22 C
Amritsar
Thursday, March 23, 2023

ਫ਼ਲਾਇੰਗ ਸਿੱਖ ਮਿਲਖਾ ਸਿੰਘ ਤੇ ਪਤਨੀ ਦੀ ਹਾਲਤ ਸਥਿਰ, ਥੋੜ੍ਹਾ ਸੁਧਾਰ, ਪਰਿਵਾਰ ਨੇ ਅਫ਼ਵਾਹਾਂ ’ਤੇ ਕੰਨ ਨਾ ਧਰਨ ਲਈ ਕਿਹਾ

Must read

ਚੰਡੀਗੜ੍ਹ: ਮਹਾਨ ਐਥਲੀਟ ‘ਫ਼ਲਾਇੰਗ ਸਿੱਖ’ ਮਿਲਖਾ ਸਿੰਘ ਨੂੰ ਲੈ ਕੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਹਸਪਤਾਲ ਨੇ ਜਾਣਕਾਰੀ ਦਿੱਤੀ ਹੈ ਕਿ ਮਿਲਖਾ ਸਿੰਘ ਦੀ ਹਾਲਤ ਲਗਾਤਾਰ ਸਥਿਰ ਬਣੀ ਹੋਈ ਹੈ। ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਹੁਰਾਂ ਦੀ ਹਾਲਤ ਵੀ ਸਥਿਰ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਸਨਿੱਚਰਵਾਰ ਸ਼ਾਮੀਂ ਮਿਲਖਾ ਸਿੰਘ ਬਾਰੇ ਸੋਸ਼ਲ ਮੀਡੀਆ ਉੱਤੇ ਅਫ਼ਵਾਹਾਂ ਦਾ ਦੌਰ ਚੱਲ ਗਿਆ ਸੀ।

ਮਿਲਖਾ ਸਿੰਘ ਤੇ ਉਨ੍ਹਾਂ ਦੀ ਪਤਨੀ ਦਾ ਚੰਡੀਗੜ੍ਹ ਦੇ ਵੱਖੋ-ਵੱਖਰੇ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਮਿਲਖਾ ਸਿੰਘ ਦਾ ਪਰਿਵਾਰ ਅਜਿਹੀਆਂ ਅਫ਼ਵਾਹਾਂ ਤੋਂ ਡਾਢਾ ਦੁਖੀ ਹੈ ਕਿ ‘ਇਹ ਮਹਾਨ ਅਥਲੀਟ ਕੋਰੋਨਾ ਆਪਣੀ ਜ਼ਿੰਦਗੀ ਦੀ ਦੌੜ ਹਾਰ ਗਿਆ ਹੈ।’

ਮਿਲਖਾ ਸਿੰਘ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰ ਕੇ ਅਫ਼ਵਾਹਾਂ ਦਾ ਖੰਡਨ ਕੀਤਾ ਹੈ। ਪਰਿਵਾਰ ਨੇ ਕਿਹਾ ਹੈ ਕਿ ਮਿਲਖਾ ਸਿੰਘ ਜੀ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਉਹ ਹਾਲੇ ਵੀ ਆਕਸੀਜਨ ’ਤੇ ਹਨ। ਨਿਰਮਲ ਮਿਲਖਾ ਦਾ ਇਸ ਬੀਮਾਰੀ ਨਾਲ ਬਹਾਦਰੀ ਨਾਲ ਲੜਨਾ ਜਾਰੀ ਹੈ। ਅਫ਼ਵਾਹਾਂ ਉੱਤੇ ਧਿਆਨ ਨਾ ਦੇਵੋ। ਇਹ ਝੂਠੀਆਂ ਖ਼ਬਰਾਂ ਹਨ। ਤੁਹਾਡੀਆਂ ਨਿਰੰਤਰ ਪ੍ਰਾਰਥਨਾਵਾਂ ਤੇ ਸ਼ੁਭ-ਕਾਮਨਾਵਾਂ ਲਈ ਬਹੁਤ-ਬਹੁਤ ਧੰਨਵਾਦ। ਅਸੀਂ ਸ਼ੁਕਰਗੁਜ਼ਾਰ ਹਾਂ।

ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਨੇ ਵੀ ਮਿਲਾ ਸਿੰਘ ਦਾ ਹੈਲਥ ਅਪਡੇਟ ਜਾਰੀ ਕੀਤਾ ਹੈ। ਹਸਪਤਾਲ ਨੇ ਕਿਹਾ ਹੈ ਕਿ 91 ਸਾਲਾਂ ਦੇ ਮਿਲਖਾ ਸਿੰਘ ਦੀ ਹਾਲਤ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮਿਲਖਾ ਸਿੰਘ ਨੂੰ ਮੋਹਾਲੀ ਦੇ ਫ਼ੌਰਟਿਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਬੀਤੇ ਹਫ਼ਤੇ ਉੱਥੋਂ ਉਨ੍ਹਾਂ ਨੂੰ ਛੁੱਟੀ ਮਿਲ ਗਈ ਸੀ।

82 ਸਾਲਾਂ ਦੇ ਨਿਰਮਲ ਕੌਰ ਹਾਲੇ ਵੀ ਆਈਸੀਯੂ ’ਚ ਹਨ ਤੇ ਫ਼ੌਰਟਿਸ ਵਿੱਚ ਹੀ ਆਬਜ਼ਰਵੇਸ਼ਨ ਅਧੀਨ ਹਨ। ਕੋਰੋਨਾ ਨਿਮੋਨੀਆ ਤੋਂ ਪੀੜਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਸੀ। ਨਿਰਮਲ ਸਿੰਘ ਦੇ ਹੈਲਥ ਅਪਡੇਟ ਵਿੱਚ ਕਿਹਾ ਗਿਆ ਹੈ ਕਿ ਨਿਰਮਲ ਕੌਰ ਦੀ ਹਾਲਤ ਸਥਿਰ ਹੈ। ਪਰਿਵਾਰ ਉਨ੍ਹਾਂ ਦੀ ਸਿਹਤ ਸਬੰਧੀ ਚੱਲ ਰਹੀਆਂ ਅਫ਼ਵਾਹਾਂ ਨੂੰ ਨਕਾਰਦਾ ਹੈ।

- Advertisement -spot_img

More articles

- Advertisement -spot_img

Latest article