ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਹਿੰਦੁਸਤਾਨ ਦੀ ਹਕੂਮਤ ਵੀ ਮੁਗ਼ਲ ਹਕੂਮਤ ਵਾਂਗ ਹੀ ਭਾਰਤ ਦੇਸ਼ ਅੰਦਰ ਘੱਟਗਿਣਤੀਆਂ ਨੂੰ ਖਤਮ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਬੇਸ਼ੱਕ ਭਾਰਤ ਦੀ ਸਰਕਾਰ ਸਿੱਧੇ ਤੌਰ ’ਤੇ ਕੁਝ ਨਹੀਂ ਆਖ ਰਹੀ ਹੈ ਪਰ ਅੰਦਰਖਾਤੇ ਘੱਟ ਗਿਣਤੀਆਂ ਨੂੰ ਦਬਾਉਣ ਦੀਆਂ ਅਤੇ ਦੇਸ਼ ਅੰਦਰ ਗ਼ੈਰਹਿੰਦੂਆਂ ਨੂੰ ਨਾ ਰਹਿਣ ਦੇਣ ਦੀਆਂ ਨੀਤੀਆਂ ਦੀ ਸ਼ੁਰੂਆਤ ਮੁਸਲਮਾਨਾਂ ਤੋਂ ਹੋ ਚੁੱਕੀ ਹੈ, ਸਿੱਖਾਂ ਨਾਲ ਵਧੀਕੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ, ਜਦਕਿ ਦਲਿਤ ਵੀ ਇਸ ਕਹਿਰ ਤੋਂ ਨਹੀਂ ਬਚ ਸਕਣਗੇ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਘੱਟ ਗਿਣਤੀਆਂ ਨੂੰ ਮਾਨਸਿਕ ਤੇ ਸਰੀਰਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸਦੀ ਸ਼ੁਰੂਆਤ ਮੁਸਲਮਾਨਾਂ ਤੋਂ ਹੋ ਚੁੱਕੀ ਹੈ ਪਰ ਦਲਿਤਾਂ ਅਤੇ ਸਿੱਖਾਂ ਨਾਲ ਇਹੋ ਕੁਝ ਹੋ ਰਿਹੈ ਹੈ। ਉਹਨਾਂ ਕਿਹਾ ਕਿ ਸਾਡੇ ਧਾਰਮਿਕ ਸਥਾਨ ਖਤਰੇ ‘ਚ ਹਨ, 1-2 ਧਾਰਮਿਕ ਸਥਾਨ ਢਾਹ ਵੀ ਦਿੱਤੇ ਗਏ ਹਨ ਤੇ ਇਹ ਸਭ ਕੁਝ ਧਾਰਮਿਕ ਕੱਟੜਵਾਦ ਹੀ ਹੈ।
ਉਹਨਾਂ ਸਿੱਖ ਸੰਸਥਾਵਾਂ ਵਿਚ ਸਿੱਖ ਵਿਰੋਧੀਆਂ ਦੀ ਘੁਸਪੈਠ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਸੰਸਥਾਵਾਂ ਦੇ ਅੰਦਰ ਬੈਠ ਕੇ ਅਤੇ ਬਾਹਰ ਬੈਠ ਕੇ ਖਤਮ ਕੀਤਾ ਜਾ ਰਿਹਾ ਹੈ। ਸਾਨੂੰ ਅੰਦਰ ਬੈਠੀਆਂ ਕਾਲੀਆਂ ਭੇਡਾਂ ਅਤੇ ਬਾਹਰ ਬੈਠ ਕੇ ਨੁਕਸਾਨ ਕਰ ਰਹੇ ਲੋਕਾਂ ਦੌਰਾਨ ਗੰਢਤੁੱਪ ਦਾ ਸ਼ੱਕ ਹੈ। ਇਸ ਲਈ ਲੋੜ ਹੈ ਕਿ ਧਾਰਮਿਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਬਚਾਉਣਾ ਚਾਹੀਦਾ ਹੈ।
ਜਥੇਦਾਰ ਨੇ ਅਸਿੱਧੇ ਢੰਗ ਦੇ ਨਾਲ ਭਾਰਤ ਦੀ ਹਕੂਮਤ ਨੂੰ ਤਾਕੀਦ ਕੀਤੀ ਕਿ ਧਾਰਮਿਕ ਕੱਟੜਤਾ ਨੇ ਵੱਡੀਆਂ-ਵੱਡੀਆਂ ਹਕੂਮਤਾਂ ਨੂੰ ਨਿਗਲਿਆ ਹੈ। ਧਾਰਮਿਕ ਕੱਟੜਤਾ ਵਾਲਾ ਬੇਸ਼ੱਕ ਸੱਤਾ ਹਾਸਲ ਕਰਨ ‘ਚ ਕਾਮਯਾਬ ਹੋ ਗਿਐ ਪਰ ਕੱਟੜਤਾ ਵਾਲਾ ਰਾਜ ਸਦੀਵੀ ਨਹੀਂ ਰਿਹਾ।
ਸੋਸ਼ਲ ਮੀਡੀਆ ਨੂੰ ਘਾਤਕ ਬਿਮਾਰੀ ਕਰਾਰ ਦਿੰਦਿਆਂ ਜਥੇਦਾਰ ਨੇ ਕਿਹਾ ਕਿ ਅੱਜ ਹਰ ਕੋਈ ਡਾਕਟਰ, ਇੰਜਨੀਅਰ, ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ, ਲੇਖਕ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ਰਾਹੀਂ ਅੱਜ ਜਵਾਨੀ ਬਰਬਾਦੀ ਵੱਲ ਜਾ ਰਹੀ ਹੈ। ਜਥੇਦਾਰ ਨੇ ਕੌਮ ਦੇ ਧੜੇਬੰਦੀਆਂ ‘ਚ ਵੰਡੇ ਬੁੱਧੀਜੀਵੀਆਂ ਨੂੰ ਵਿਦਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸੁਝਾਅ ਭੇਜਣ ਕਿ ਕਿਸ ਤਰ੍ਹਾਂ ਜਵਾਨੀ ਨੂੰ ਇਸ ਤੋਂ ਬਚਾਇਆ ਜਾ ਸਕਦਾ ਹੈ।
ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ