ਡਾ. ਗੁਰੂਮੇਲ ਸਿੰਘ ਸਿੱਧੂ
ਹਿੰਦੂ ਸੰਸਥਾ, ਆਰ. ਐਸ. ਐਸ. (ਹਿੰਦੂਤਵਾ), ਦਾ ਨਾਅਰਾ, “ਹਿੰਦੀ-ਹਿੰਦੂ-ਹਿੰਦੋਸਤਾਨ”, ਇਤਿਹਾਸਿਕ, ਸਭਿਆਚਾਰਿਕ ਅਤੇ ਵਿਗਿਆਨਿਕ ਪੱਖਾਂ ਤੋਂ ਨਿਰਮੂਲ ਅਤੇ ਥੋਥਾ ਹੈ। ਇਹ ਨਾਅਰਾ ਉਹ ਇਸ ਦਲੀਲ ਦੇ ਆਧਾਰ ‘ਤੇ ਲਾਉਂਦੇ ਹਨ ਕਿ,
1. ਇੰਡਸ ਵੈਲੀ ਸਭਿਅਤਾ Indus Valley Civilization) ਸੱਭ ਤੋਂ ਪੁਰਾਨੀ ਹੈ। ਇਸ ਦੇ ਜਨਮਦਾਤ ਆਰੀਆ (Arya) ਲੋਕ ਸਨ ਅਤੇ ਇਸ ਸਭਿਅਤਾ ਦਾ ਨਿਕਾਸ ਤੇ ਵਿਕਾਸ ਹਿੰਦੋਸਤਾਨ ਵਿਚ ਹੋਇਆ।
2. ਵੇਦਾਂ ਦੇ ਗ੍ਰੰਥ ਇਸੇ ਸਭਿਅਤਾ ਦੇ ਕਾਲ ਵਿਚ ਰਚੇ ਗਏ ਜਿਨ੍ਹਾਂ ਦੀ ਭਾਸ਼ਾ ਸੰਸਕ੍ਰਿਤ ਹੈ।
3. ਸੰਸਕ੍ਰਿਤ ਵਿੱਚੋਂ ਹਿੰਦੀ ਭਾਸ਼ਾ ਵਿਗਸੀ ਤੇ ਇਹ ਓਦੋਂ ਤੋਂ ਹਿੰਦੋਸਤਾਨ ਦੀ ਭਾਸ਼ਾ ਚਲੀ ਆਉਂਦੀ ਹੈ।

ਪਰ ਤੱਥ ਉਪਰੋਕਤ ਮਨੌਤਾਂ ਦੇ ਉਲਟ ਹਨ ਜਿਨ੍ਹਾਂ ਦੀ ਤਸਦੀਕ ਪਥਰਾਟ ਵਿਗਿਆਨੀਆਂ (Archaeologists) ਨੇ ਚਿਰਾਂ ਤੋਂ ਕੀਤੀ ਹੋਈ ਹੈ ਅਤੇ ਰਹਿੰਦੀ-ਖੂਹੰਦੀ ਕਸਰ ਜਨੈਟਿਕਸ ਵਿਗਿਆਨ (Genetics) ਦੇ ਤੱਥਾਂ ਨੇ ਕੱਢ ਦਿੱਤੀ ਹੈ। ਸਤੰਬਰ, 2019 ਵਿਚ ਦੋ ਮਸ਼ਹੂਰ ਮੈਗਜ਼ੀਨਾਂ, ‘ਸੈਲ’ (Cell) ਅਤੇ ‘ਸਾਇੰਸ’ (Science), ਵਿਚ ਵੱਖ-ਵੱਖ ਸਭਿਅਤਾਵਾਂ ਦੇ ਵਸਨੀਕਾਂ ਦੇ ਪਿੰਜਰਾਂ ‘ਚੋਂ ਪ੍ਰਾਪਤ ਕੀਤੇ, ਡੀ. ਐਨ. ਏ. (DNA) ਦੀ ਤੁਲਨਾ ਕੀਤੀ ਗਈ ਹੈ। ਇਨ੍ਹਾਂ ਦੇ ਜੀਨਜ਼ (Genes) ਦੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ,
1. ਇੰਡਸ ਵੈਲੀ ਸਭਿਅਤਾ ਬਾਕਈ ਸੱਭ ਤੋਂ ਪੁਰਾਣੀ ਹੈ, ਪਰ ਇਸ ਦੇ ਜਨਮਦਾਤਾ ਆਰੀਆ ਨਹੀਂ, ਅਫਰੀਕਾ ਦੇ ਕਬੀਲੇ ਹਨ।
2. ਇੰਡਸ ਵੈਲੀ ਸਭਿਅਤਾ ਦਾ ਮੁੱਖ ਕੇਂਦਰ ਹੜ੍ਹੱਪਾ (Harappa) ਸ਼ਹਿਰ ਸੀ, ਫਲਸਰੂਪ, ਇਸ ਦਾ ਨਾਂ ‘ਹੜ੍ਹੱਪਾ ਸਭਿਅਤਾ’ ਪੈ ਗਿਆ। ਹੜੱਪਨ ਲੋਕ ਪੜ੍ਹੇ ਲਿਖੇ ਸਨ ਅਤੇ ਡ੍ਰੈਵਿਡੀਅਨ ਭਾਸ਼ਾਵਾਂ Kannada, Telugu, Tulu, Tamil and Malayalam ਬੋਲਦੇ ਸਨ ਜੋ ਅੱਜਕਲ ਦੱਖਣ ਭਾਰਤੀ ਸੂਬਿਆਂ ਵਿਚ ਪ੍ਰਚੱਲਤ ਹਨ। ਹੜੱਪਾ ਸਭਿਅਤਾ ਨੂੰ ਬਰੌਂਜ਼ ਏਜ (Bronze Age) ਸਭਿਅਤਾ ਵੀ ਕਹਿੰਦੇ ਹਨ ਕਿਉਂਕਿ, ਓਦੋਂ ਕਹੇਂ ਦੀ ਧਾਤ ਤੋਂ ਬੁੱਤ ਅਤੇ ਵਰਤਨ ਬਣਾਏ ਜਾਂਦੇ ਸਨ।
3. ਆਰੀਆ ਲੋਕ ਆਖੀਰ ਵਿਚ ਹਿੰਦੋਸਤਾਨ ਪਹੁੰਚੇ ਜੋ ਇੰਡੋ-ਯੂਰਪੀਅਨ ਭਾਸ਼ਾਵਾਂ (Indo-European Languages) ਬੋਲਦੇ ਸਨ ਜਿਨ੍ਹਾਂ ਵਿਚ ਸੰਸਕ੍ਰਿਤ ਵੀ ਸ਼ਾਮਿਲ ਹੈ।
ਆਧੁਨਿਕ ਸਮੇਂ ਵਿਚ ਡੀ. ਐਨ. ਏ. ਦੀ ਗਵਾਹੀ ਪੱਥਰ ‘ਤੇ ਲੀਕ ਵਾਂਗ ਮੰਨੀ ਜਾਂਦੀ ਹੈ। ਇਸ ਗਵਾਹੀ ਦੇ ਆਧਾਰ ‘ਤੇ ਕਈ ਬੇਕਸੂਰ ਲੋਕਾਂ ਦੀ ਫਾਂਸੀ ਅਤੇ ਜੇਲ੍ਹ ਤੋਂ ਮੁਕਤੀ ਹੋਈ ਹੈ ਅਤੇ ਅਦਾਲਤ ਤੋਂ ਬਰੀ ਹੋਏ ਸ਼ੱਕੀ ਅਪਰਾਧੀਆਂ ਨੂੰ ਮੁੜ ਕੇ ਜੇਲ੍ਹ ਵਿਚ ਸੁੱਟਿਆ ਗਿਆ ਹੈ। ਹਿੰਦੂਤਵਾ ਨੂੰ ਵੀ ਚਾਹੀਦਾ ਹੈ ਕਿ ਡੀ. ਐਨ. ਏ. ਦੀ ਗਵਾਹੀ ਦੀ ਲੋਅ ਵਿਚ ਆਪਣੀਆਂ ਥੋਥੀਆਂ ਮਨੌਤਾਂ/ਦਲੀਲਾਂ ਨੂੰ ਵਾਪਸ ਲੈਣ ਅਤੇ “ਹਿੰਦੀ-ਹਿੰਦੂ-ਹਿੰਦੋਸਤਾਨ” ਦੇ ਨਾਅਰੇ ਉੱਤੇ ਲੀਕ ਮਾਰਨ। ਹਿੰਦੂ ਜਾਤੀ ਦੀ ‘ਮੈ ਨਹੀਂ ਮਾਨੂੰ’ ਦੀ ਰਟ ਭਵਿੱਖ ਵਿਚ ਹਾਨੀਕਾਰਕ ਸਿੱਧ ਹੋ ਸਕਦੀ ਹੈ।
ਪੁਰਾਣੀਆਂ ਸਭਿਅਤਾਵਾਂ ਦਾ ਇਤਿਹਾਸ
ਇਤਿਹਾਸਿਕ ਤੌਰ ‘ਤੇ ਹਿੰਦੋਸਤਾਨ ਦੀ ਮੌਜੂਦਾ ਵਸੋਂ ਚਾਰ ਕਿਸਮ ਦੇ ਪੁਰਵ-ਇਤਹਾਸਿਕ (Prehistoric) ਅਵਾਸੀਆਂ (Migrants) ਦਾ ਮਿਲਗੋਭਾ ਹੈ ਜੋ ਵੱਖ-ਵੱਖ ਸੰਮਤਾਂ ਦੌਰਾਨ ਵੱਖ ਖਿਤਿਆਂ ਤੋਂ ਹਿੰਦੋਸਤਾਨ ਵਿਚ ਪਹੁੰਚੇ।
1. ਪਹਿਲੇ ਅਵਾਸੀ ਤਕਰੀਬਨ 65,000 ਸਾਲ ਪਹਿਲਾਂ ਅਫਰੀਕਾ ਤੋਂ ਆਏ। ਇਨ੍ਹਾਂ ਨੇ ‘ਇੰਡਸ ਵੈਲੀ ਸਭਿਅਤਾ’ ਦੀ ਨੀਂਹ ਰੱਖੀ ਜੋ 2600 ਬੀ. ਸੀ. ਤੋਂ 1900 ਬੀ. ਸੀ. ਤਕ ਕਾਇਮ ਰਹੀ।
2. ਦੂਜੇ ਅਵਾਸੀ ਇਰਾਨ ਦੇ ਖਿੱਤੇ, ‘ਜ਼ਾਗਰਸ’ (Zagros- ਇਰਾਨ ਤੋਂ ਟਰਕੀ ਤਕ ਦਾ ਪਹਾੜੀ ਇਲਾਕਾ) ਤੋਂ 7,000-3,000 ਬੀ. ਸੀ. ਦੌਰਾਨ ਹਿੰਦੋਸਤਾਨ ਦੇ ਉੱਤਰ-ਪੱਛਮੀ ਹਿੱਸੇ ਵਿਚ ਪਹੁੰਚੇ ਤੇ ਖੇਤੀਬਾੜੀ ਦਾ ਕਿੱਤਾ ਨਾਲ ਲਿਆਏ। ਇਨ੍ਹਾਂ ਦੀ ਪਹਿਲੇ ਅਵਾਸੀਆਂ ਨਾਲ ਮਿਲਾਵਟ (Mixing) ਹੋਈ ਤੇ ਨਵੀਂ ਨਸਲ ਨੇ ਖੇਤੀਬਾੜੀ ਦੇ ਧੰਦੇ ਪ੍ਰਫੁੱਲਤ ਕੀਤੇ। ਇਹ ਲੋਕ ਜ਼ਿਆਦਾ ਤਰ ਕਣਕ ਅਤੇ ਜੌਆਂ ਦੀ ਫਸਲ ਪੈਦਾ ਕਰਦੇ ਸਨ। ਇਸ ਸਭਿਅਤਾ ਦੀ ਰਾਜਧਾਨੀ ‘ਹੜੱਪਾ’ ਸ਼ਹਿਰ ਸੀ ਜਿਸ ਕਰਕੇ ਇਸ ਨੂੰ (Harappan Civilization) ਵੀ ਕਿਹਾ ਗਿਆ।
3. ਤੀਜੇ ਅਵਾਸੀ 2,000 ਬੀ. ਸੀ. ਵਿਚ ਏਸ਼ੀਆ ਦੇ ਦੱਖਣ–ਪਛਮੀ ਦੇਸ਼ਾਂ ਤੋਂ ਹਿੰਦੋਸਤਾਨ ਪਹੁੰਚੇ। ਇਨ੍ਹਾਂ ਵਿਚ ਜ਼ਿਆਦਾ ਚੀਨ ਦੇ ਇਲਾਕੇ ਤੋਂ ਸਨ ਜੋ ਆਪਣੇ ਨਾਲ ਔਸਟ੍ਰੋਏਸ਼ੀਐਟਿਕ (Austroasiatic) ਭਾਸ਼ਾਵਾਂ ਲਿਆਏ ਜਿਨ੍ਹਾਂ ਵਿਚੋਂ ਦੋ, ਮੁੰਦਾਰੀ ਅਤੇ ਖਾਸੀ (Mundari and Khasi, ਅੱਜ ਵੀ ਹਿੰਦੋਸਤਾਨ ਦੇ ਕੇਂਦਰੀ ਅਤੇ ਪਛਮੀ ਹਿਸਿਆਂ ਵਿਚ ਬੋਲੀਆਂ ਜਾਂਦੀਆਂ ਹਨ।
4. ਚੌਥੀ ਕਿਸਮ ਦੇ ਅਵਾਸੀ ਤਕਰੀਬਨ 2,000-1000 ਬੀ. ਸੀ. ਵਿਚ ਕੇਂਦਰੀ ਏਸ਼ੀਆ (Central Asia) ਤੋਂ ਹਿੰਦੋਸਤਾਨ ਵਿਚ ਆਏ। ਇਹ ਚਰਵਾਹੇ (Pastoralists) ਸਨ ਅਤੇ ਇੰਡੋ-ਯੂਰਪੀਅਨ ਭਾਸ਼ਾਵਾਂ (Indo-European Langiages) ਬੋਲਦੇ ਸਨ। ਇਨ੍ਹਾਂ ਨੇ ਵੈਦਕ ਸਭਿਅਤਾ (Vedic Culture) ਨੂੰ ਜਨਮ ਦਿੱਤਾ। ਇਨ੍ਹਾਂ ਦੀ ਆਮਦ ਨੂੰ ਆਰੀਆ ਲੋਕਾਂ ਦਾ ਧਾਵਾ (Aryan Invasion) ਵੀ ਕਿਹਾ ਜਾਂਦਾ ਹੈ। ਇਸ ਸਮੇਂ (1500-1000 ਬੀ. ਸੀ.) ਦੋਰਾਨ ਵੇਦ ਰਚੇ ਗਏ ਜੋ ਆਮ ਬੋਲਚਾਲ ਦੀ ਸੰਸਕ੍ਰਿਤ ਭਾਸ਼ਾ ਵਿਚ ਹਨ। ਵਿਆਕਰਣ ਗਿਆਤਾ, ਪਾਨਿਨੀ, ਸਮੇਂ ਲੌਕਿਕ ਸੰਸਕ੍ਰਿਤ ‘ਚੋਂ ਸੰਸਕ੍ਰਿਤ ਭਾਸ਼ਾ ਦਾ ਆਗਾਜ਼ ਹੋਇਆ।
ਅੰਤਰ-ਸੰਭੋਗ (Inbreeding) ਰਾਹੀਂ ਪਹਿਲਾਂ ਆਏ ਅਵਾਸੀਆਂ ਅਤੇ ਆਰੀਆ ਲੋਕਾਂ ਵਿਚਕਾਰ ਵੱਡੇ ਪੱਧਰ ‘ਤੇ ਮਿਸ਼ਰਨ ਹੋਇਆ। ਰਾਜਨੀਤਕ ਚੇਤਨਾ ਵਧਣ ਕਰਕੇ ਅਵਾਸੀਆਂ ਦਾ ਵਰਗੀਕਰਨ ਹੋਣਾ ਸ਼ੁਰੂ ਹੋ ਗਿਆ, ਫਲਸਰੂਪ, ਵੱਖ-ਵੱਖ ਗਰੁੱਪਾਂ ਵਿਚਕਾਰ ਮਿਲਾਵਟ ਘਟ ਗਈ ਅਤੇ ਜਾਤੀਵਾਦ (Caste System) ਵੱਧ ਗਿਆ ਗਿਆ। ਮਨੂੰ (Mannu) ਨੇ ਇਸ ਵਸੋਂ ਨੂੰ ਚਾਰ ਜਾਤੀਆਂ ਵਿਚ ਵੰਡਿਆ: ਬ੍ਰਾਹਮਣ (Priests and Teachers), ਕਸ਼ੱਤਰੀ (Wariors and Rulers), ਵੈਸ਼ਿਆ
(Farmers and Traders) ਅਤੇ ਸ਼ੂਦਰ (Labours: street sweepers, latrine cleaners, etc.)। ਮਨੂਸਿਮ੍ਰਤੀ (Manusimrati) ਗ੍ਰੰਥ 1250 ਤੋਂ 1000 ਬੀ. ਸੀ. ਵਿਚਕਾਰ ਲਿਖਿਆ ਗਿਆ ਜਿਸ ਵਿੱਚੋਂ ਇਨ੍ਹਾਂ ਜਾਤੀਆਂ ਬਾਰੇ ਭਰਪੂਰ ਵਾਕਫੀਅਤ ਮਿਲਦੀ ਹੈ। ਮਨੂੰ ਨੇ ਕੰਮਾਂ-ਕਾਰ ਦੇ ਆਧਾਰ ‘ਤੇ ਲੋਕਾਂ ਨੂੰ ਵੰਡਿਆ ਸੀ, ਪਰ ਬ੍ਰਾਹਮਣਾਂ ਨੇ ਇਸ ਵੰਡ ਨੂੰ ਜਾਤੀਵਾਦ ਵਿਚ ਬਦਲ ਦਿੱਤਾ।
ਪਿੰਜਰਾਂ ਵਿੱਚੋਂ ਕੱਢੇ ਡੀ. ਐਨ. ਏ. ਦੀ ਗਵਾਹੀ
ਪਹਿਲਾ ਸਵਾਲ ਇਹ ਹੈ ਕਿ ਸਦੀਆਂ ਪੁਰਾਣੇ ਮਾਨਵੀ ਪਿੰਜਰਾਂ ‘ਚੋਂ ਡੀ. ਐਨ. ਏ. ਕਿਵੇ ਕੱਢਿਆ ਜਾ ਸਕਦਾ ਹੈ? ਬੰਦੇ ਦੇ ਮਰਨ ਨਾਲ ਡੀ. ਐਨ. ਏ. ਵੀ ਨਸ਼ਟ ਹੋ ਜਾਂਦਾ ਹੋਵੇਗਾ। ਪਰ ਤੱਥ ਇਹ ਹੈ ਕਿ ਡੀ. ਐਨ. ਏ. ਦੇ ਕਣ (Molecule) ਦੀ ਬਣਤਰ ਕੁਦਰਤਨ ਸਦੀਆਂ ਤਕ ਸਥਿਰ ਰਹਿੰਦੀ ਹੈ। ਇਸ ਦੇ ਵਿਣਸਨ ਦੀ ਅੱਧੀ ਉਮਰ 521 ਸਾਲ ਹੈ। ਭਾਵ ਇਹ ਕਿ ਜੇ ਪਿੰਜਰ ਧਰਤੀ ਹੇਠਾਂ ਦੱਬਿਆ ਰਹੇ ਤਾਂ ਡੀ. ਐਨ. ਏ. ਦੇ ਹਿੱਸੇ ਇਕ-ਦੂਜੇ ਨਾਲੋਂ 521 ਸਾਲ ਤਕ ਜੁਦਾ ਨਹੀਂ ਹੁੰਦੇ। ਇਸ ਦਾ ਮਤਲਬ ਇਹ ਹੋਇਆ ਕਿ ਪਿੰਜਰ ਦਾ ਡੀ. ਐਨ. ਏ. 6.8 ਮਿਲੀਅਨ ਸਾਲ ਸਥਿਰ ਰਹਿ ਸਕਦਾ ਹੈ। ਵਿਗਿਆਨੀਆਂ ਨੇ ਇਸ ਤੱਥ ਦਾ ਲਾਹਾ ਲੈਂਦਿਆਂ ਡੀ. ਐਨ. ਏ. ਕਣ ਨੂੰ ਪਿੰਜਰਾਂ ਦੀਆਂ ਹੱਡੀਆਂ ਜਾਂ ਦੰਦਾਂ ਵਿਚੋਂ ਕੱਢਿਆ।
ਵਿਗਿਆਨ ਦੇ ਮੈਗਜ਼ੀਨ, ‘ਸੈਲ’ (Cell) ਵਿਚ ਛਪੀ ਪਹਿਲੀ ਰਿਪੋਰਟ ਵਿਚ ਹਰਿਆਣੇ ਦੇ ਰਾਖੀਗੜ੍ਹੀ ਸਥਾਨ ਤੋਂ ਮਿਲੇ ਪਿੰਜਰਾਂ ਦੇ ਡੀ. ਐਨ. ਏ. ਤੋਂ ‘ਇੰਡਸ ਵੈਲੀ ਸਭਿਅਤਾ’ ਅਤੇ ‘ਹੜੱਪਨ ਸਭਿਅਤਾ’ ਦੇ ਵਾਸੀਆਂ ਦਾ ਪਤਾ ਲੱਗਿਆ ਹੈ।
(ਚਿਤਰ-1)।

ਇੰਡਸ ਵੈਲੀ ਸਭਿਅਤਾ ਦੇ ਵੇਲੇ ਦਾ ਪਿੰਜਰ
ਇਸ ਪਿੰਜਰ ਦੇ ਡੀ. ਐਨ. ਏ. ਤੋਂ ਤਸਦੀਕ ਹੁੰਦੀ ਹੈ ਕਿ ਇਹ ਲੋਕ ਅੱਜ ਦੇ ਦੱਖਣੀ ਏਸ਼ੀਆ ਦੇ ਲੋਕਾਂ ਨਾਲ ਮਿਲਦੇ-ਜੁਲਦੇ ਹਨ ਅਤੇ ਇਨ੍ਹਾਂ ਦਾ ਹਿੰਦੋਸਤਾਨ ਦੇ ਦੱਖਣੀ ਭਾਰਤੀ ਪ੍ਰਾਂਤਾਂ ਦੇ ਵਸਨੀਕ ਨਾਲ ਸਿੱਧਾ ਨਾਤਾ ਹੈ। ਇਹ ਲੋਕ ‘ਇੰਡਸ ਵੈਲੀ ਸਭਿਅਤਾ’ ਦੇ ਨਿਰਮਾਤਾ ਸਨ।
ਹਰਿਆਣਾ ਦੇ ਪਿੰਡ ਰਾਖੀਗੜ੍ਹ ਲਾਗਿਉਂ ਮਿਲੇ ਪਿੰਜਰ ਦਾ ਡੀ. ਐਨ. ਏ. ਹੜੱਪਨ ਸਭਿਅਤਾ ਦੇ ਵਸਨੀਕਾਂ ਨਾਲ ਮਿਲਦਾ ਹੈ।
ਰਾਖੀਗੜ੍ਹ (ਹਰਿਆਣਾ) ਵਿਚ ਪੁੱਟਿਆ ਪਿੰਜਰ