22 C
Amritsar
Thursday, March 23, 2023

ਹਾਈਕਮਾਨ ਕਰੇਗੀ ਕੈਪਟਨ ਤੇ ਸਿੱਧੂ ਦਾ ਭਵਿੱਖ ਤੈਅ

Must read

ਪੰਜਾਬ ,4 ਜੂਨ (ਬੁਲੰਦ ਆਵਾਜ ਬਿਊਰੋ) – ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਅੰਦਰੂਨੀ ਲੜਾਈ ਹੁਣ ਦਿੱਲੀ ਪਹੁੰਚ ਗਈ ਹੈ ਅਤੇ ਅਗਲੇ ਦਿਨਾਂ ਤੱਕ ਕਾਂਗਰਸ ਦੇ ਰਕਾਬ ਗੰਜ ਰੋਡ ਉੱਤੇ ਬਣੇ 15 ਨੰਬਰ ਬੰਗਲੇ ਵਿਚ ਕਾਂਗਰਸ ਹਾਈ ਕਮਾਂਡ ਵੱਲੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ।ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਪਿਛਲੇ ਕਰੀਬ ਇੱਕ ਮਹੀਨੇ ਤੋਂ ਚੱਲ ਰਹੀ ਹੈ ਅਤੇ ਹੁਣ ਸਥਿਤੀ ਨੂੰ ਸੰਭਾਲਣ ਦੇ ਲਈ ਕਾਂਗਰਸ ਹਾਈ ਕਮਾਂਡ ਨੇ ਤਿੰਨ ਮੈਂਬਰੀ ਕਮੇਟੀ ਪਿਛਲੇ ਦਿਨੀਂ ਬਣਾਈ ਹੈ।ਕਮੇਟੀ ਦੇ ਚੇਅਰਮੈਨ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਹਨ, ਜਦ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਜੇ ਪੀ ਅਗਰਵਾਲ ਇਸ ਦੇ ਮੈਂਬਰ ਹਨ। ਕਾਂਗਰਸ ਦੇ ਨਾਰਾਜ਼ ਧੜੇ ਦੇ ਆਗੂ ਮੰਨੇ ਜਾਂਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ 25 ਵਿਧਾਇਕਾਂ ਅਤੇ ਮੰਤਰੀਆਂ ਨੇ ਖੜਗੇ ਕਮੇਟੀ ਨਾਲ ਮੁਲਾਕਾਤ ਕਰ ਚੁਕੇ ਹਨ। ਕਾਂਗਰਸ ਹਾਈ ਕਮਾਂਡ ਦੀ ਇਹ ਕਮੇਟੀ ਤਿੰਨ ਦਿਨ ਕਾਂਗਰਸ ਆਗੂਆਂ ਨਾਲ ਗੱਲਬਾਤ ਕਰੇਗੀ ।ਹਰ ਰੋਜ਼ ਇਹ ਕਮੇਟੀ 25 ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਨੂੰ ਮਿਲ ਰਹੀ ਹੈ। ਕੈਪਟਨ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਗਲੇ ਦਿਨਾਂ ਵਿੱਚ ਕਮੇਟੀ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ। ਉੱਧਰ ਰਾਹੁਲ ਗਾਂਧੀ ਨੇ ਵੀ ਪੰਜਾਬ ਦੇ ਵਿਧਾਇਕਾਂ ਨਾਲ ਫੋਨ ’ਤੇ ਰਾਬਤਾ ਬਣਾ ਕੇ ਜਾਣਕਾਰੀ ਇਕੱਤਰ ਕੀਤੀ ਹੈ। ਦਿੱਲੀ ਵਿੱਚ ਮੀਟਿੰਗ ਦੌਰਾਨ ਅਹਿਮ ਗੱਲ ਇਹ ਰਹੀ ਕਿ ਹਰ ਵਿਧਾਇਕ ਤੇ ਮੰਤਰੀ ਨੂੰ ਖੜਗੇ ਕਮੇਟੀ ਨੇ ਜਿੱਥੇ 10 ਤੋਂ 15 ਮਿੰਟ ਦਾ ਸਮਾਂ ਦਿੱਤਾ ਉਥੇ ਨਵਜੋਤ ਸਿੰਘ ਸਿੱਧੂ ਨਾਲ 2 ਘੰਟਿਆਂ ਤੱਕ ਮੁਲਾਕਾਤ ਕੀਤੀ। ਕਮੇਟੀ ਵੱਲੋਂ ਇਸ ਸਾਬਕਾ ਮੰਤਰੀ ਨੂੰ ਮੀਟਿੰਗ ਲਈ ਜ਼ਿਆਦਾ ਸਮਾਂ ਦੇਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਮੇਟੀ ਮੈਂਬਰਾਂ ਨੂੰ ਮਿਲੇ ਕਈ ਵਿਧਾਇਕਾਂ ਨੇ ਕਿਹਾ ਕਿ ਸੂਬੇ ਦੇ ਤਾਜ਼ਾ ਸਿਆਸੀ ਹਾਲਾਤ ਦੇ ਮੱਦੇਨਜ਼ਰ ਜ਼ਿਆਦਾਤਰ ਵਿਧਾਇਕ ਮੁੱਖ ਮੰਤਰੀ ਕੈਪਟਨ ਖ਼ਿਲਾਫ਼ ਭੁਗਤੇ ਹਨ। ਇਨ੍ਹਾਂ ਵਿਧਾਇਕਾਂ ਨੇ ਇਹ ਵੀ ਦੱਸਿਆ ਕਿ ਜ਼ਿਆਦਾਤਰ ਵਿਧਾਇਕ ਭਾਵੇਂ ਨਵਜੋਤ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੇ ਹੱਕ ’ਚ ਨਹੀਂ ਪਰ ਕਾਂਗਰਸ ਆਗੂਆਂ ਦਾ ਇਹ ਜ਼ਰੂਰ ਮੰਨਣਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਲਈ ਸਿੱਧੂ ਸਹਾਈ ਹੋ ਸਕਦਾ ਹੈ।

ਸੂਤਰਾਂ ਦਾ ਦੱਸਣਾ ਹੈ ਕਿ ਖੜਗੇ ਕਮੇਟੀ ਅਤੇ ਰਾਹੁਲ ਗਾਂਧੀ ਵੱਲੋਂ ਪਾਰਟੀ ਅੰਦਰੀ ਖਾਨਾਜੰਗੀ ਦੇ ਹੱਲ ਲਈ ਵਿਸਥਾਰਤ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਵੱਲੋਂ ਤਾਂ ਟਰਾਂਸਪੋਰਟ, ਕੇਬਲ ਮਾਫੀਆ, ਬੇਅਦਬੀ ਕਾਂਡ ਤੇ ਹੋਰਨਾਂ ਮੁੱਦਿਆਂ ਬਾਰੇ ਵੀ ਵਿਧਾਇਕਾਂ ਤੇ ਮੰਤਰੀਆਂ ਦਾ ਪੱਖ ਲਿਆ ਜਾ ਰਿਹਾ ਹੈ। ਕਮੇਟੀ ਵੱਲੋਂ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਦਾ ਪੱਖ ਜਾਣਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਸਿੱਧੂ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਮੂਹਰੇ ਪੰਜਾਬ ਤੇ ਪੰਜਾਬੀਅਤ ਦਾ ਮੁੱਦਾ ਰੱਖਿਆ ਹੈ। ਉਨ੍ਹਾਂ ਕਿਹਾ, ‘‘ਮੈਂ ਆਪਣੇ ਸਟੈਂਡ ’ਤੇ ਕੱਲ੍ਹ ਵੀ ਖੜ੍ਹਾ ਸੀ ਤੇ ਅੱਜ ਵੀ ਕਾਇਮ ਹਾਂ’’।

ਪੰਜਾਬ ਪੁਲੀਸ ਦੇ ਖੁਫੀਆ ਵਿੰਗ ਦੇ ਸੂਤਰਾਂ ਦਾ ਦੱਸਣਾ ਹੈ ਕਿ ਸਰਕਾਰ ਨੇ ਮੰਤਰੀਆਂ ਅਤੇ ਵਿਧਾਇਕਾਂ ਸਬੰਧੀ ਖੁਫੀਆ ਵਿੰਗ ਤੋਂ ਰਿਪੋਰਟਾਂ ਤਿਆਰ ਕਰਾਈਆਂ ਹਨ ਕਿ ਕਿਹੜਾ ਕਿਹੜਾ ਵਿਧਾਇਕ ਗ਼ੈਰ-ਕਾਨੂੰਨੀ ਧੰਦੇ ਕਰ ਰਿਹਾ ਹੈ। ਖੁਫੀਆ ਵਿੰਗ ਦੀਆਂ ਰਿਪੋਰਟਾਂ ਖੜਗੇ ਕਮੇਟੀ ਦੇ ਸਾਹਮਣੇ ਰੱਖੀਆਂ ਜਾਣ ਦੇ ਆਸਾਰ ਹਨ। ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਹੀ ਕਮੇਟੀ ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਰਿਪੋਰਟ ਦਿੱਤੀ ਜਾਵੇਗੀ।ਯਾਦ ਰਹੇ ਕਿ ਇੱਕ ਕਮੇਟੀ ਕੋਈ ਫ਼ੈਸਲਾ ਨਹੀਂ ਲੈ ਸਕਦੀ, ਸਿਰਫ਼ ਆਪਣੀ ਰਿਪੋਰਟ ਹਾਈ ਕਮਾਂਡ ਨੂੰ ਭੇਜੇਗੀ ਅਤੇ ਉਹ ਤੈਅ ਕਰੇਗੀ ਇਸ ਮਸਲੇ ਦਾ ਹੱਲ ਕਿਸ ਤਰੀਕੇ ਨਾਲ ਕਰਨਾ ਹੈ।ਜ਼ਿਕਰਯੋਗ ਹੈ ਕਿ ਗਾਂਧੀ ਅਤੇ ਕੈਪਟਨ ਦਰਮਿਆਨ ਸਬੰਧ ਕੋਈ ਜ਼ਿਆਦਾ ਸੁਖਾਵੇਂ ਨਹੀਂ ਮੰਨੇ ਜਾਂਦੇ। ਇਸ ਲਈ ਸਾਬਕਾ ਪ੍ਰਧਾਨ ਦੀਆਂ ਗਤੀਵਿਧੀਆਂ ਮੁੱਖ ਮੰਤਰੀ ਲਈ ਚੁਣੌਤੀ ਬਣ ਸਕਦੀਆਂ ਹਨ। ਰਾਹੁਲ ਗਾਂਧੀ ਦੇ ਸਰਗਰਮ ਹੋਣ ਨਾਲ ਬਾਗ਼ੀਆਂ ਦੇ ਹੌਸਲੇ ਵਧ ਗਏ ਹਨ ਜਦੋਂ ਕਿ ਸਿਆਸੀ ਮਾਹਿਰਾਂ ਮੁਤਾਬਕ ਕੈਪਟਨ ਵਰਗੇ ਸਿਆਸਤਦਾਨ ਨੂੰ ਕੁਰਸੀ ਤੋਂ ਲਾਹ ਕੇ ਉਸ ਦਾ ਬਦਲ ਲੱਭਣਾ ਕਾਂਗਰਸ ਅਤੇ ਗਾਂਧੀ ਪਰਿਵਾਰ ਲਈ ਵੱਡੀ ਚੁਣੌਤੀ ਹੈ।

ਕਾਂਗਰਸ ਹਾਈਕਮਾਨ ਪੰਜਾਬ ਵਿੱਚ ਪਾਰਟੀ ਅੰਦਰਲਾ ਕਲੇਸ਼ ਖਤਮ ਕਰਨ ਲਈ ਕਈ ਵੱਡੇ ਕਦਮ ਚੁੱਕ ਸਕਦੀ ਹੈ। ਹਾਈਕਮਾਨ ਪੰਜਾਬ ਵਿੱਚ ਪਾਰਟੀ ਅੰਦਰਲਾ ਕਲੇਸ਼ ਖਤਮ ਕਰਨ ਲਈ ਕਈ ਵੱਡੇ ਕਦਮ ਚੁੱਕ ਸਕਦੀ ਹੈ। ਦੋ ਧੜਿਆਂ ਵਿੱਚ ਵੰਡੀ ਪੰਜਾਬ ਕਾਂਗਰਸ ਨੂੰ ਇੱਕਜੁੱਟ ਕਰਨ ਲਈ ਹਾਈਕਮਾਨ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਅਹਿਮ ਜ਼ਿੰਮੇਵਾਰੀ ਸੌਂਪ ਸਕਦੀ ਹੈ। ਇਸ ਦੇ ਨਾਲ ਹੀ ਕੈਪਟਨ ‘ਤੇ ਕੁਝ ਸ਼ਿਕੰਜਾ ਕੱਸਿਆ ਜਾ ਸਕਦਾ ਹੈ ਤਾਂ ਜੋ ਦੋਵਾਂ ਧੜਿਆਂ ਵਿਚਾਲੇ ਸੰਤੁਲਨ ਬਣਿਆ ਰਹੇ।ਅਹਿਮ ਗੱਲ ਹੈ ਕਿ ਬਾਗੀ ਵਿਧਾਇਕ ਪੰਜਾਬ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਨਵੇਂ ਚਿਹਰੇ ਨੂੰ ਅੱਗੇ ਲਿਆਉਣ ਦੀ ਵਕਾਲਤ ਕਰ ਰਹੇ ਹਨ ਪਰ ਚੋਣਾਂ ਸਿਰ ‘ਤੇ ਹੋਣ ਕਰਕੇ ਹਾਈਕਮਾਨ ਇਹ ਰਿਸਕ ਲੈਣ ਦਾ ਹੀਆ ਨਹੀਂ ਕਰ ਸਕਦੀ। ਇਸ ਲਈ ਹਾਈਕਮਾਨ ਵਿੱਚ-ਵਿਚਾਲੇ ਦਾ ਰਾਹ ਕੱਢਣਾ ਚਾਹੁੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਹਾਈਕਮਾਨ ਨਵਜੋਤ ਸਿੱਧੂ ਨੂੰ ਅਹਿਮ ਜ਼ਿੰਮੇਵਾਰ ਸੌਂਪ ਸਕਦੀ ਹੈ।ਵਿਧਾਨ ਸਭਾ ਚੋਣਾਂ ਵਿੱਚ ਥੋੜ੍ਹਾ ਸਮਾਂ ਰਹਿਣ ਕਰਕੇ ਕਮੇਟੀ ਤੇਜ਼ੀ ਨਾਲ ਕੰਮ ਵਿੱਚ ਜੁੱਟ ਗਈ ਹੈ। ਇਸ ਬਾਰੇ ਹਰੀਸ਼ ਰਾਵਤ ਦਾ ਕਹਿਣਾ ਸੀ ਕਿ ਇਹ ਸਿਰਫ਼ ਦੋਵਾਂ ਆਗੂਆਂ ਵਿਚਾਲੇ ਗਲਤਫਹਿਮੀ ਦਾ ਮਸਲਾ ਹੈ ਤੇ ਇਸ ਨੂੰ ਜਲਦੀ ਹੀ ਸੁਲਝਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਪਾਰਟੀ ਤੇ ਸਰਕਾਰ ਨੂੰ ਮਜ਼ਬੂਤ ਕਰਕੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਯਕੀਨੀ ਬਣਾਉਣਾ ਹੈ।

- Advertisement -spot_img

More articles

- Advertisement -spot_img

Latest article