More

  ਸੰਤ ਭਿੰਡਰਾਂਵਾਲੇ ਤੇ ਨਛੱਤਰ ਸਿੰਘ ਰੋਡੇ ਦੀ ਮਿਲਣੀ

   

  ਪੰਜਾਬ, 6 ਜੂਨ (ਬੁਲੰਦ ਆਵਾਜ ਬਿਊਰੋ) – ਕੁਝ ਸਮੇਂ ਬਾਅਦ ਸੰਤ ਜੀ ਆਪਣੇ ਜਥੇ ਸਮੇਤ ਇਕ ਲੜਕੀ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਪਿੰਡ ਰੋਡੇ ਗਏ। ਉਸੇ ਵਿਆਹ ਵਿਚ ਨਛਤਰ ਸਿੰਘ ਰੋਡੇ ਵੀ ਆਇਆ ਹੋਇਆ ਸੀ। ਸੰਤਾਂ ਨੂੰ ਨਛਤਰ ਸਿੰਘ ਰੋਡੇ ਦੇ ਆਉਣ ਦਾ ਪਤਾ ਲਗਿਆ ਤਾਂ ਸੰਤਾਂ ਨੇ ਉਸ ਨੂੰ ਆਪਣੇ ਕੋਲ ਬੁਲਾਇਆ। ਫਿਰ ਦੂਰ ਇਕ ਪਾਸੇ ਲਿਜਾ ਕੇ ਇਕਲੇ ਨਾਲ ਗਲਬਾਤ ਕਰਨ ਲਗ ਪਏ। ਪਿੰਡ ਵਾਲਿਆਂ ਲਈ ਇਹ ਹੈਰਾਨੀ ਦਾ ਸਬਬ ਸੀ। ਪਿੰਡ ਵਾਸੀਆਂ ਨੂੰ ਯਾਦ ਸੀ ਕਿ ਕਿਸੇ ‘ਕਤਲ’ ਕੇਸ ਵਿਚ ਨਛਤਰ ਸਿੰਘ ਰੋਡੇ ਜੇਲ੍ਹ ਗਿਆ ਸੀ। ਉਹ ਹੁਣੇ ਹੀ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਇਆ ਸੀ। ਪਿੰਡ ਵਾਲਿਆਂ ਲਈ ਨਛਤਰ ਸਿੰਘ ਇਕ ਲੜ੍ਹਨ-ਭਿੜਨ ਵਾਲਾ ‘ਅੜੀਅਲ’ ਜਿਹਾ ਵਿਅਕਤੀ ਸੀ। ਪਿੰਡ ਦੇ ‘ਸਮਝਧਾਰ’ ਬੰਦਿਆਂ ਨੂੰ ਇੰਨਾ ਕੁ ਪਤਾ ਸੀ ਕਿ ਨਛਤਰ ‘ਕਮਿਊਨਿਸਟਾਂ’ ਵਿਚ ਰਲ ਗਿਆ ਸੀ। ਨਛਤਰ ਸਿੰਘ ਰੋਡੇ 1978-70 ਵਾਲੀ ਹਥਿਆਰਬੰਦ ਨਕਸਲਬਾੜੀ ਲਹਿਰ ਵਿਚ ਸਰਗਰਮ ਹੋ ਗਿਆ ਸੀ। ਉਹ ਮੋਗੇ ਦੇ ਨੇੜਲੇ ਪਿੰਡ ਕੋਕਰੀ ਕਲਾਂ ਦੇ ਜੈਲਦਾਰ ਅਜੈਬ ਸਿੰਘ ਦੇ ਕਤਲ ਵਿਚ ਸ਼ਾਮਿਲ ਸੀ ਅਤੇ ਫੜਿਅ੍ਹਾ ਗਿਆ ਸੀ। ਨਕਸਲਬਾੜੀ ਕਾਰਕੁਨਾਂ ਨੇ ਖੁਦ ਤਸਦੀਕ ਨਹੀਂ ਕੀਤਾ ਪਰ ਪ੍ਰਚਲਤ ਸੀ ਕਿ ਜ਼ੈਲਦਾਰ ਨੇ ਸ਼ਹੀਦ ਭਗਤ ਸਿੰਘ ਵਿਰੁਧ ਗਵਾਹੀ ਦਿਤੀ ਸੀ, ਜਿਸ ਕਰਕੇ ਨਕਸਲਬਾੜੀਆਂ ਨੇ ਜ਼ੈਲਦਾਰ ਨੂੰ ‘ਜਮਾਤੀ ਦੁਸ਼ਮਣ’ ਮਿਥ ਕੇ ਅਤੇ ਉਸਦਾ ‘ਸਫਾਇਆ’ ਕਰਕੇ ‘ਇਨਕਲਾਬੀ ਕਾਰਨਾਮਾ’ ਕੀਤਾ ਸੀ। ਪਿੰਡ ਵਾਸੀਆਂ ਲਈ ਸੰਤ ਭਿੰਡਰਾਂਵਾਲੇ ਨਛਤਰ ਸਿੰਘ ਰੋਡੇ ਨਾਲ ਕੀ ਗਲ ਕਰਦੇ ਸਨ ਕੋਈ ਮਹਤਵ ਨਹੀਂ ਰਖਦਾ ਸੀ। ਪਰ ਸੰਤਾਂ ਦੀ ਇਕ ‘ਕਮਿਊਨਿਸਟ’ ਨਾਲ ਇੰਨੀ ਡੂੰਘੀ ਗਲ ਕਰਨਾ ਉਹਨਾਂ ਨੂੰ ਅਜੀਬ ਲਗ ਰਿਹਾ ਸੀ। ਨਛਤਰ ਸਿੰਘ ਰੋਡੇ ਦੀ ਦਾੜ੍ਹੀ ਵੀ ਕਟੀ ਹੋਈ ਸੀ।

  ਕੋਈ ਤਿੰਨ ਕੁ ਦਹਾਕਿਆਂ ਪਿਛੋਂ ਨਛਤਰ ਸਿੰਘ ਰੋਡੇ ਨੇ ਉਸ ਮਿਲਣੀ ਦਾ ਵੇਰਵਾ ਆਪਣੀ ਛੋਟੀ ਜਿਹੀ ਲਿਖਤ ਵਿਚ ਦਿਤਾ ਸੀ, ਜਿਹੜੀ ਇਕ ਕਿਤਾਬਚੇ ਦੇ ਰੂਪ ਵਿਚ ਅਤੇ ਪੰਜਾਬੀ ਦੇ ‘ਵੰਗਾਰ’ ਮੈਗਜ਼ੀਨ ਵਿਚ ਵੀ ਛਪੀ ਸੀ।

  ਨਛਤਰ ਸਿੰਘ ਰੋਡੇ ਦੇ ਆਪਣੇ ਸ਼ਬਦਾਂ ਵਿਚ, ‘‘ਸੰਤ ਜਰਨੈਲ ਸਿੰਘ ਜੀ ਪਿੰਡ ਰੋਡੇ ਵਿਖੇ ਇਕ ਲੜਕੀ ਦੇ ਵਿਆਹ ਉਤੇ 10 ਅਪ੍ਰੈਲ 1981 ਨੂੰ ਆਏ। ਉਹਨਾਂ ਦੇ ਨਾਲ ਸਾਰਾ ਜਥਾ ਅਤੇ ਹੋਰ ਸੰਗਤ ਵੀ ਸੀ। ਉਸ ਵੇਲੇ ਮੈਂ ਸੰਤਾਂ ਨੂੰ ਕੋਈ ਖ਼ਾਸ ਤੌਰ ਉਤੇ ਮਿਲਣ ਦੀ ਤਮੰਨਾ ਨਹੀਂ ਸੀ ਰਖਦਾ। ਕਿਉਂਕਿ ਸੰਤਾਂ ਦਾ ਸੁਭਾਅ ਕੁਝ ਗਰਮ ਸੀ ਅਤੇ ਮੈਂ ਦਾੜੀ ਕਟ ਕੇ ਰਖਦਾ ਸਾਂ ਪਰ ਕੇਸ ਰਖੇ ਹੋਏ ਸਨ। ਇਸ ਲਈ ਮੈਂ ਸੰਤਾਂ ਤੋਂ ਦੂਰ ਹੀ ਰਹਿੰਦਾ ਸਾਂ। ਪਰ ਸਬਬੀ ਮੈਂ ਵੀ ਉਸ ਵਿਆਹ ਵਿਚ ਹਾਜ਼ਰ ਸਾਂ ਅਤੇ ਸੰਤਾਂ ਨੂੰ ਕਿਸੇ ਨੇ ਦਸ ਦਿਤਾ ਕਿ ਨਛਤਰ ਸਿੰਘ ਇਥੇ ਹੀ ਹੈ। ਸੰਤਾਂ ਨੇ ਹੋਰ ਕਈਆਂ ਕੋਲੋਂ ਮੇਰੇ ਬਾਰੇ ਸੁਣਿਆ ਹੋਇਆ ਸੀ ਕਿ ਪੁਰਾਣਾ ਟਰੇਂਡ ਆਦਮੀ ਹੈ ਅਤੇ ਧਰਮ ਦੇ ਕੰਮਾਂ ਅਤੇ ਲੋਕਾਂ ਦੇ ਹਕਾਂ ਲਈ ਲੜਨ ਵਾਸਤੇ ਹਰ ਵਕਤ ਤਿਆਰ ਰਹਿੰਦਾ ਹੈ। ਔਖੇ ਤੋਂ ਔਖੇ ਕੰਮ ਲਈ ਵੀ।ਮੈਂ ਓਥੋਂ ਚਲਣਾ ਚਾਹੁੰਦਾ ਸੀ ਪਰ ਸੰਤਾਂ ਨੇ ਕਿਸੇ ਨੂੰ ਕਹਿ ਕੇ ਮੈਨੂੰ ਕੋਲ ਬੁਲਾ ਲਿਆ। ਮੈਂ ਝਕਦਾ-ਝਕਦਾ ਸੰਤਾਂ ਕੋਲ ਚਲਾ ਗਿਆ। ਸੰਤਾਂ ਨੇ ਮੇਰੀ ਦਾੜ੍ਹੀ ਬਾਰੇ ਕੋਈ ਟਿਪਣੀ ਨਹੀਂ ਕੀਤੀ ਸਗੋਂ ਕਿਹਾ ਕਿ ਤੂੰ ਸਾਨੂੰ ਮਿਲਦਾ ਨਹੀਂ। ਅੰਮਿ੍ਰਤਸਰ ਤੋਂ ਹੋ ਕੇ ਮੁੜ ਆਉਂਦਾ ਹੈ। ਸੰਤ ਜੀ ਮੈਨੂੰ ਇਕਲੇ ਨੂੰ ਬਾਹਰ ਦੂਰ ਲੈ ਗਏ। ਸਭ ਲੋਕ ਤੇ ਜਥੇ ਵਾਲੇ ਵੀ ਹੈਰਾਨ ਸਨ ਕਿ ਇਹ ਕੀ ਹੋ ਰਿਹਾ ਹੈ।

  ਸੰਤਾਂ ਨੇ ਮੇਰੇ ਨਾਲ ਲਾਲਾ ਜਗਤ ਨਰਾਇਣ ਬਾਰੇ ਸਭ ਗਲਾਂ ਖੋਲ੍ਹ ਕੇ ਕੀਤੀਆਂ ਕਿ ਇਹ ਸਿਖ ਕੌਮ ਲਈ ਕਲੰਕ ਹੈ। ਇਹ ਜ਼ਹਿਰ ਘੋਲ ਰਿਹਾ ਹੈ। ਸਿਖਾਂ ਦੇ ਸੀਨੇ ਵਿਚ ਬੋਲੀਆਂ ਮਾਰ ਰਿਹਾ ਹੈ। ਇਸ ਦੀ ਜ਼ੁਬਾਨ ਬੰਦ ਕਰਨ ਲਈ ਕੁਝ ਹੋਣਾ ਚਾਹੀਦਾ ਹੈ।

  ਮੈਂ ਕਿਹਾ, ‘ਦਸੋ ਜੀ ਕੀ ਸੇਵਾ ਕਰੀਏ? ਜੋ ਕਹੋਗੇ ਕਰਾਂਗੇ।’

  ਇਥੇ ਹੀ ਸੰਤਾਂ ਨਾਲ ਸਭ ਗੱਲ ਖੁਲ੍ਹ ਗਈ। ਸਭ ਵੇਖਣ ਵਾਲੇ ਹੈਰਾਨ ਸਨ ਕਿ ਸੰਤ ਜੀ ਤਾਂ ਇਕਲੇ ਕਿਸੇ ਨਾਲ ਗਲ ਨਹੀਂ ਕਰਦੇ। ਇਹ ਕੀ ਹੋ ਰਿਹਾ ਹੈ? ਸੋ ਅਸੀਂ ਇਕ ਘੰਟਾ ਗਲਾਂ ਕੀਤੀਆਂ। ਅਖੀਰ ਸੰਤਾਂ ਨੇ ਮੇਰੇ ਨਾਲ ਹਰ ਤਰ੍ਹਾਂ ਦੀ ਗਲ ਕੀਤੀ। ਨਾਲ ਹੀ ਸੰਤਾਂ ਨੇ ਕਿਹਾ ਕਿ ਹਥਿਆਰ ਘਟ ਹਨ, ਆਉਣ ਵਾਲਾ ਸਮਾਂ ਖਤਰਨਾਕ ਆ ਰਿਹਾ ਹੈ, ਤੂੰ ਕੋਈ ਪ੍ਰਬੰਧ ਕਰ, ਪੁਰਾਣਾ ਬੰਦਾ ਹੈਂ, ਤੁਰਿਆ ਫਿਰਿਆ ਹੈ। ਉਸ ਵਕਤ ਜਥੇ ਕੋਲ ਸਾਰੇ ਲਾਇਸੰਸੀ ਹਥਿਆਰ ਹੀ ਸਨ। ਲੋਕਾਂ ਦੇ ਹੀ ਸਨ। ਲੋਕ ਦੇ ਜਾਂਦੇ ਸਨ ਰਾਖੀ ਲਈ। ਮੈਂ ਇਸ ਤੋਂ ਬਾਅਦ ਕਾਫੀ 303 ਬੋਰ ਤੇ 315 ਬੋਰ ਦੇ ਪਿਸਤੌਲ ਲਿਆ ਕੇ ਦਿਤੇ ਰਾਜਸਥਾਨ ਤੋਂ। ਉਸ ਵਕਤ ਮਿਲ ਜਾਂਦੇ ਸਨ ਤੇ ਸਭ ਦੇਸੀ ਹੀ ਸਨ। ਸੋ ਇਸ ਤੋਂ ਬਾਅਦ ਕਈ ਵਾਰ ਮਿਲਦੇ ਰਹੇ ਸੰਤਾਂ ਨੂੰ ਤੇ ਲਾਲੇ ਨੂੰ ਮਾਰਨ ਲਈ ਮੈਂ ਪਿੰਡ ਦਾ ਮੁੰਡਾ ਹੀ ਤਿਆਰ ਕਰ ਲਿਆ ਸੀ। ਕਿਉਕਿ ਜਥੇ ਵਿਚ ਅਜੇ ਕੋਈ ਮੇਰਾ ਜਾਣੂ ਸਿੰਘ ਨਹੀ ਸੀ।

  ਸੋ ਮੈਂ ਹਰ ਵਕਤ ਲਾਲੇ ਉਤੇ ਨਿਗਰਾਨੀ ਰਖਣੀ ਸ਼ੁਰੁੂ ਕਰ ਦਿਤੀ। ਉਸ ਵਕਤ ਮੋਟਰ ਸਾਈਕਲ ਕੋਈ ਨਹੀਂ ਸੀ। ਮੇਰੇ ਕੋਲ ਵੀ ਲਾਲ ਰੰਗ ਦੀ ਫੀਏਟ ਕਾਰ ਸੀ। ਮੈਂ ਉਸ ਵਿਚ ਹੀ ਜਾਂਦਾ ਸੀ। ਓਧਰ ਸੰਤ ਜੀ ਚਾਹੁੰਦੇ ਸਨ ਕਿ ਅਗਸਤ ਤਕ ਕੰਮ ਹੋ ਜਾਣਾ ਚਾਹੀਦਾ ਹੈ। ਕਿਉਕਿ ਅਗਸਤ ਵਿਚ ਦੋ ਭਾਦਰੋਂ ਨੂੰ ਸੰਤ ਕਰਤਾਰ ਸਿੰਘ ਜੀ ਦੀ ਬਰਸੀ ਹੁੰਦੀ ਹੈ ਅਤੇ ਉਥੇ ਇਕਠ ਬਹੁਤ ਹੁੰਦਾ ਸੀ। ਸੰਤ ਕਹਿੰਦੇ ਸਨ ਕਿ ਉਸ ਵੇਲੇ ਤਕ ਕੰਮ ਹੋ ਜਾਵੇ ਤਾਂ ਪੂਰੀ ਸ਼ਾਨੋ-ਸ਼ੌਕਤ ਨਾਲ ਮੇਲਾ ਭਰੇਗਾ।ਸਭ ਤੋਂ ਪਹਿਲਾਂ ਲਾਲੇ ਦਾ ਪ੍ਰੋਗਰਾਮ ਕੁਰੂਕਸ਼ੇਤਰ ਮਾਰਨ ਦਾ ਬਣਿਆ। ਹਰਿਆਣੇ ਵਿਚ। ਉਥੇ ਸੂਰਜ ਗ੍ਰਹਿਣ ਦਾ ਮੇਲਾ ਸੀ। ਬਹੁਤ ਭਾਰੀ 10 ਲਖ ਦਾ ਇਕਠ ਸੀ। ਅਸੀਂ ਵੀ ਦੋਵੇਂ ਜਣੇ ਪਹੁੰਚ ਗਏ। ਇਥੇ ਇਕਠ ਵਿਚ ਲਾਲੇ ਨੂੰ ਲਭਣਾ ਮੁਸ਼ਕਿਲ ਸੀ। ਫਿਰ ਵੀ ਥਾਂ ਤਾਂ ਭਾਲ ਲਈ ਜਿਥੇ ਠਹਿਰਿਆ ਸੀ ਪਰ ਉਧਰ ਹੋਰ ਹਰਿਆਣੇ ਦੇ ਵਜ਼ੀਰ ਵੀ ਠਹਿਰੇ ਹੋਏ ਸਨ ਅਤੇ ਪੁਲਿਸ ਦਾ ਪਹਿਰਾ ਬਹੁਤ ਸੀ। ਅੰਦਰ ਮਾਰਨਾ ਮੁਸ਼ਕਿਲ ਸੀ। ਬਾਹਰ ਵੀ ਉਸ ਕੋਲ ਕਾਰ ਹੋਣ ਕਾਰਨ ਮੁਸ਼ਕਿਲ ਸੀ। ਸੋ ਕੋਸ਼ਿਸ਼ ਬੜੀ ਕੀਤੀ ਪਰ ਸਫਲ ਨਹੀਂ ਹੋ ਸਕੇ। ਉਹ ਕਾਰ ਉਤੇ ਚੜ੍ਹ ਕੇ ਵਾਪਸ ਜਲੰਧਰ ਆ ਗਿਆ। ਅਸੀਂ ਬਸ ਉਤੇ ਹੀ ਆਏ ਸਾਂ। ਕੋਈ ਮੇਲ ਨਹੀਂ ਸੀ ਕਾਰ ਨਾਲ ਸਾਡਾ। ਸੋ ਇਸ ਤੋਂ ਬਾਅਦ ਹੀ ਮੈਂ ਸੰਤਾਂ ਨੂੰ ਮੋਟਰਸਾਈਕਲ ਬੁਲੇਟ ਦੀ ਸਲਾਹ ਦਿਤੀ ਕਿ ਜੇ ਮੋਟਰਸਾਈਕਲ ਹੋਵੇ ਤਾਂ ਜਲਦੀ ਕੰਮ ਹੋ ਸਕਦਾ ਹੈ। ਸੰਤਾਂ ਨੇ ਮੋਟਰ ਸਾਈਕਲ ਕਿਸੇ ਤੋਂ ਦਿਵਾ ਦਿਤਾ। ਵਧੀਆ ਬੁਲੇਟ। ਇਹ ਪਹਿਲੀ ਵਾਰ ਪੰਜਾਬ ਵਿਚ ਅਸੀਂ ਹੀ ਮੋਟਰ ਸਾਈਕਲ ਵਰਤਿਆ ਸੀ। ਬਾਅਦ ਵਿਚ ਦੂਜੀ ਵਾਰ ਭਾਈ ਵਧਾਵਾ ਸਿੰਘ, ਭਾਈ ਤਰਸੇਮ ਸਿੰਘ ਹੋਰਾਂ ਨੇ ਵਰਤਿਆ ਸੀ। ਸੈਕਟਰੀਏਟ ਚੰਡੀਗੜ੍ਹ ਵਿਖੇ ਨਿਰੰਕਾਰੀ ਨਿਰੰਜਣ ਸਿੰਘ ਨੂੰ ਮਾਰਨ ਵੇਲੇ। ਪਰ ਸਭ ਤੋਂ ਪਹਿਲਾਂ ਅਸੀਂ ਹੀ ਇਸ ਮੋਟਰਸਾਈਕਲ ਦੀ ਵਰਤੋਂ ਕੀਤੀ ਸੀ ਐਕਸ਼ਨ ਕਰਨ ਲਈ।

  ਦੂਜੀ ਵਾਰ ਲਾਲੇ ਨੂੰ ਮਾਰਨ ਦਾ ਪ੍ਰੋਗਰਾਮ ਹਰਿਆਣੇ ਦੇ ਜ਼ਿਲ੍ਹੇ ਜਮਨਾ ਨਗਰ ਸ਼ਹਿਰ ਦੇ ਜਗਾਧਰੀ ਦਾ ਬਣਿਆ। ਅਸੀਂ ਪਹੁੰਚ ਗਏ ਪਰ ਉਹ ਉਥੇ ਨਹੀਂ ਆਇਆ। ਲਾਲੇ ਨੇ ਇਥੇ ਇਕ ਹਿੰਦੂ ਜਲੂਸ ਦੀ ਅਗਵਾਈ ਕਰਨੀ ਸੀ। ਮੇਰੇ ਕੋਲ ਉਸ ਵਕਤ ਮੋਟਰ ਸਾਈਕਲ ਸੀ। ਪਰ ਇਹ ਸਮਾਂ ਵੀ ਖਾਲੀ ਹੀ ਗਿਆ। ਸੰਤਾਂ ਨੂੰ ਵਾਪਸ ਆ ਕੇ ਸਭ ਦਸਿਆ ਤਾਂ ਉਹ ਬੜੀ ਉਡੀਕ ਕਰ ਰਹੇ ਸਨ ਕਿ ਕਦੋਂ ਖਬਰ ਆਵੇ। ਉਹ ਸਾਰਾ ਦਿਨ ਹੀ ਰੇੇਡੀਓ ਸੁਣਦੇ ਰਹੇ ਪਰ ਦਿਨ ਨਿਕਲ ਗਿਆ। ਸੰਤ ਜੀ ਅਫਸੋਸ ਕਰਨ ਲਗੇ ਕਿ ਦੋ ਭਾਦਰੋਂ ਤਕ ਨਹੀਂ ਮਰੇਗਾ। ਤੀਜੀ ਵਾਰ ਮਲੇਰਕੋਟਲੇ ਦਾ ਪ੍ਰੋਗਰਾਮ ਸੀ ਲਾਲੇ ਦਾ। ਉਸ ਨੇ ਇਕ ਹਿੰਦੂ ਇਕਠ ਨੂੰ ਸੰਬੋਧਨ ਕਰਨਾ ਸੀ ਪਰ ਉਹ ਉਥੇ ਵੀ ਨਹੀਂ ਆਇਆ। ਬਿਮਾਰ ਹੋਣ ਦੀ ਖਬਰ ਆ ਗਈ। ਇਹ ਪ੍ਰੋਗਰਾਮ ਰਾਤ ਦਾ ਸੀ ਤੇ ਮੈਨੂੰ ਖੁਸ਼ੀ ਸੀ ਕਿ ਅੱਜ ਕੰਮ ਹਰ ਹਾਲਤ ਵਿਚ ਬਣ ਜਾਵੇਗਾ। ਮੈਂ ਸਟੇਜ ਦੇ ਮੂਹਰੇ ਬੈਠਾ ਸਾਂ ਪਰ ਫਿਰ ਖਬਰ ਮਿਲੀ ਕਿ ਲਾਲਾ ਜਗਤ ਨਰਾਇਣ ਨਹੀਂ ਆ ਰਹੇ। ਸੋ ਫਿਰ ਖਾਲੀ ਗਿਆ ਇਹ ਪ੍ਰੋਗਰਾਮ ਵੀ। ਇਸ ਤੋਂ ਬਾਅਦ ਸੰਤਾਂ ਨੇ ਵੀ ਆਪਣਾ ਪ੍ਰੋਗਰਾਮ ਪੂਰੇ ਭਾਰਤ ਦੇ ਦੌਰੇ ਦਾ ਰਖ ਲਿਆ। ਕਿਉਕਿ ਦੋ ਭਾਦਰੋਂ ਨਿਕਲ ਗਈ ਸੀ ਅਤੇ ਕੰਮ ਨਹੀਂ ਸੀ ਬਣਿਆ। ਜਥੇ ਵਾਲੇ ਵੀ ਹੈਰਾਨ ਸਨ ਕਿ ਇਹ ਮੋਟਰ ਸਾਈਕਲ ਲੈ ਕੇ ਕਿਥੇ ਜਾਂਦੇ ਹਨ। ਕਿਥੋਂ ਆਉਂਦੇ ਹਨ। ਕਾਫੀ ਸ਼ਕ ਪੈਦਾ ਹੋ ਰਹੀੇ ਸੀ।’’

  ਪਿੰਡ ਵਾਲਿਆਂ ਨੂੰ ਸੰਤਾਂ ਦਾ ਨਛਤਰ ਸਿੰਘ ਰੋਡੇ ਨੂੰ ਮਿਲਣਾ ਵਿਸਰ ਚੁਕਿਆ ਸੀ। ਕੁਝ ਸਮਾਂ ਬਾਅਦ 9 ਸਤੰਬਰ 1981 ਨੂੰ ਲੁਧਿਆਣੇ ਤੋਂ ਵਾਪਿਸ ਜਲੰਧਰ ਕਾਰ ਵਿਚ ਜਾਂਦੇ ਲਾਲਾ ਜਗਤ ਨਰਾਇਣ ਉਤੇ ‘ਬੁਲਿਟ’ ਮੋਟਰ ਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਦਿਤੀਆ ਸਨ। ਲਾਲਾ ਮੌਕੇ ਉਤੇ ਹੀ ਮਾਰਿਆ ਗਿਆ ਸੀ। ਮੋਟਰ ਸਾਈਕਲ ਛਡ ਕੇ ਦੌੜੇ ਦੋ ਸਵਾਰਾਂ ਵਿਚੋਂ ਇਕ ਬਚ ਨਿਕਲਣ ਵਿਚ ਸਫਲ ਹੋ ਗਿਆ ਸੀ ਅਤੇ ਦੂਜਾ ਪਿਛੇ ਪਈ ਪੁਲੀਸ ਤੋਂ ਬਚਣ ਦੀ ਕੋਸ਼ਿਸ਼ ਵਿਚ ਇਕ ਸੁਕੇ ਖੂਹ ਵਿਚ ਜਾ ਡਿਗਿਆ ਸੀ। ਉਥੋਂ ਨਿਕਲ ਕੇ ਉਹ ਪੋਲਟਰੀ ਢਾਗਾ ਵਿਚ ਜਾ ਛੁਪਿਆ ਜਿਥੋਂ ਪੁਲਿਸ ਨੇ ਉਸ ਨੂੰ ਦਬੋਚ ਲਿਆ ਸੀ। ਪੁਲਿਸ ਦੇ ਕਾਬੂ ਆਇਆ ਲਾਲੇ ਦਾ ਕਤਲ ਕਰਨ ਵਾਲਾ ਨਛਤਰ ਸਿੰਘ ਰੋਡੇ ਸੀ। ਭਜ ਕੇ ਬਚ ਜਾਣ ਵਾਲਾ ਸੰਤਾਂ ਦਾ ਭਤੀਜਾ ਸਵਰਨ ਸਿੰਘ ਸੀ, ਜਿਹੜਾ ਤਿੰਨ ਕੁ ਸਾਲ ਮਗਰੋਂ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਵਿਚ ਸ਼ਹੀਦ ਹੋ ਗਿਆ ਸੀ। ਜੇਲ੍ਹ ਵਿਚੋਂ ਰਿਹਾਅ ਹੋਇਆ ਨਛਤਰ ਸਿੰਘ ਰੋਡੇ ਫਿਰ ਜੇਲ੍ਹ ਵਿਚ ਪਹੁੰਚ ਗਿਆ ਸੀ। ਆਪਣੀ ਕੁਦਰਤੀ ਬੁਢਾਪੇ ਵਾਲੀ ਹੋਈ ਮੌਤ ਤੋਂ ਪਹਿਲਾਂ ਉਹ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਪਣੇ ਪਿੰਡ ਰੋਡੇ ਰਹਿਣ ਲਗ ਪਿਆ ਸੀ।

  ਗੁਰਬਚਨ ਸਿੰਘ ਦੇਸ ਪੰਜਾਬ                    (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼)

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img