ਅੰਮ੍ਰਿਤਸਰ 15 ਜੁਲਾਈ (ਗਗਨ) – ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਲਈ ਇੰਟਰਵਿਊ ‘ਚ 45 ‘ਚੋਂ 40 ਫੇਲ੍ਹ ਤੇ ਪੰਜ ਪਾਸ ਹੋਏ ਹਨ। ਅਕਾਲ ਤਖ਼ਤ ਸਾਹਿਬ ਵਿਖੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਗਿਆਨੀ ਜਗਤਾਰ ਸਿੰਘ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਮੈਂਬਰ ਰਾਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਬੀਬੀ ਜਗੀਰ ਕੌਰ ਦੇ ਨਿੱਜੀ ਸਹਾਇਕ ਡਾ. ਅਮਰੀਕ ਸਿੰਘ ਲਤੀਫਪੁਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਲੱਗਣ ਦੇ ਚਾਹਵਾਨ 45 ਦੇ ਕਰੀਬ ਉਮੀਦਵਾਰਾਂ ਦੀਆਂ ਦਿੱਤੀਆਂ ਦਰਖਾਸਤਾਂ ਵਿੱਚੋਂ 35 ਦੇ ਕਰੀਬ ਇੰਟਰਵਿਊ ਲਈ ਸੱਦੇ ਸਨ। ਸਾਰਿਆਂ ਦੀ ਇੰਟਰਵਿਊ ਲਈ ਗਈ ਤਾਂ 5-6 ਉਮੀਦਵਾਰ ਹੀ ਅਖੀਰਲੇ ਪੜਾਅ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਹੁਕਮਨਾਮੇ ਦੀ ਪ੍ਰਕਿਰਿਆ ਪੂਰੀ ਕਰ ਸਕੇ। ਬਾਕੀ ਸਾਰੇ ਗੁਰਬਾਣੀ ਦੇ ਸਵਾਲਾਂ ‘ਚ ਹੀ ਘਿਰ ਗਏ ਤੇ ਉਲਝਾ ਦਿੱਤੇ ਗਏ। ਇਸ ਸਾਰੀ ਪ੍ਰਕਿਰਿਆ ‘ਚ ਇਕ ਸਵਾਲੀਆ ਚਿੰਨ੍ਹ ਸ਼੍ਰੋਮਣੀ ਕਮੇਟੀ ‘ਤੇ ਖੜ੍ਹਾ ਹੋ ਰਿਹਾ ਹੈ ਜਿਸ ਦੀ ਚਰਚਾ ਗਲਿਆਰੇ ਵਿਚ ਚੱਲ ਰਹੀ ਹੈ ਕਿ ਹਰਿਮੰਦਰ ਸਾਹਿਬ ਦੇ ਗ੍ਰੰਥੀ ਲੱਗਣ ਦੇ ਚਾਹਵਾਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਸਬੰਧਤ ਸੇਵਾਵਾਂ ਨਿਭਾ ਰਹੇ ਹਨ ਜਿਵੇਂ ਕਿ ਗੁਰਦੁਆਰਿਆਂ ਦੇ ਵਿੱਚ ਮੁੱਖ ਗ੍ਰੰਥੀ, ਗ੍ਰੰਥੀ, ਅਰਦਾਸੀਏ ਆਦਿ ਦੀਆਂ ਸੇਵਾਵਾਂ ਲਈ ਮੌਜੂਦਾ ਸਮੇਂ ‘ਚ ਤਾਇਨਾਤ ਹਨ।
ਉਪਰੋਕਤ ਸ਼ਖ਼ਸੀਅਤਾਂ ਵੱਲੋਂ ਇਨ੍ਹਾਂ ਉਮੀਦਵਾਰਾਂ ਦੇ ਟੈਸਟ ‘ਚ ਇਨ੍ਹਾਂ ਨੂੰ ਫੇਲ੍ਹ ਕਰਨਾ ਇਕ ਸਵਾਲੀਆ ਚਿੰਨ੍ਹ ਖੜ੍ਹਾ ਕਰਦਾ ਹੈਂ ਕਿ ਰੋਜ਼ਾਨਾ ਨਿਭਾਉਣ ਵਾਲੀਆਂ ਮਰਿਆਦਾ ਦੀਆਂ ਡਿਊਟੀਆਂ ਵੀ ਇਸ ਨਾਲ ਹੀ ਸੰਬੰਧਿਤ ਹਨ, ਇੰਟਰਵਿਊ ਦਰਮਿਆਨ ਜੇ ਇਹ ਉਮੀਦਵਾਰ ਹਰਿਮੰਦਰ ਸਾਹਿਬ ਦੀ ਮਰਿਆਦਾ ਨਿਭਾਉਣ ‘ਚ ਫੇਲ੍ਹ ਹਨ ਤਾਂ ਦੂਸਰੇ ਧਾਰਮਿਕ ਸਥਾਨਾਂ ‘ਤੇ ਇਹ ਡਿਊਟੀਆਂ ਕਿਵੇਂ ਨਿਭਾ ਰਹੇ ਹਨ। ਟੈਸਟ ਪਾਸ ਨਾ ਕਰ ਸਕਣ ਵਿਚ ਗਿਆਨੀ ਸੁਰਜੀਤ ਸਿੰਘ ਸਭਰਾ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਝਬਾਲ, ਗਿਆਨੀ ਹਰਦੀਪ ਸਿੰਘ ਪਿਪਲੀ ਸਾਹਿਬ, ਭਾਈ ਪ੍ਰਨਾਮ ਸਿੰਘ ਮੱਖ ਗ੍ਰੰਥੀ ਦੂਖ ਨਿਵਾਰਨ ਸਾਹਿਬ ਪਟਿਆਲਾ, ਭਾਈ ਨਿਰਮਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਆਦਿ ਉਮੀਦਵਾਰ ਵੀ ਫੇਲ੍ਹ ਸਾਬਿਤ ਕਰ ਦਿੱਤੇ ਹਨ। ਜਦਕਿ 5-6 ਦੇ ਕਰੀਬ ਹੀ ਇਸ ਪ੍ਰਕਿਰਿਆ ਦੇ ਆਖਰੀ ਪੜਾਅ ਤਕ ਪਹੁੰਚ ਸਕੇ ਹਨ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਗ੍ਰੰਥੀ ਲਗਾਉਣ ਦੀ ਪ੍ਰਕਿਰਿਆ ਨੂੰ ਅਗਲੇ ਦਿਨਾਂ ‘ਚ ਅਮਲੀ ਜਾਮਾ ਪਹਿਨਾਇਆ ਜਾਵੇਗਾ।.
ਸਾਡਾ ਮੰਨਣਾ ਹੈ ਕਿ ਸ੍ਰੋਮਣੀ ਕਮੇਟੀ ਵਿਚ ਸਿਆਸੀ ਦਖਲ ਅੰਦਾਜੀ ਕਾਰਣ ਸ੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿਚ ਨਿਘਾਰ ਆ ਰਿਹਾ ਹੈ। ਸਿਫਾਰਸ਼ੀ ਸਟਾਫ ਭਰਤੀ ਕੀਤਾ ਜਾ ਰਿਹਾ ਹੈ।ਗਰੰਥੀਆਂ ਦਾ ਸ਼ੁਧ ਪਾਠ ਨਾ ਕਰਨਾ ਅਤਿਅੰਤ ਸੰਕਟ ਦਾ ਵਿਸ਼ਾ ਹੈ।ਇਸ ਸੰਬੰਧ ਵਿਚ ਸਮੂਹ ਪੰਥ ਨੂੰ ਅਵਾਜ਼ ਉਠਾਉਣ ਦੀ ਲੋੜ ਹੈ ਤਾਂ ਪਰਬੰਧਾਂਂ ਵਿਚ ਸਿਆਸੀ ਦਖਲ ਅੰਦਾਜ਼ੀ ਰੋਕੀ ਜਾ ਸਕੇ।