More

  ਹਿੰਦੂ ਸਾਮਰਾਜ ਅਤੇ ਧਰਮ ਤਬਦੀਲੀ

  ਪ੍ਰਭਸ਼ਰਨਦੀਪ ਸਿੰਘ

  ਮੁੱਢ-ਕਦੀਮ ਤੋਂ ਹੀ ਸਾਮਰਾਜੀ ਤਾਕਤਾਂ ਹੋਰ ਲੋਕਾਂ ਦੇ ਇਲਾਕਿਆਂ ‘ਤੇ ਕਬਜ਼ਾ ਕਰ ਸਥਾਨਕ ਲੋਕਾਂ ਦੀ ਧਰਮ ਤਬਦੀਲੀ ਕਰ ਉਹਨਾਂ ਨੂੰ ਆਪਣੇ, ਸੱਤਾਧਾਰੀ ਜਾਂ ਬਸਤੀਵਾਦੀ ਧਿਰ ਦੇ, ਧਰਮ ਦੇ ਪੈਰੋਕਾਰ ਬਣਾਉਂਦੀਆਂ ਰਹੀਆਂ ਹਨ। ਮੁਸਲਮਾਨ ਹਾਕਮਾਂ ਨੇ ਜ਼ਬਰਦਸਤੀ ਧਰਮ ਤਬਦੀਲੀ ਕੀਤੀ ਪਰ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੂਫੀ ਫਕੀਰਾਂ ਦੇ ਪ੍ਰਭਾਵ ਹੇਠ ਵੀ ਇਸਲਾਮ ਧਾਰਨ ਕੀਤਾ। ਅੰਗਰੇਜ਼ ਅਤੇ ਯੂਰਪੀ ਬਸਤੀਵਾਦੀਆਂ ਨੇ ਬਹੁਤ ਸੁਲਝੇ ਹੋਏ ਹੱਥਕੰਡੇ ਵਰਤ ਕੇ ਬਸਤੀਆਂ ਦੇ ਮੂਲ ਨਿਵਾਸੀਆਂ ਨੂੰ ਇਸਾਈ ਬਣਾਉਣ ਦੀਆਂ ਕਾਮਯਾਬ ਮੁਹਿੰਮਾਂ ਚਲਾਈਆਂ।

  ੧੯੪੭ ਤੋਂ ਦੱਖਣੀ ਏਸ਼ੀਆਈ ਉਪ-ਮਹਾਂਦੀਪ ਹਿੰਦੂਆਂ ਦੇ ਕਬਜ਼ੇ ਹੇਠ ਹੈ ਤੇ ਹਿੰਦੂ ਇੱਥੋਂ ਦੀਆਂ ਘੱਟਗਿਣਤੀਆਂ ਨੂੰ ਹਿੰਦੂ ਮੱਤ ਵਿੱਚ ਜਜ਼ਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਮੌਜੂਦਾ ਨਾਗਰਿਕਤਾ ਸੋਧ ਕਾਨੂੰਨ (੨੦੧੯) ਘੱਟਗਿਣਤੀਆਂ ਨੂੰ ਹਿੰਦੂ ਬਣਾਉਣ ਦੇ ਮਨਸੂਬੇ ਨਾਲ਼ ਹੀ ਘੜਿਆ ਗਿਆ ਹੈ। ਹਾਲ ਦੀ ਘੜੀ ਇਸ ਦਾ ਮੁੱਖ ਨਿਸ਼ਾਨਾ ਮੁਸਲਮਾਨ ਹਨ। ਮੌਜੂਦਾ ਹਿੰਦੁਸਤਾਨ ਨਾਜ਼ੀ ਜਰਮਨੀ ਵਾਂਗ ਕੰਨਸਨਟਰੇਸ਼ਨ ਕੈਂਪ ਉਸਾਰ ਰਿਹਾ ਹੈ। ਹਿੰਦੁਸਤਾਨ ਦੀ ਕੇਂਦਰੀ ਹਕੂਮਤ ਨੇ ਸੂਬਾ ਸਰਕਾਰਾਂ ਨੂੰ ਆਪੋ-ਆਪਣੇ ਸੂਬਿਆਂ ਵਿੱਚ ਕੰਨਸਨਟਰੇਸ਼ਨ ਕੈਂਪ ਉਸਾਰਨ ਦੇ ਹੁਕਮ ਦੇ ਦਿੱਤੇ ਹਨ। ਮੁਸਲਮਾਨਾਂ ਨੂੰ ਕੰਨਸਨਟਰੇਸ਼ਨ ਕੈਂਪਾਂ ਵਿੱਚ ਸਿੱਟਣ ਤੋਂ ਬਾਅਦ ਜ਼ੁਲਮ ਦਾ ਦੌਰ ਸ਼ੁਰੂ ਹੋਵੇਗਾ ਜਿਸ ਨਾਲ਼ ਮੁਸਲਮਾਨ ਆਬਾਦੀ ‘ਤੇ ਦਬਾਅ ਬਣਾਇਆ ਜਾਵੇਗਾ, ਜਿਸ ਦੇ ਸਿੱਟੇ ਵਜੋਂ ਮੁਸਲਮਾਨ ਭਾਈਚਾਰੇ ਦੇ ਕਮਜ਼ੋਰ ਹਿੱਸੇ ਧਰਮ ਤਬਦੀਲ ਕਰਕੇ ਹਿੰਦੂ ਬਣ ਸਕਦੇ ਹਨ। ਇਸ ਤੋਂ ਬਾਅਦ ਸਿੱਖਾਂ ਦੀ ਵਾਰੀ ਆਉਣੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਪਹਿਲਾਂ ਹੀ ਭਾਰਤੀ ਹਕੂਮਤ ਦੀ ਹਿੰਸਾ ਦਾ ਨਿਸ਼ਾਨਾ ਬਣ ਚੁੱਕੇ ਹਨ ਜਿਸ ਸਦਕਾ ਉਹਨਾਂ ਨੂੰ ਨਸਲਕੁਸ਼ੀ, ਲੁੱਟ, ਤੇ ਬਰਬਾਦੀ ਝੱਲਣੀ ਪਈ ਹੈ, ਪਰ ਆਉਣ ਵਾਲ਼ਾ ਸਮਾਂ ਸਿੱਖਾਂ ਲਈ ਬਹੁਤ ਹੀ ਭਿਆਨਕ ਹੋਵੇਗਾ। ਲੱਖਾਂ ਸਿੱਖ ਨੌਜੁਆਨ ਮੁੰਡੇ ਕੁੜੀਆਂ ਪਿਛਲੇ ਕੁੱਝ ਕੁ ਵਰ੍ਹਿਆਂ ਵਿੱਚ ਪਰਵਾਸ ਕਰ ਚੁੱਕੇ ਹਨ। ਹਰ ਸਾਲ ਲੱਖਾਂ ਹੋਰ ਤੁਰੇ ਜਾ ਰਹੇ ਹਨ। ਅੱਜ ਤੋਂ ਵੀਹਾਂ ਸਾਲਾਂ ਨੂੰ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ੧੦ ਤੋਂ ੧੫ ਫੀਸਦੀ ਤੱਕ ਰਹਿ ਜਾਣ ਦਾ ਆਧਾਰ ਤਿਆਰ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ, ਸਿੱਖਾਂ ਦਾ ਸਭ ਤੋਂ ਵੱਡਾ ਸਿਆਸੀ ਧੜਾ, ਅੱਜ ਹਿੰਦੂਤਵੀ ਤਾਕਤਾਂ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ। ਸੋਚ ਕੇ ਵੇਖੋ, ਵੀਹਾਂ ਸਾਲਾਂ ਨੂੰ ਕੀ ਹੋਵੇਗਾ।

  ਹਿੰਦੂ ਸੁਪਨੇ ਲੈ ਰਹੇ ਹਨ ਕਿ ਵੀਹਾਂ ਸਾਲਾਂ ਨੂੰ ਉਹ ਸਿੱਖਾਂ ਨੂੰ ਹਿੰਦੂਮੱਤ ਵਿੱਚ ਜਜ਼ਬ ਕਰ ਕੇ, ਉਹਨਾਂ ਨੂੰ ਦਲਿਤ ਵਰਗ ਵਿੱਚ ਸ਼ਾਮਲ ਕਰ ਕੇ, ਦਿਨ-ਰਾਤ ਉਹਨਾਂ ਨੂੰ ਕੁੱਤਿਆਂ ਵਾਂਗ ਦੁਰਕਾਰਿਆ ਕਰਨਗੇ। ਹਿੰਦੂਆਂ ਦਾ ਇਹ ਸੁਪਨਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਧਰਮ ਤਬਦੀਲੀ ਕੋਈ ਨਵਾਂ ਵਰਤਾਰਾ ਨਹੀਂ, ਬੱਸ ਆਉਣ ਵਾਲ਼ੇ ਸਮੇਂ ਵਿੱਚ ਇਹ ਜ਼ਿਆਦਾ ਵੱਡੇ ਪੱਧਰ ‘ਤੇ ਹੋਵੇਗਾ ਜਦੋਂ ਕਿ ਘੱਟਗਿਣਤੀਆਂ ਬਹੁਤ ਵੱਡੀਆਂ ਨਸਲਕੁਸ਼ੀਆਂ, ਭੁੱਖਮਰੀ, ਤੇ ਬਿਮਾਰੀਆਂ ਨਾਲ਼ ਭੰਨੀਆਂ ਜਾ ਚੁੱਕੀਆਂ ਹੋਣਗੀਆਂ।

  ਇੱਥੇ ਇਹ ਜ਼ਿਕਰਯੋਗ ਹੈ ਕਿ ਸਿੱਖਾਂ ਵਿੱਚ ਹਿੰਦੂ ਬਣਨ ਦਾ ਰੁਝਾਨ ਇੱਕ ਅਰਸੇ ਤੋਂ ਪਹਿਲਾਂ ਹੀ ਚੱਲ ਰਿਹਾ ਹੈ। ਹਿੰਦੂ ਮੱਤ ਦੀਆਂ ਬਹੁਤ ਸਾਰੀਆਂ ਸੰਪਰਦਾਵਾਂ ਹਨ ਜਿਨ੍ਹਾਂ ਵਿੱਚੋਂ ਇੱਕ ਬਹੁਤੀ ਵਾਰ ਲੁਕੀ ਰਹਿ ਜਾਂਦੀ ਹੈ। ਇਸ ਸੰਪਰਦਾ ਦਾ ਨਾਮ ਹੈ ਸੈਕੂਲਰ-ਲਿਬਰਲ ਹਿੰਦੂਵਾਦ। ਸੈਕੂਲਰ-ਲਿਬਰਲ ਹਿੰਦੂਵਾਦ ਘੱਟ ਗਿਣਤੀਆਂ ਨੂੰ ਹਿੰਦੂ ਮੱਤ ਵਿੱਚ ਜਜ਼ਬ ਕਰਨ ਦਾ ਪਹਿਲਾ ਪੜਾਅ ਹੈ। ਪੰਜਾਬ ਦੇ ਬਹੁਤ ਸਾਰੇ ਖੱਬੇਪੱਖੀ ਅਤੇ ਲਿਬਰਲ ਪਹਿਲਾਂ ਹੀ ਹਿੰਦੂਵਾਦ ਦੇ ਇਸ ਰੂਪ ਨੂੰ ਅਪਣਾ ਚੁੱਕੇ ਹਨ। ਹੌਲ਼ੀ-ਹੌਲ਼ੀ ਇਹ ਬੰਦੇ ਓਸ਼ੋ ਅਤੇ ਹੋਰ ਨਵੀਆਂ ਲਹਿਰਾਂ ਰਾਹੀਂ ਯੋਗ ਅਤੇ ਵੇਦਾਂਤ ਨੂੰ ਵੀ ਅਪਣਾ ਚੁੱਕੇ ਹਨ। ਸਿੱਖ ਪਿਛੋਕੜ ਵਾਲੇ ਪੰਜਾਬੀ ਮਾਰਕਸੀਆਂ ਦੀ ਸਿੱਖੀ ਅਤੇ ਸਿੱਖਾਂ ਨਾਲ਼ ਘੋਰ ਨਫਰਤ ਦਾ ਕਾਰਨ ਉਹਨਾਂ ਦਾ ਅੰਦਰੋਂ ਹਿੰਦੂ ਹੋ ਜਾਣਾ ਹੈ। ਅੱਜ ਭਾਰਤੀ ਮਾਰਕਸਵਾਦੀਆਂ ਦੇ ਬਹੁਤੇ ਧੜੇ ਸੈਕੂਲਰ-ਲਿਬਰਲ ਹਿੰਦੂਵਾਦ ਦੀਆਂ ਲਘੂ ਸੰਪਰਦਾਵਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਧਰਮ ਤਬਦੀਲੀ ਦਾ ਇਹ ਵਰਤਾਰਾ ਸੈਕੂਲਰ ਹੋਣ ਦਾ ਦਾਅਵਾ ਕਰਨ ਵਾਲ਼ੀ ਕਾਂਗਰਸ ਦੇ ਰਾਜ ਵਿੱਚ ਹੋਇਆ ਹੈ। ਮੌਜੂਦਾ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੀ ਲਹਿਰ ਖੱਬੇਪੱਖੀਆਂ ਦੇ ਕਾਬੂ ਵਿੱਚ ਹੈ ਜਿਹੜੇ ਕਿ ਪਹਿਲਾਂ ਹੀ ਹਿੰਦੂ ਹੋ ਚੁੱਕੇ ਹਨ। ਇਸ ਲਈ ਇਸ ਲਹਿਰ ਦਾ ਕੋਈ ਭਵਿੱਖ ਨਹੀਂ। ਪੰਜਾਬ ਵਿੱਚੋਂ ਸਿੱਖਾਂ ਦੇ ਉਜਾੜੇ ਦਾ ਆਧਾਰ ਖੱਬੇਪੱਖੀਆਂ ਨੇ ਤਿਆਰ ਕੀਤਾ ਹੈ। ਭਵਿੱਖ ਦੀਆਂ ਆਫਤਾਂ ਨਾਲ਼ ਨਜਿੱਠਣ ਲਈ ਸਿੱਖਾਂ ਨੂੰ ਜ਼ਿਆਦਾ ਸੰਜੀਦਾ ਹੋ ਕੇ ਤਿਆਰੀ ਕਰਨੀ ਪੈਣੀ ਹੈ। ਨਾਮ-ਬਾਣੀ ਦੀ ਆਤਮਕ ਕਮਾਈ ਤੋਂ ਬਾਅਦ ਬੌਧਿਕ ਅਤੇ ਸਾਹਿਤਕ ਕੰਮ ਸਭ ਤੋਂ ਵੱਡੀ ਅਹਿਮੀਅਤ ਰੱਖਦਾ ਹੈ। ਇਹ ਸਮਝਣ ਦੀ ਲੋੜ ਹੈ ਕਿ ਜੇ ਸਿੱਖਾਂ ਨੇ ਤਿਆਰੀ ਨਾ ਕੀਤੀ ਤਾਂ ਤਬਾਹੀ ਦਾ ਕੋਈ ਹੱਦ-ਬੰਨਾ ਨਹੀਂ ਰਹਿਣਾ। ੧੯੯੮ ਤੋਂ ਅੱਜ ਤੱਕ ਕਾਂਗੋ ਵਿੱਚ ਸੱਤਰ ਲੱਖ ਤੋਂ ਉੱਤੇ ਮਨੁੱਖੀ ਜਾਨਾਂ ਮੌਤ ਦੇ ਮੂੰਹ ਵਿੱਚ ਧੱਕ ਦਿੱਤੀਆਂ ਗਈਆਂ ਹਨ। ਬਹੁਤੀ ਦੁਨੀਆਂ ਲਈ ਇਹ ਕੋਈ ਖਾਸ ਖਬਰ ਵੀ ਨਹੀਂ ਹੈ। ਇਸ ਲਈ ਆਉਣ ਵਾਲ਼ੇ ਸਮੇਂ ਵਿੱਚ ਸਿੱਖਾਂ ਕੋਲ਼ ਉੱਚ-ਕੋਟੀ ਦੇ ਫਿਲਾਸਫਰ, ਕਵੀ, ਗਲਪਕਾਰ, ਪੱਤਰਕਾਰ, ਵਕੀਲ, ਤੇ ਤਕਨਾਲੋਜੀ ਦੇ ਮਾਹਰ ਹੋਣੇ ਬਹੁਤ ਜ਼ਰੂਰੀ ਹਨ। ਨਹੀਂ ਤਾਂ ਸਿੱਖਾਂ ਨੇ ਵੱਡੇ ਵੀ ਜਾਣਾ ਹੈ ਤੇ ਖਬਰ ਵੀ ਨਹੀਂ ਬਣਨੀ। ਮੁਜ਼ਾਹਰੇ ਕਰਨੇ ਚੰਗੀ ਗੱਲ ਹੈ, ਪਰ ਮੁਜ਼ਾਹਰਿਆਂ ਦੀ ਕਾਰਵਾਈ ਪਾ ਕੇ ਸੁਰਖਰੂ ਹੋ ਕੇ ਸੁੱਤੇ ਰਹਿਣਾ ਆਤਮਘਾਤੀ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img