ਜ਼ਿਲ੍ਹੇ ਦਾ ਪਹਿਲਾ ਇਕ ਹਜਾਰ ਵਿਦਿਆਰਥੀਆਂ ਵਾਲਾ ਸਕੂਲ ਬਣਿਆ ਕੋਟ ਖਾਲਸਾ ਸਕੂਲ

11

ਵਿਭਾਗੀ ਗਤੀਵਿਧੀਆਂ ਤੇ ਸਕੂਲ਼ ਅਧਿਆਪਕਾਂ ਦੀ ਮਿਹਨਤ ਨੇ ਰੰਗ ਦਿਖਾਇਆ – ਸਿੱਖਿਆ ਅਧਿਕਾਰੀ

Italian Trulli

ਅੰਮ੍ਰਿਤਸਰ, 16 ਜੂਨ (ਗਗਨ ਅਜੀਤ ਸਿੰਘ) -ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਏ ਜਾਣ ਨਾਲ ਜਿਥੇ ਅਧਿਆਪਕ ਵਰਗ ਉਤਸ਼ਾਹਿਤ ਨਜਰ ਆ ਰਿਹਾ ਹੈ ਉਥੇ ਹੀ ਸਮਾਜ ਦੇ ਵੱਖ ਵੱਖ ਲੋਕਾਂ ਦਾ ਵਿਸਵਾਸ਼ ਸਰਕਾਰੀ ਸਕੂਲਾਂ ਅੰਦਰ ਮੁੜ ਬਹਾਲ ਹੋਇਆ ਹੈ।ਜਿਸਦੀ ਤਾਜਾ ਮਿਸਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਖਾਲਸਾ ਤੋਂ ਮਿਲਦੀ ਹੈ ਜਿਥੇ ਵੱਡੀ ਗਿਣਤੀ ਵਿੱਚ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲ ਵਿੱਚ ਦਾਖਿਲ ਕਰਵਾਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਾਖਲਾ ਮੁਹਿੰਮ ਪੰਜਾਬ ਦੇ ਸਟੇਟ ਕੋਆਰਡੀਨੇਟਰ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ, ਸੁਸ਼ੀਲ਼ ਕੁਮਾਰ ਤੁੱਲੀ ਜ਼ਿਲ਼੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ, ਸ਼੍ਰੀਮਤੀ ਰੇਖਾ ਮਹਾਜਨ ਉੱਪ ਜ਼ਿਲ਼੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਖਾਲਸਾ ਜ਼ਿਲ੍ਹਾ ਅੰਮ੍ਰਿਤਸਰ ਦਾ ਪਹਿਲਾ ਪ੍ਰਾਇਮਰੀ ਸਕੂਲ ਬਣਿਆ ਹੈ ਜਿਥੇ ਪੜ ਰਹੇ ਵਿਦਿਆਰਥੀਆਂ ਦੀ ਗਿਣਤੀ ਇਕ ਹਜਾਰ ਦੇ ਅੰਕੜੇ ਨੂੰ ਪਾਰ ਕਰ ਗਈ।

ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਮੁਹੱਈਆ ਕਰਵਾਈਆਂ ਗਈਆਂ ਸਹੂਲਤਾਂ, ਮਜ਼ਬੂਤ ਮੁਢਲਾ ਬੁਨਿਆਦੀ ਢਾਂਚਾ ਅਤੇ ਵਿਦਿਆਰਥੀ ਹਿੱਤ ਵਿੱਚ ਚਲਾਈਆਂ ਵੱਖ ਵੱਖ ਸਕੀਮਾਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਚਲਾਈਆਂ ਵਿਦਿਅਕ ਗਤੀਵਿਧੀਆਂ ਕਾਰਨ ਨਿੱਜੀ ਸਕੂਲਾਂ ਤੋਂ ਕਿਨਾਰਾ ਕਰਦਿਆਂ ਸਰਕਾਰੀ ਸਕੂਲਾਂ ਪ੍ਰਤੀ ਆਪਣਾ ਵਿਸਵਾਸ਼ ਪ੍ਰਗਾਟਾਇਆ ਜਿਸਨੂੰ ਵਿਭਾਗ ਵਲੋ ਹਰ ਕੀਮਤ ਤੇ ਕਾਇਮ ਰੱਖਿਆ ਜਾਵੇਗਾ। ਇਸ ਸਮੇਂ ਗਲਬਾਤ ਕਰਦਿਆਂ ਸਕੂਲ ਮੁਖੀ ਸ਼੍ਰੀਮਤੀ ਕਮਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਅਗਵਾਈ ਹੇਠ ਸਕੂਲ ਅਧਿਆਪਕਾਂ ਵਲੋਂ ਨੱਕੜ ਨਾਟਕ, ਘਰ ਘਰ ਰਾਬਤਾ, ਵਿਦਿਅਕ ਰੈਲੀਆਂ ਅਤੇ ਮਾਪੇ ਅਧਿਆਪਕ ਮਿਲਣੀਆਂ ਰਾਹੀਂ ਆਮ ਜਨਤਾ ਨੂੰ ਸਿੱਖਿਆ ਵਿਭਾਗ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਇਆ ਗਿਆ ਜਿਸ ਤੋਂ ਉਤਸ਼ਾਹਿਤ ਮਾਪਿਆਂ ਦਾ ਉਨਾਂ ਦੇ ਸਕੂਲ ਪ੍ਰਤੀ ਵਿਸਵਾਸ਼ ਵਧਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਦੇ ਸਕੂਲ ਵਿੱਚ 826 ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਸਨ ਪਰ ਅੱਜ ਉਨ੍ਹਾਂ ਦੇ ਸਕੂਲ ਲਈ ਬੁਹਤ ਮਾਣ ਵਾਲੀ ਗੱਲ ਹੈ ਕਿ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 1000 ਨੂੰ ਪਾਰ ਕਰਦਿਆਂ ਜਿਲ਼੍ਹਾ ਪੱਧਰੀ ਰਿਕਾਰਡ ਕਾਇਮ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਸਹਾਇਕ ਕੋਆਰਡੀਨੇਟਰ, ਪਰਮਿੰਦਰ ਸਿੰਘ ਜ਼ਿਲ਼੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਕੁਮਾਰ ਮੰਗੋਤਰਾ ਸੋਸ਼ਲ ਮੀਡੀਆ ਕੋਆਰਡੀਨੇਟਰ, ਸਰਬਜੀਤ ਕੌਰ, ਸੁਖਵਿੰਦਰ ਕੌਰ, ਅਮਨਦੀਪ ਕੌਰ, ਸੁਖਪ੍ਰੀਤ ਕੌਰ, ਰਵੀ ਭਾਰਦਵਾਜ ਹਾਜਰ ਸਨ।