More

    ਅਸਤੀਫ਼ਾ ਪ੍ਰਵਾਣ ਕਰੋ ਮੈਂ ਹੁਣ ਗੁਰੂ ਦੀ ਨੌਕਰੀ ਕਰ ਲਈ ਹੈ – ਭਾਈ ਧੰਨਾ ਸਿੰਘ

    ਮਹਿਕਮਾ ਪੰਜਾਬੀ

    ਸਿੱਖ ਇਤਿਹਾਸ ਦੇ ਬਣਾਉਣ ਦਾ ਹੈ ਪ੍ਰੇਮ ਮੈਨੂੰ। ਇਹੋ ਅਰਦਾਸ ਮੇਰੀ ਪੂਰੀ ਤੂੰ ਨਵਾਈ ਗੁਰੂ। ਰਹਿੰਦਾ ਹਾਂ ਪਟਿਆਲੇ ਅਤੇ ਸਾਈਕਲ ਦਾ ਯਾਤਰੂ ਹਾਂ। ਧੰਨਾ ਸਿੰਘ ਨਾਮ ਆਪ ਬਣੀ ਤੂੰ ਸਹਾਈ ਗੁਰੂ।

    ਮੀਂਹ,ਨ੍ਹੇਰੀ,ਸਰਦੀ,ਗਰਮੀ,ਕੱਚਾ ਰਾਹ,ਪੱਕੀ ਸੜਕ,ਥਲ,ਪਹਾੜ,ਨਦੀਆਂ ਅਤੇ ਦਰਿਆਵਾਂ ਨੂੰ ਪਾਰ ਕਰਦਿਆਂ ਭਾਈ ਧੰਨਾ ਸਿੰਘ ਨੇ ਅਸਾਮ ਤੋਂ ਪਿਸ਼ੌਰ ਜਮਰੌਦ ਅਤੇ ਕਸ਼ਮੀਰ ਤੋਂ ਲੈਕੇ ਸ੍ਰੀ ਹਜ਼ੂਰ ਸਾਹਿਬ ਤੱਕ ਜਿਸ ਦੀਵਾਨਗੀ ਨਾਲ ਯਾਤਰਾਵਾਂ ਕੀਤੀਆਂ ਉਹ ਰੂਹਾਨੀ ਸਫ਼ਰ ਸੀ।ਇਸ ਸਫ਼ਰ ‘ਚ ਭਾਈ ਧੰਨਾ ਸਿੰਘ ਨੇ ਸਿੱਖ ਇਤਿਹਾਸ,ਵਿਰਾਸਤਾਂ ਦੀ ਨਿਸ਼ਾਨਦੇਹੀ ਅਤੇ ਆਪਣੀਆਂ ਡਾਇਰੀਆਂ ਅਤੇ ਫੋਟੋਆਂ ਨਾਲ ਜੋ ਦਿੱਤਾ ਉਹ ਇੱਕ ਸਦੀ ਬਾਅਦ ਸਾਡੇ ਲਈ ਵਿਲੱਖਣ ਖ਼ਜ਼ਾਨਾ ਹੈ। 1905 ਦੇ ਜੰਮਪਲ ਭਾਈ ਧੰਨਾ ਸਿੰਘ ਪਿੰਡ ਚਾਂਗਲੀ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਸਨ।11 ਮਾਰਚ 1930 ਤੋਂ 2 ਮਾਰਚ 1935 ਤੱਕ ਉਹਨਾਂ 9 ਯਾਤਰਾਵਾਂ ਕੀਤੀਆਂ।ਉਹਨਾਂ ਦੀ ਬੰਨੂ ਕੋਹਾਟ ਕਸ਼ਮੀਰ ‘ਚ ਸਾਥੀ ਭਾਈ ਹੀਰਾ ਸਿੰਘ ਤੋਂ ਰਾਈਫਲ ਸੰਭਾਲਣ ਦੌਰਾਨ ਗਲਤੀ ਨਾਲ ਚੱਲੀ ਗੋਲੀ ਕਰਕੇ ਮੌਤ ਹੋ ਗਈ ਸੀ।ਇਸ ਬਾਰੇ 5 ਮਾਰਚ 1935 ਦੇ ਹਿੰਦੂਸਤਾਨ ਟਾਈਮਜ਼ ਅਖ਼ਬਾਰ ‘ਚ ਖ਼ਬਰ ਵੀ ਛਪੀ ਸੀ।ਭਾਈ ਧੰਨਾ ਸਿੰਘ ਏਡੇ ਮਹਾਨ ਕਾਰਜ ਦੇ ਬਾਵਜੂਦ ਇਤਿਹਾਸ ਦੇ ਅਣਗੋਲੇ ਨਾਇਕ ਰਹੇ ਹਨ।ਉਹਨਾਂ ਬਾਰੇ 1931 ‘ਚ ਭਾਈ ਨਾਹਰ ਸਿੰਘ ਨੇ ਖ਼ਾਲਸਾ ਸਮਾਚਾਰ ‘ਚ ਲਿਖਿਆ ਸੀ ਜਾਂ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ‘ਚ ਉਹਨਾਂ ਦਾ ਜ਼ਿਕਰ ਹੈ।ਉਹਨਾਂ ਬਾਰੇ ਮੁੰਕਮਲ ਦਸਤਾਵੇਜ਼ ਤਿਆਰ ਕਰਨ ਦਾ ਵੱਡਾ ਸਿਹਰਾ ਚੇਤਨ ਸਿੰਘ ਹੁਣਾਂ ਨੂੰ ਜਾਂਦਾ ਹੈ।ਚੇਤਨ ਸਿੰਘ ਹੁਣਾਂ ਬੋਲੀ ਮਹਿਕਮਾ ਪੰਜਾਬ ਦੇ ਮੁੱਖੀ ਹੁੰਦਿਆ ਭਾਈ ਧੰਨਾ ਸਿੰਘ ਦੀਆਂ ਡਾਇਰੀਆਂ ਅਤੇ ਫੋਟੋਆਂ ਭਾਈ ਗੁਰਬਖਸ਼ ਸਿੰਘ ਅਤੇ ਪਰਿਵਾਰ ਤੋਂ ਪ੍ਰਾਪਤ ਕਰਕੇ ਪਹਿਲੀ ਵਾਰ ਛਾਪਿਆ ਸੀ।ਇੰਝ ਭਾਈ ਧੰਨਾ ਸਿੰਘ ਦਾ ਖ਼ੋਜ ਕਾਰਜ ਉਹਨਾਂ ਦੀ ਮੌਤ ਤੋਂ 80 ਸਾਲ ਬਾਅਦ ਸਾਹਮਣੇ ਆਇਆ ਸੀ।

    ਭਾਈ ਧੰਨਾ ਸਿੰਘ ਨੇ 1930 ਤੋਂ 1935 ਤੱਕ 20000 ਮੀਲ ਦੇ ਸਫ਼ਰ ਦੌਰਾਨ 1600 ਤੋਂ ਵੱਧ ਗੁਰੂਧਾਮਾਂ ਦੀ ਯਾਤਰਾ ਕੀਤੀ।ਇਹ ਸਿਰਫ ਧਾਰਮਿਕ ਯਾਤਰਾਵਾਂ ਹੀ ਨਹੀਂ ਸਨ।ਭਾਈ ਧੰਨਾ ਸਿੰਘ ਆਪਣੀ ਡਾਇਰੀਆਂ ‘ਚ ਹਰ ਜਾਣਕਾਰੀ ਨੂੰ ਬਾਰੀਕੀ ‘ਚ ਦਰਜ ਕਰਦੇ ਗਏ ਸਨ।ਉਹਨਾਂ ਸਮਿਆਂ ‘ਚ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਲੈਕੇ ਤਾਜ਼ਾ ਹੋਂਦ ‘ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਤੋਂ ਲੈਕੇ ਮਹੰਤਾ ਅਧੀਨ ਆਉਂਦੇ ਗੁਰਦੁਆਰਿਆਂ ਦਾ ਪੂਰਾ ਹਾਲ ਬਿਆਨ ਕੀਤਾ ਹੈ।ਇਸ ਤੋਂ ਇਲਾਵਾ ਭਾਈ ਧੰਨਾ ਸਿੰਘ 1947 ਤੋਂ ਪਹਿਲਾਂ ਦੇ ਭਾਰਤ ‘ਚ ਯਾਤਰਾ ਕਰਦੇ ਹੋਏ ਉਹਨਾਂ ਸਮਿਆਂ ‘ਚ ਲੋਕ ਵਿਹਾਰ,ਪ੍ਰਸ਼ਾਸ਼ਨਿਕ ਪ੍ਰਬੰਧ ਅਤੇ ਹਰ ਉਸ ਟੈਕਸ ਅਤੇ ਪ੍ਰਾਹੁਣਾਚਾਰੀ ਦਾ ਜ਼ਿਕਰ ਵੀ ਕਰਦੇ ਰਹੇ ਜੋ ਅੱਜ ਦੇ ਇਸ ਦੌਰ ਅੰਦਰ ਜਾਣਕਾਰੀ ਦੇ ਲਿਹਾਜ਼ ‘ਚ ਖਾਸ ਹੈ।

    ਭਾਈ ਧੰਨਾ ਸਿੰਘ ਪਟਿਆਲਾ ਰਿਆਸਤ ‘ਚ ਮਹਾਰਾਜਾ ਭੁਪਿੰਦਰ ਸਿੰਘ ਦੇ ਡਰਾਈਵਰ ਸਨ।ਆਪਣੀਆਂ ਯਾਤਰਾਵਾਂ ਲਈ ਉਹਨਾਂ ਆਪਣੀ ਨੌਕਰੀ ਤੋਂ ਅਸਤੀਫ਼ਾ ਦਿੱਤਾ ਅਤੇ 25 ਸਾਲ ਦੀ ਉਮਰ ‘ਚ 25 ਰੁਪਏ ਲੈਕੇ ਪਟਿਆਲੇ ਤੋਂ ਯਾਤਰਾ ਸ਼ੁਰੂ ਕੀਤੀ ਸੀ।ਇਸ ਸਫ਼ਰ ‘ਚ ਉਹਨਾਂ ਨੂੰ ਵੱਖ ਵੱਖ ਥਾਵਾਂ ਤੋਂ ਜੋ ਸਹਾਇਤਾ ਰਕਮ ਮਿਲੀ ਉਹਨਾਂ ਇਸਨੂੰ ਵੀ ਬਕਾਇਦਾ ਡਾਇਰੀਆਂ ‘ਚ ਦਰਜ ਕੀਤਾ ਹੈ।ਉਹਨਾਂ ਨੂੰ ਸਹਾਇਤਾ ਵਜੋਂ 850 ਰੁਪਏ ਦੀ ਮਦਦ ਹੋਈ ਸੀ।ਭਾਈ ਧੰਨਾ ਸਿੰਘ ਕੋਲ ਆਲਵਿਕ ਕੰਪਨੀ ਦਾ 56113 ਐੱਚ.ਸੀ ਨੰਬਰ ਦਾ ਸਾਈਕਲ ਸੀ।ਸੋਢੀ ਜੰਗ ਸਿੰਘ ਹੁਣਾਂ ਉਹਨਾਂ ਨੂੰ ਪਹਿਲਾ ਕੋਡਕ ਕੈਮਰਾ 147 ਰੁਪਏ ਦਾ ਲੈਕੇ ਦਿੱਤਾ ਸੀ।ਇਸ ਤੋਂ ਬਾਅਦ ਹਜ਼ੂਰਾ ਸਿੰਘ ਢਿੱਲੋਂ ਨੇ 23 ਅਪ੍ਰੈਲ 1932 ਨੂੰ ਵੱਡਾ ਕੈਮਰਾ ਤੋਹਫੇ ‘ਚ ਦਿੱਤਾ।ਡਾ ਬਲਵੰਤ ਸਿੰਘ ਮਲਿਕ ਨੇ ਅਨਾਰਕਲੀ ਬਜ਼ਾਰ ਲਾਹੌਰ ਤੋਂ ਕੈਮਰੇ ਲਈ ਫਿਲਮਾਂ ਦਾ ਪ੍ਰਬੰਧ ਕਰਕੇ ਦਿੱਤਾ।3259 ਸਫ਼ੇ ਅਤੇ 200 ਤਸਵੀਰਾਂ ਦੇ ਇਸ ਮਹਾਨ ਖ਼ੋਜ ਕਾਰਜ ਵਿੱਚ ਭਾਈ ਧੰਨਾ ਸਿੰਘ ਦੀ ਮਿਹਨਤ ਨੂੰ ਇੰਝ ਬਹੁਤ ਸਾਰੇ ਸੱਜਣਾਂ ਨੇ ਮਦਾਦ ਕੀਤੀ।

    ਇਤਿਹਾਸ ‘ਚ ਭਾਈ ਧੰਨਾ ਸਿੰਘ ਹੁਣਾਂ ਦਾ ਕਾਰਜ ਪੇਸ਼ ਕਰਨ ਪਿੱਛੇ ਨਜ਼ਰੀਆ ਇਹ ਹੈ ਕਿ ਉਹਨਾਂ ਆਪਣੇ ਸਮਿਆਂ ‘ਚ ਆਉਣ ਵਾਲੀ ਪੀੜ੍ਹੀ ਲਈ ਉਹ ਕੁਝ ਦਰਜ ਕੀਤਾ ਜੋ ਵਿਰਸਾਤਾਂ ਨਾਲ ਸਾਡਾ ਰਾਬਤਾ ਕਾਇਮ ਰੱਖੇਗਾ।ਭਾਈ ਧੰਨਾ ਸਿੰਘ ਦੇ ਸਮਿਆਂ ‘ਚ ਉਹਨਾਂ ਦੀਆਂ ਆਪਣੀਆਂ ਚਣੌਤੀਆਂ ਸਨ।ਉਹ ਜਿਹੜੇ ਰਾਹਵਾਂ ‘ਤੇ ਤੁਰੇ ਉੱਥੇ ਸਾਈਕਲ ਨਾਲ ਕੈਮਰੇ ਨਾਲ ਬ੍ਰਿਟਿਸ਼ ਭਾਰਤ ‘ਚ ਰਿਆਸਤੀ ਪ੍ਰਸ਼ਾਸ਼ਣ ‘ਚ ਸਫ਼ਰ ਕਰਨ ਸੌਖਾ ਨਹੀਂ ਸੀ।ਉਹ ਇੱਕਲੇ ਤੁਰੇ ਅਤੇ ਮਿਲਦੇ ਹੋਏ ਲੋਕ ਸਹਿਯੋਗ ਦਿੰਦੇ ਰਹੇ।ਉਹਨਾਂ ਇਤਿਹਾਸ ਦੀ ਸ਼ਨਾਖ਼ਤ ਕੀਤੀ।ਸਮੇਂ ਦੇ ਗੁਰਦੁਆਰਾ ਪ੍ਰਬੰਧਾਂ ਨੂੰ ਦਰਜ ਕੀਤਾ।ਇਹ ਉਹ ਦੌਰ ਸੀ ਜਦੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ‘ਚ ਆਇਆ ਅਜੇ ਕੁਝ ਸਾਲ ਹੀ ਹੋਏ ਸਨ।ਗੁਰਦੁਆਰਿਆਂ ਦੀ ਸ਼ਨਾਖਤ ਕਰਦਿਆਂ ਉਹਨਾਂ ਥਾਵਾਂ ‘ਤੇ ਕਾਬਜ਼ ਮਹੰਤਾ ਬਾਰੇ ਬੇਬਾਕੀ ਨਾਲ ਲਿਖਿਆ।ਭਾਈ ਧੰਨਾ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਸਰੂਪਾਂ ਦਾ ਅਧਿਐਨ ਕੀਤਾ।ਅਜਿਹੇ ਕਈ ਹਵਾਲੇ ਹਨ ਜਦੋਂ ਉਹ ਦੱਸਦੇ ਹਨ ਕਿ 17 ਅਪ੍ਰੈਲ 1930 ਨੂੰ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਜਿਸ ਬੀੜ ਦੇ ਦਰਸ਼ਨ ਕੀਤੇ ਉਸ ‘ਤੇ ਦੱਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਨਾਲ ਕੀਤੇ ਦਸਤਖ਼ਤ ਮੌਜੂਦ ਹਨ ਜਾਂ ਇੱਥੇ ਪੱਥਰ ਛਾਪੇ ਦੀ ਬੀੜ ਮੌਜੂਦ ਹੈ ਤਾਂ ਇਹ ਇਤਿਹਾਸਕ ਸਰਮਾਏ ਦੇ ਹਵਾਲੇ ਹਨ ਜਿਸ ਮਾਰਫ਼ਤ ਅਸੀਂ ਅਤੀਤ ‘ਚ ਆਪਣੇ ਸਰਮਾਏ ਨੂੰ ਮਹਿਸੂਸ ਕਰਦੇ ਹਾਂ। ਆਪਣੇ ਹੀ ਇਤਿਹਾਸ ਦੇ ਰੂਬਰੂ ਹੋਕੇ ਮਹਿਸੂਸ ਕਰਨ ਦਾ ਸਬੱਬ ਭਾਈ ਧੰਨਾ ਸਿੰਘ ਨੇ ਬਣਾਇਆ ਹੈ।ਇਸ ਨੂੰ ਮਹਿਸੂਸ ਕਰੋ ਕਿ ਅਸੀਂ ਤੁਸੀਂ ਅਤੇ ਸਾਂਝੀਵਾਲਤਾ ਦੀ ਭਾਵਨਾ ‘ਚ ਅਸੀਂ ਆਪਣੀ ਵਿਰਾਸਤ ਬਾਰੇ ਦਿਲ ‘ਚ ਕੀ ਅਹਿਸਾਸ ਲੈਕੇ ਜਿਊਂਦੇ ਹਾਂ।

    ਹਰਪ੍ਰੀਤ ਸਿੰਘ ਕਾਹਲੋਂ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img