੇ ਸਨ। ਜਦੋਂ ਉਨ੍ਹਾਂ ਦਸਖ਼ਤ ਕੀਤੇ ਤਾਂ ਉਨ੍ਹਾਂ ਨੂੰ ਭਲੀਭਾਂਤ ਸਮਝ ਸੀ ਕਿ ਉਹ ਮੌਤ ਨਾਲ ਖੇਡ ਰਹੇ ਹਨ ਉਨ੍ਹਾਂ ਨੂੰ ਪਤਾ ਵੀ ਸੀ ਕਿ ਕਾਬੂ ਆਉਣ ਉੱਤੇ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ।ਇਨ੍ਹਾਂ ਯੋਧਿਆਂ ‘ਚੋ ਕੁੱਝ ਨਾਲ ਅਣਮਨੁੱਖੀ ਕਹਿਰ ਦਾ ਵਰਤਾਰਾ ਸਾਂਝਾ ਕਰਨ ਦਾ ਯਤਨ ਕੀਤਾ ਹੈ।

    ਵਰਜੀਨੀਆ ਦਾ ‘ਕਾਰਟਰ ਬੈਕਸਟਨ’ ਇਕ ਵਪਾਰੀ ਅਤੇ ਵੱਡੀ ਖੇਤੀ ਦਾ ਮਾਲਕ ਸੀ। ਬ੍ਰਿਟਿਸ਼ ਨੇਵੀ ਨੇ ਉਸ ਦੇ ਜਹਾਜ਼ ਡੋਬ ਦਿੱਤੇ। ਉਸ ਨੇ ਆਪਣੇ ਕਰਜ਼ੇ ਉਤਾਰਣ ਲਈ ਸਾਰੀ ਜਾਇਦਾਦ ਵੇਚ ਦਿੱਤੀ ਅਤੇ ਆਪ ਚੀਥੜਿਆਂ ਵਿਚ ਮਰਿਆ। ਥਾਮਸ ਮੈਕੀਮ ਆਪਣੇ ਟੱਬਰ ਸਮੇਤ ਸਦਾ ਬ੍ਰਿਟਿਸ਼ ਦਾ ਭਗੌੜਾ ਰਿਹਾ। ਉਸ ਦੀ ਸਾਰੀ ਜਾਇਦਾਦ ਦੀ ਪੂਰਨ ਕੁਰਕੀ ਕੀਤੀ ਗਈ ਅਤੇ ਉਹ ਗ਼ਰੀਬੀ ਭੋਗਦਾ ਰਿਹਾ। ਇਸ ਦੇ ਨਾਲ ਹੀ ਅੱਠ ਹੋਰਨਾਂ ਦੀਆਂ ਵੀ ਕੁਰਕੀਆਂ ਕੀਤੀਆਂ ਗਈਆਂ। ਯਾਰਕ ਟਾਊਨ ਦੀ ਜੰਗ ਵੇਲੇ ‘ਨੈਲਸਨ’ ਨੇ ਜਨਰਲ ਜਾਰਜ ਵਾਸ਼ਿੰਗਟਨ ਨੂੰ ਖ਼ਬਰ ਦਿੱਤੀ ਕਿ ਮੇਰੀ ਰਿਹਾਇਸ਼ਗਾਹ ਉੱਤੇ ਬ੍ਰਿਟਿਸ਼ ਜਨਰਲ ਕਾਰਨਵਾਲਿਸ ਨੇ ਮੁੱਖ ਅੱਡਾ ਬਣਾਇਆ ਹੈ। ਜੰਗ ਦੌਰਾਨ ਉਸ ਘਰ ਨੂੰ ਉਡਾ ਦਿੱਤਾ ਗਿਆ। ਨੈਲਸਨ ਦੀਵਾਲੀਆ ਹੋ ਕੇ ਮਰਿਆ। ‘ਫ਼ਰਾਂਸਿਸ ਲੂਇਸ’ ਦਾ ਘਰ ਤਬਾਹ ਕੀਤਾ ਗਿਆ, ਉਸ ਦੀ ਪਤਨੀ ਕੈਦ ਕੀਤੀ ਗਈ, ਜੋ ਕੁਝ ਮਹੀਨਿਆਂ ਪਿੱਛੋਂ ਹੀ ਮਰ ਗਈ।

    ਆਟਾ-ਚੱਕੀ ਦਾ ਮਾਲਕ ‘ਜੌਹਨ ਹਾਰਟ’ ਆਪਣੀ ਮੌਤ ਕੰਢੇ ਪਤਨੀ ਦੇ ਕੋਲ ਬੈਠਾ ਸੀ, ਜਦੋਂ ਬ੍ਰਿਟਿਸ਼ ਛਾਪਾ ਪਿਆ। ਉਹ ਭੱਜ ਗਿਆ ਅਤੇ ਉਸ ਦੇ 13 ਬੱਚੇ ਵੀ ਨਿਕਲ ਗਏ। ਉਸ ਦੇ ਖੇਤ ਅਤੇ ਆਟਾ-ਮਿੱਲ ਤਬਾਹ ਕੀਤੇ ਗਏ। ਉਹ ਆਪ ਇਕ ਸਾਲ ਦੇ ਕਰੀਬ ਜੰਗਲਾਂ ਅਤੇ ਗੁਫ਼ਾਵਾਂ ਵਿਚ ਛੁਪਦਾ ਰਿਹਾ। ਜਦੋਂ ਵਾਪਸ ਪਰਤਿਆ ਤਾਂ ਜਾਣਿਆ ਕਿ ਸਭ ਖਿੰਡ-ਪੁੰਡ ਗਏ ਸਨ, ਪਤਨੀ ਮਰ ਗਈ ਸੀ। ਅਤਿ ਦੀ ਥਕਾਵਟ ਅਤੇ ਏਸ ਭਾਰੀ ਸਦਮੇ ਨੂੰ ਸਹਿ ਨਹੀਂ ਸਕਿਆ। ਕੁਝ ਕੁ ਹਫ਼ਤਿਆਂ ਵਿਚ ਉਹ ਮਰ ਗਿਆ। ਹੋਰ ਵੀ ਕਈਆਂ ਦੀ ਕਿਸਮਤ ਵਿਚ ਅਜਿਹੀ ਹੀ ਮੌਤ ਸੀ। ਅਜਿਹੀਆਂ ਸਨ ਗਾਥਾਵਾਂ ਜਿਨ੍ਹਾਂ ਨੇ ਅਮਰੀਕਨ ਇਨਕਲਾਬ ਲਈ ਕੁਰਬਾਨੀਆਂ ਕੀਤੀਆਂ। ਉਹ ਕੋਈ ਸ਼ੈਤਾਨ ਨਹੀਂ ਸਨ। ਉਹ ਹੈਸੀਅਤਾਂ ਵਾਲੇ ਪੜ੍ਹੇ-ਲਿਖੇ ਲੋਕ ਸਨ। ਉਹ ਚਾਹੁੰਦੇ ਤਾਂ ਐਸ਼ ਦੀ ਜ਼ਿੰਦਗੀ ਬਤੀਤ ਕਰ ਲੈਂਦੇ। ਪਰ ਉਨ੍ਹਾਂ ਨੇ ਆਜ਼ਾਦੀ ਨੂੰ ਚੁਣ ਲਿਆ ਸੀ। ਅਜਿਹੀਆਂ ਨੇਕ ਬਕਤ ਰੂਹਾਂ ਹੀ ਆਮ ਲੋਕਾਈ ਨੂੰ ਅਜ਼ਾਦੀ ਦੀ ਰੋਸ਼ਨੀ ਦੇਂਦੀਆ ਹਨ। ਪਰ ਅਫ਼ਸੋਸ ਇਨ੍ਹਾਂ ਅਜ਼ਾਦੀ ਦੇ ਜਸ਼ਨਾ ਵਿਚ ਪੈ ਕੇ ਉਨ੍ਹਾਂ ਯੋਧਿਆਂ ਨੂੰ ਭੁੱਲ ਜਾਂਦੇ ਹਨ ਜਿਨ੍ਹਾਂ ਨੇ ਇਸ ਦੀ ਸ਼ੁਰੂਆਤ ਕੀਤੀ ਹੁੰਦੀ ਹੈ।

    ਸਰਬਜੀਤ ਕੌਰ ‘ਸਰਬ’          (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼)

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img