More

  ਹਾਕੀ ਖੇਡ ਜਗਤ ਦਾ ਸਿਤਾਰਾ ਬਲਵੀਰ ਸਿੰਘ ਜੂਨੀਅਰ ਸੰਸਾਰਪੁਰੀਆ

  2 ਮਈ, 1932 ਨੂੰ ਜਨਮੇ ਸ. ਬਲਵੀਰ ਸਿੰਘ ਨੇ 6 ਸਾਲ ਦੀ ਉਮਰ ‘ਚ ਆਪਣੇ ਵੱਡੇ ਭਰਾਵਾਂ ਤੋਂ ਪ੍ਰੇਰਿਤ ਹੋ ਕੇ ਹਾਕੀ ਖੇਡਣੀ ਆਰੰਭ ਕੀਤੀ। ਫਿਰ ਲਾਇਲਪੁਰ ਖਾਲਸਾ ਤੇ ਡੀ.ਏ.ਵੀ. ਕਾਲਜ ਜਲੰਧਰ ‘ਚ ਪੜ੍ਹਦਿਆਂ ਉਨ੍ਹਾਂ ਕੌਮੀ ਟੀਮ ‘ਚ ਸ਼ਾਮਲ ਹੋਣ ਵੱਲ ਕਦਮ ਵਧਾਏ। ਜਿਸ ਦੌਰਾਨ ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਕਪਤਾਨੀ ਕੀਤੀ ਅਤੇ 1950 ‘ਚ ਕੌਮੀ ਪੱਧਰ ‘ਤੇ ਪੰਜਾਬ ਵਲੋਂ ਖੇਡਣ ਦਾ ਮਾਣ ਪ੍ਰਾਪਤ ਕੀਤਾ। ਫਿਰ ਭਾਰਤੀ ਰੇਲਵੇ ਵਲੋਂ ਖੇਡਣਾ ਆਰੰਭ ਕੀਤਾ। ਰੇਲਵੇ ਵਲੋਂ ਖੇਡਦਿਆਂ ਉਨ੍ਹਾਂ ਯੂਰਪ ਦੇ ਕਈ ਮੁਲਕਾਂ ਦਾ ਦੌਰਾ ਕੀਤਾ। ਜਿਸ ਦੌਰਾਨ ਸਵਿਟਜ਼ਰਲੈਂਡ, ਸਪੇਨ ਤੇ ਇਟਲੀ ‘ਚ ਮੈਚ ਖੇਡੇ। ਹਾਲੈਂਡ ਖਿਲਾਫ ਟੈਸਟ ਮੈਚ ਵੀ ਖੇਡੇ। ਪਹਿਲੀ ਵਾਰ 1951 ‘ਚ ਅਫਗਾਨਿਸਤਾਨ ਦੌਰੇ ‘ਤੇ ਗਈ ਭਾਰਤੀ ਟੀਮ ਦੇ ਮੈਂਬਰ ਬਣੇ। ਉਨ੍ਹਾਂ ਨੂੰ ਦੇਸ਼ ਦੇ ਮਹਾਨ ਖਿਡਾਰੀਆਂ ਨਾਲ ਹਾਕੀ ਖੇਡਣ ਦਾ ਮੌਕਾ ਮਿਲਿਆ। 1958 ਦੀਆਂ ਟੋਕੀਓ ਏਸ਼ੀਅਨ ਖੇਡਾਂ ਲਈ ਚੁਣੀ ਗਈ ਭਾਰਤੀ ਟੀਮ ‘ਚ ਬਲਵੀਰ ਸਿੰਘ ਜੂਨੀਅਰ ਦੀ ਚੋਣ ਬਲਵੀਰ ਸਿੰਘ ਸੀਨੀਅਰ ਦੇ ਬਦਲ ਵਜੋਂ ਸੈਂਟਰ ਫਾਰਵਰਡ ਦੇ ਤੌਰ ‘ਤੇ ਹੋਈ ਪਰ ਉਨ੍ਹਾਂ ਟੂਰਨਾਮੈਂਟ ‘ਚ ਇਨਸਾਈਡ ਲੈਫਟ ਵਜੋਂ ਵੀ ਸ਼ਾਨਦਾਰ ਖੇਡ ਦਿਖਾਈ।

  ਉਨ੍ਹਾਂ ਨੂੰ ਸ. ਬਲਵੀਰ ਸਿੰਘ ਸੀਨੀਅਰ, ਪ੍ਰਿਥੀਪਾਲ ਸਿੰਘ, ਐਲ. ਕਲਾਡੀਅਸ, ਚਾਰਲਸ ਸਟੀਫਨ ਤੇ ਸ. ਬਾਲਕਿਸ਼ਨ ਸਿੰਘ ਨਾਲ ਖੇਡਣ ਦਾ ਮਾਣ ਪ੍ਰਾਪਤ ਸੀ। ਸੰਨ 1962 ‘ਚ ਉਨ੍ਹਾਂ ਭਾਰਤੀ ਸੈਨਾ ‘ਚ ਅਫਸਰ ਵਜੋਂ ਕਮਿਸ਼ਨ ਲਿਆ ਅਤੇ ਸੈਨਾ ਦੀ ਟੀਮ ਵਲੋਂ ਕੌਮੀ ਪੱਧਰ ‘ਤੇ ਕਾਫੀ ਟੂਰਨਾਮੈਂਟ ਖੇਡੇ। ਉਹ ਸੈਨਾ ‘ਚੋਂ ਮੇਜਰ ਵਜੋਂ 1984 ‘ਚ ਸੇਵਾਮੁਕਤ ਹੋਏ ਅਤੇ ਉਸ ਤੋਂ ਬਾਅਦ ਚੰਡੀਗੜ੍ਹ ਨੂੰ ਆਪਣਾ ਟਿਕਾਣਾ ਬਣਾ ਲਿਆ। ਜਿੱਥੇ ਉਨ੍ਹਾਂ ਗੌਲਫ ਅਤੇ ਟੈਨਿਸ ਨੂੰ ਆਪਣਾ ਸ਼ੌਕ ਬਣਾ ਲਿਆ। ਉਹ ਚੰਡੀਗੜ੍ਹ ਗੌਲਫ ਕਲੱਬ ਦੇ ਮੈਂਬਰ ਰਹੇ। 1968 ਦੀਆਂ ਮੈਕਸੀਕੋ ਉਲੰਪਿਕ ਖੇਡਾਂ ‘ਚ ਕਾਂਸੀ ਦਾ ਤਗਮਾ ਜੇਤੂ ਭਾਰਤੀ ਟੀਮ ਦੇ ਖਿਡਾਰੀ ਕਰਨਲ ਬਲਵੀਰ ਸਿੰਘ ਕੁਲਾਰ ਨੇ ਸ. ਜੂਨੀਅਰ ਦੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਹੈ, ‘ਬਲਵੀਰ ਸਿੰਘ ਜੂਨੀਅਰ ਇਕ ਵਧੀਆ ਇਨਸਾਨ ਤੇ ਮਹਾਨ ਹਾਕੀ ਖਿਡਾਰੀ ਸਨ। 1982 ਦੀਆਂ ਏਸ਼ੀਅਨ ਖੇਡਾਂ ਸਮੇਂ ਭਾਰਤੀ ਹਾਕੀ ਟੀਮ ‘ਚ ਖੇਡੇ ਬਲਵੀਰ ਸਿੰਘਾਂ ਬਾਰੇ ਪੱਤਰਕਾਰਾਂ ਨਾਲ ਗੱਲ ਹੋਈ ਤਾਂ ਬਲਵੀਰ ਸਿੰਘ ਜੂਨੀਅਰ ਦੀ ਪਹਿਚਾਣ, ਬਲਵੀਰ ਸਿੰਘ ਸੀਨੀਅਰ ਨਾਲ ਖੇਡਣ ਵਾਲੇ ਬਲਵੀਰ ਵਜੋਂ ਕਰਵਾਈ ਗਈ। ਭਾਵੇਂ ਬਲਵੀਰ ਸਿੰਘ ਜੂਨੀਅਰ ਉਲੰਪਿਕ ਨਹੀਂ ਖੇਡੇ ਪਰ ਉਨ੍ਹਾਂ ਨੂੰ ਬਲਵੀਰ ਸਿੰਘ ਸੀਨੀਅਰ ਨਾਲ ਖੇਡਣ ਦਾ ਐਜ਼ਾਜ਼ ਪ੍ਰਾਪਤ ਸੀ। ਉਨ੍ਹਾਂ ਦੇ ਦੋ ਭਰਾ ਦੂਸਰੀ ਸੰਸਾਰ ਜੰਗ ‘ਚ ਫੌਤ ਹੋ ਗਏ ਸਨ। ਜੂਨੀਅਰ ਲੰਬਾ ਸਮਾਂ ਕੌਮੀ ਪੱਧਰ ‘ਤੇ ਸੈਨਾ ਦੀ ਟੀਮ ਵਲੋਂ ਖੇਡੇ ਅਤੇ 1974 ‘ਚ ਆਖਰੀ ਵਾਰ ਸੀਨੀਅਰ ਨੈਸਨਲ ਹਾਕੀ ਚੈਂਪੀਅਨਸ਼ਿਪ ‘ਚ ਸੈਨਾ ਦੀ ਟੀਮ ਨਾਲ ਮੈਨੇਜ਼ਰ ਵਜੋਂ ਜੁੜੇ।’

  ਸ. ਬਲਵੀਰ ਸਿੰਘ ਜੂਨੀਅਰ ਨਾਲ ਪੰਜਾਬ ਯੂਨੀਵਰਸਿਟੀ ਤੇ ਰੇਲਵੇ ਦੀਆਂ ਟੀਮਾਂ ‘ਚ ਖੇਡਣ ਵਾਲੇ ਕੁਲਵੰਤ ਅਰੋੜਾ ਉਲੰਪੀਅਨ (1960) ਦਾ ਕਹਿਣਾ ਹੈ ‘1957, 58 ਤੇ 59 ‘ਚ ਲਗਾਤਾਰ ਤਿੰਨ ਵਾਰ (ਹੈਟ੍ਰਿਕ) ਕੌਮੀ ਚੈਂਪੀਅਨ ਬਣਨ ਵਾਲੀ ਰੇਲਵੇ ਦੀ ਟੀਮ ਦੇ ਉਹ ਸਿਰਕੱਢ ਖਿਡਾਰੀ ਰਹੇ।’ ਬਲਵੀਰ ਸਿੰਘ ਜੂਨੀਅਰ ਦਾ ਇਕਲੌਤਾ ਸਪੁੱਤਰ ਕੈਨੇਡਾ ਦਾ ਬਸ਼ਿੰਦਾ ਹੈ ਅਤੇ ਕਰੋਨਾ ਸੰਕਟ ਕਾਰਨ ਉਹ ਆਪਣੇ ਪਿਤਾ ਨੂੰ ਅੰਤਿਮ ਵਿਦਾਇਗੀ ਵੀ ਨਹੀਂ ਦੇ ਸਕਿਆ। ਉਸ ਦੀ ਗ਼ੈਰ-ਹਾਜ਼ਰੀ ‘ਚ ਸ. ਜੂਨੀਅਰ ਦੀ ਸਪੁੱਤਰੀ ਮਨਦੀਪ ਸਮਰਾ ਨੇ ਆਪਣੀ ਮਾਤਾ ਸੁਖਪਾਲ ਕੌਰ ਦੀ ਹਾਜ਼ਰੀ ‘ਚ ਸ. ਬਲਵੀਰ ਸਿੰਘ ਦੀਆਂ ਅੰਤਿਮ ਰਸਮਾਂ ਅਦਾ ਕੀਤੀਆਂ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img