ਜ਼ਿਲ੍ਹਾ ਤਰਨਤਾਰਨ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀ ਲੰਗਰ ਨੂੰ ਮਿਲਿਆ ਭਰਵਾਂ ਹੁੰਗਾਰਾ

99

ਤਰਨਤਾਰਨ, 16 ਜੁਲਾਈ (ਬੁਲੰਦ ਆਵਾਜ ਬਿਊਰੋ) – ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਲਾਇਬਰੇਰੀ ਲੰਗਰ ਦੀ ਸ਼ੁਰੂਆਤ ਨਾਲ ਵਿਭਾਗ ਨੇ ਇੱਕ ਨਿਵੇਕਲੀ ਕਿਸਮ ਦੀ ਪਹਿਲਕਦਮੀ ਕੀਤੀ ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਸਮੂਹ ਸਰਕਾਰੀ ਸਕੂਲਾਂ ਦੁਆਰਾ ਬਹੁਤ ਹੀ ਤਾਂਘ ਅਤੇ ਉਤਸ਼ਾਹ ਨਾਲ ਨਿਭਾਈ ਗਈ ਜਿਸ ਦਾ ਸਦਕਾ ਵੱਖ-ਵੱਖ ਸਹਿ-ਵਿੱਦਿਅਕ ਗਤੀਵਿਧੀਆਂ ਤੋਂ ਬਾਅਦ ਸਿੱਖਿਆ ਵਿਭਾਗ ਇੱਕ ਵਿਲੱਖਣ ਛਾਪ ਛੱੱਡ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਸਾਰੇ ਸਕੂਲਾਂ ਦੁਆਰਾ ਇਹ ਉੱਦਮ 15 ਜੁਲਾਈ ਨੂੰ ਕੀਤਾ ਗਿਆ ਹੈ, ਜਿਸ ਲਈ ਸਮੁੱਚਾ ਅਧਿਆਪਕ ਵਰਗ ਵਧਾਈ ਦਾ ਪਾਤਰ ਹੈ। ਘਰ ਬੈਠੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਅਤੇ ਉਨ੍ਹਾਂ ਨੂੰ ਕਿਤਾਬਾਂ ਦੀ ਮਹੱਤਤਾ ਤੋਂ ਜਾਣੂੂੰ ਕਰਵਾਉਣ ਲਈ ਅਧਿਆਪਕਾਂ ਦਾ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ।

Italian Trulli

ਸ਼੍ਰੀ ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਵੱਲੋਂ ਇਸ ਮੌਕੇ ਵੱਖ-ਵੱਖ ਸਕੂਲਾਂ ਵਿੱਚ ਪਹੁੰਚ ਕੇ ਲਾਇਬ੍ਰੇਰੀ ਲੰਗਰ ਦੇ ਸੰਚਾਲਨ ਦਾ ਜਾਇਜ਼ਾ ਲਿਆ ਗਿਆ, ਜਿਸ ਤਹਿਤ ਉਹਨਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੰਘੇ, ਸਰਕਾਰੀ ਪ੍ਰਾਇਮਰੀ ਸਕੂਲ ਚਾਰ ਖੰਭਾਂ ਚੌਂਕ, ਸਰਕਾਰੀ ਪ੍ਰਾਇਮਰੀ ਸਕੂਲ ਅਲਾਦੀਨਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜੋਧਪੁਰ ਵਿਖੇ ਕਿਤਾਬਾਂ ਲੈਣ ਪਹੁੰਚੇ ਮਾਪਿਆਂ ਦੀ ਸ਼ਲਾਘਾ ਕੀਤੀ ਅਤੇ ਲਾਇਬ੍ਰੇਰੀ ਲੰਗਰ ਦੀ ਮਹੱਤਤਾ ਅਤੇ ਕਿਤਾਬਾਂ ਦੀ ਜ਼ਿੰਦਗੀ ਵਿੱਚ ਮਹੱਤਵ ਨੂੰ ਸਮਝਾਇਆ।
ਉਹਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਹਰ ਵਿਦਿਆਰਥੀ ਤੱਕ ਲਾਇਬਰੇਰੀ ਦੀ ਕਿਤਾਬ ਦਾ ਪਹੁੰਚਾਉਣਾ ਹੀ ਇਸ ਮੁਹਿੰਮ ਦਾ ਮਕਸਦ ਹੈ । ਸ਼੍ਰੀ ਪਰਮਜੀਤ ਸਿੰਘ ਨੇ ਕਿਹਾ ਕਿ ਲਾਇਬਰੇਰੀ ਲੰਗਰ ਦੀ ਇਸ ਮੁਹਿੰਮ ਨੂੰ ਲੈ ਕੇ ਪ੍ਰਿੰਸੀਪਲ, ਹੈੱਡਮਾਸਟਰ, ਸੀਐਚਟੀਜ਼, ਐਚਟੀਜ਼, ਸਕੂਲ ਇੰਚਾਰਜ਼ ਅਤੇ ਅਧਿਆਪਕਾਂ ਵਿੱਚ ਬੜਾ ਉਤਸ਼ਾਹ ਹੈ।ਉਹ ਵਿਦਿਆਰਥੀਆਂ ਨੂੰ ਕਿਤਾਬ ਸੱਭਿਆਚਾਰ ਵੱਲ ਲੈ ਕੇ ਜਾਣ ਲਈ ਉਤਾਵਲੇ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਦੇ ਭਵਿੱਖ ਵਿੱਚ ਸ਼ਾਨਦਾਰ ਸਿੱਟੇ ਨਿਕਲਣਗੇ।ਜੇਕਰ ਅਸੀਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਵਿੱਚ ਕਾਮਯਾਬ ਹੋ ਜਾਂਦੇ ਹਾ ਤਾਂ ਸਾਡੇ ਵਿਦਿਆਰਥੀ ਸਮਾਜਿਕ ਅਲਾਮਤਾਂ ਤੋਂ ਬਚਦੇ ਹੋਏ ਆਪਣੇ ਭਵਿੱਖ ਵੱਲ ਵਧਣਗੇ ਅਤੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਸਾਬਤ ਹੋਣਗੇ। ਉਹਨਾਂ ਨੇ ਦੱਸਿਆ ।