More

    ਅਮਰੀਕਾ ਜਾਰਜ ਫਲਾਇਡ ਦਾ ਪਰਿਵਾਰ ਰਾਸ਼ਟਰਪਤੀ, ਉਪ ਰਾਸ਼ਟਰਪਤੀ ਨੂੰ ਮਿਲਿਆ

    ਸੈਕਰਾਮੈਂਟੋ, 27 ਮਈ (ਬੁਲੰਦ ਆਵਾਜ ਬਿਊਰੋ) – ਮਿਨੀਆਪੋਲਿਸ ਪੁਲਿਸ ਹੱਥੋਂ ਮਾਰੇ ਗਏ ਸਿਆਹਫਿਆਮ ਵਿਅਕਤੀ ਜਾਰਜ ਫਲਾਇਡ ਦੀ ਮੌਤ ਹੋਇਆਂ ਨੂੰ ਇਕ ਵਰਾ ਪੂਰਾ ਹੋਣ ‘ਤੇ ਉਸ ਦਾ ਪਰਿਵਾਰ ਰਾਸ਼ਟਰਪਤੀ ਜੋਅ ਬਾਇਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਹੋਰ ਕਾਂਗਰਸ ਆਗੂਆਂ ਨੂੰ ਮਿਲਿਆ ਜਿਸ ਦੌਰਾਨ ਪਰਿਵਾਰ ਨੇ ਪੁਲਿਸ ਸੁਧਾਰਾਂ ਬਾਰੇ ਬਿੱਲ ਕਰਨ ਲਈ ਲਹਿਰ ਚਲਾਉਣ ਦਾ ਸੱਦਾ ਦਿੱਤਾ। ਪਰਿਵਾਰ ਨੇ ਕਿਹਾ ਕਿ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੂੰ ਕਾਨੂੰਨ ਦੁਆਰਾ ਵਧੇਰੇ ਜਿੰਮੇਵਾਰ ਤੇ ਜਵਾਬਦੇਹ ਬਣਾਇਆ ਜਾਵੇ। ਬਾਅਦ ਦੁਪਹਿਰ ਫਲਾਇਡ ਦਾ ਪਰਿਵਾਰ ਬਾਇਡਨ ਤੇ ਹੈਰਿਸ ਨਾਲ ਇਕ ਘੰਟੇ ਦੇ ਕਰੀਬ ਰਿਹਾ। ਪਰਿਵਾਰ ਵਿਚ ਫਲਾਈਡ ਦੀ 7 ਸਾਲਾ ਧੀ ਗਿਅਨਾ, ਉਸ ਦੀ ਪਤਨੀ ਰੌਕਸੀ ਵਾਸ਼ਿੰਗਟਨ, ਫਲਾਇਡ ਦੀ ਭੈਣ ਬ੍ਰਿਜੈਟ ਤੇ ਫਲਾਈਡ ਦੇ 3 ਭਰਾ ਤੇ ਭਤੀਜਾ ਸ਼ਾਮਿਲ ਸੀ।  ਮੀਟਿੰਗ ਉਪਰੰਤ ਫਿਲੋਨਾਇਸ ਫਲਾਇਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਗਿਰਝ ਦੇ ਬਚਾਅ ਲਈ ਕਾਨੂੰਨ ਬਣਾਅ ਸਕਦੇ ਹੋ ਤਾਂ ਤੁਸੀਂ ਸਿਆਹਫਿਆਮ ਲੋਕਾਂ ਦੇ ਬਚਾਅ ਲਈ ਵੀ ਸੰਘੀ ਕਾਨੂੰਨ ਬਣਾ ਸਕਦੇ ਹੋ। ਉਨਾਂ ਨੇ ਕਾਂਗਰਸ ਨੂੰ ਪੁਲਿਸ ਸੁਧਾਰਾਂ ਬਾਰੇ ਕਾਨੂੰਨ ਪਾਸ ਕਰਨ ਲਈ ਕਿਹਾ। ਫਲਾਇਡ ਦੇ ਭਰਾ ਰੋਡਨੀ ਨੇ ਕਿਹਾ ਕਿ ਮੁਲਾਕਾਤ ਦੌਰਾਨ ਬਾਇਡਨ ਤੇ ਹੈਰਿਸ ਨੇ ਸ਼ੋਕ ਪ੍ਰਗਟਾਇਆ ਤੇ ਫਲਾਇਡ ਨੂੰ ਸ਼ਰਧਾਂਜਲੀ ਦਿੱਤੀ।

     

    ਉਨਾਂ ਨੇ ਸਾਨੂੰ ਪੁੱਛਿਆ ਕਿ ਅੱਜ ਕਲ ਕਿਸ ਤਰਾਂ ਚੱਲ ਰਿਹਾ ਹੈ। ਤੁਸੀਂ ਆਪਣਾ ਖਿਆਲ ਰਖ ਰਹੇ ਹੋ, ਇਹ ਵੀ ਪੁੱਛਿਆ ਕਿ ਤੁਸੀਂ ਕਿਸ ਤਰਾਂ ਮਹਿਸੂਸ ਕਰ ਰਹੇ ਹੋ। ਰੋਡਨੀ ਨੇ ਪਰਿਵਾਰ ਪ੍ਰਤੀ ਚਿੰਤਾ ਪ੍ਰਗਟਾਉਣ ਲਈ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦਾ ਧੰਨਵਾਦ ਕੀਤਾ। ਉਪਰੰਤ ਬਾਇਡਨ ਨੇ ਇਕ ਬਿਆਨ ਵਿਚ ਕਿਹਾ ਕਿ ਫਲਾਇਡ ਦੇ ਪਰਿਵਾਰ ਨੇ ਲਾਮਿਸਾਲ ਹੌਂਸਲਾ ਵਿਖਾਇਆ ਹੈ ਵਿਸ਼ੇਸ਼ ਤੌਰ ‘ਤੇ ਉਸ ਦੀ ਨਨੀ ਬੱਚੀ ਗਿਅਨਾ ਨੇ ਜਿਸ ਨੂੰ ਮੈ ਅੱਜ ਦੁਬਾਰਾ ਫਿਰ ਮਿਲਿਆ ਹਾਂ।  ਹੈਰਿਸ ਜਿਸ ਨੇ ਸੈਨੇਟ ਮੈਂਬਰ ਵਜੋਂ ਫਲਾਇਡ ਦੇ ਸਨਮਾਨ ਵਿੱਚ ਬਿੱਲ ਪੇਸ਼ ਕੀਤਾ ਸੀ, ਨੇ ਕਿਹਾ ਕਿ ”ਕਾਂਗਰਸ ਨੂੰ ਬਿੱਲ ਉਪਰ ਤੇਜੀ ਨਾਲ ਕੰਮ ਕਰਨਾ ਚਾਹੀਦਾ ਹੈ। ਹਾਲਾਂ ਕਿ ਬਿੱਲ ਪਾਸ ਹੋਣ ਨਾਲ ਜਾਨਾਂ ਵਾਪਿਸ  ਨਹੀਂ ਆ ਸਕਦੀਆਂ ਪਰੰਤੂ ਇਸ ਨਾਲ ਸਿਆਹਫਿਆਮ ਲੋਕਾਂ ਦੀ ਸੁਰੱਖਿਆ ਲਈ ਲੋੜੀਂਦੀ ਪ੍ਰਗਤੀ ਹੋਵੇਗੀ।” ਉਨਾਂ ਕਿਹਾ ਕਿ ਸਾਨੂੰ ਹਰ ਹਾਲਤ ਵਿਚ ਨਸਲੀ ਅਨਿਆਂ ਨੂੰ ਖਤਮ ਕਰਨਾ ਪਵੇਗਾ। ਇਥੇ ਜਿਕਰਯੋਗ ਹੈ ਕਿ ਬਾਇਡਨ ਪਿਛਲੇ ਸਾਲ ਰਾਸ਼ਟਰਪਤੀ ਦੀ ਚੋਣ ਮੁਹਿੰਮ ਤੋਂ ਲੈ ਕੇ ਨਿਰੰਤਰ ਫਲਾਇਡ ਦੇ ਪਰਿਵਾਰ ਦੇ ਸੰਪਰਕ ਵਿਚ ਰਹੇ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img