ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰੂ ਦਸਮੇਸ਼ ਪਿਤਾ ਦੇ ਅਵਤਾਰ ਸੰਬੰਧੀ ਕਥਾ ਸਰਵਣ ਕਰਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।ਦੁਨੀਆ ’ਚ ਦਸਮੇਸ਼ ਪਿਤਾ ਦਾ ਕੋਈ ਸਾਨੀ ਨਹੀਂ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ।
ਮਹਿਤਾ ਚੌਕ / ਪਟਨਾ ਸਾਹਿਬ ਬਿਹਾਰ , 20 ਜਨਵਰੀ (ਰਛਪਾਲ ਸਿੰਘ) ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 354ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦਸਮੇਸ਼ ਪਿਤਾ ਦੇ ਅਵਤਾਰ ਸੰਬੰਧੀ ਕਥਾ ਸਰਵਣ ਕਰਾਉਂਦਿਆਂ ਸੰਗਤਾਂ ਨੂੰ ਨਿਹਾਲ ਕਰਦਿਆਂ ਗੁਰੂਘਰ ਨਾਲ ਜੋੜਿਆ। ਉਨ੍ਹਾਂ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਗੁਰੂ ਸਾਹਿਬ ਦੀ ਆਤਮ ਕਥਾ ਬਚਿੱਤਰ ਨਾਟਕ ਦੇ ਹਵਾਲੇ ਨਾਲ ਕਿਹਾ ਕਿ ਅਕਾਲ ਪੁਰਖ ਨੇ ਦੁਸ਼ਟ ਦਮਨ ਨੂੰ ਆਪਣੇ ਪਾਸ ਬੁਲਾ ਕੇ ਉਸ ਨੂੰ ਆਪਣਾ ਪੁੱਤਰ ਵਜੋਂ ਨਿਵਾਜਦਿਆਂ ਮਾਤ ਲੋਕ ਵਿਚ ਜਬਰ ਜ਼ੁਲਮ ਦਾ ਨਾਸ਼ ਕਰਦਿਆਂ ਧਰਮ ਦੀ ਰੱਖਿਆ ਲਈ ਭੇਜਿਆ ਗਿਆ। ਜਿੱਥੇ ਉਨ੍ਹਾਂ ਖ਼ਾਲਸੇ ਦੀ ਸਿਰਜਣਾ ਕਰਦਿਆਂ ਪੰਥ ਨੂੰ ਅਕਾਲ ਪੁਰਖ ਦੇ ਸਪੁਰਦ ਕੀਤਾ ਅਤੇ ਸੰਗਤ ਨੂੰ ਅੰਤ ਰਹਿਤ ਪ੍ਰਭੂ ਦਾ ਨਾਮ ਜਪਾਇਆ। ਉਨ੍ਹਾਂ ਕਿਹਾ ਕਿ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ ਜੋ ਵੀ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ ਉਸ ਦੇ ਸਾਰੇ ਕਾਰਜ ਸਫਲ ਹੁੰਦੇ ਅਤੇ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ, ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਭਗਤਾਂ ਦਾ ਅਤੇ ਪ੍ਰਭੂ ਵਿਚ ਕੋਈ ਭਿੰਨ ਭੇਦ ਨਹੀਂ ਰਹਿ ਜਾਂਦਾ। ਉਸ ਨੂੰ ਪ੍ਰਭੂ ਆਪਣਾ ਰੂਪ ਬਣਾ ਲੈਂਦਾ ਹੈ। ਉਨ੍ਹਾਂ ਦਸ ਪਾਤਿਸ਼ਾਹੀਆਂ ਨੂੰ ਪ੍ਰਮਾਤਮਾ ਦਾ ਹੀ ਰੂਪ ਜਾਣਨ ਲਈ ਉਪਦੇਸ਼ ਦਿੱਤਾ। ਉਨ੍ਹਾਂ ਮੁਸਲਮਾਨ ਫ਼ਕੀਰ ਭੀਖਣ ਸ਼ਾਹ ਅਤੇ ਪੀਰ ਆਰਿਫ ਖਾਨ ਦੀਆਂ ਸਾਖੀਆਂ ਸਰਵਣ ਕਰਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਈਰਖਾ ਦਵੈਸ਼ ਤੋਂ ਰਹਿਤ ਸਨ, ਸਭ ਦੇ ਸਾਂਝੇ ਅਵਤਾਰ ਸਨ ਜਿਸ ਕਾਰਨ ਅੱਜ ਸਾਰੇ ਧਰਮਾਂ ਦੇ ਲੋਕ ਗੁਰੂ ਸਾਹਿਬ ਨੂੰ ਨਤਮਸਤਕ ਹੋ ਰਹੇ ਹਨ।
ਉਨ੍ਹਾਂ ਗੁਰੂ ਸਾਹਿਬ ਦੇ ਬਾਲ ਅਵਸਥਾ ਦੇ ਕੌਤਿਕਾਂ ’ਤੇ ਜਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਰਬੰਸ ਦਾਨੀ, ਸਾਹਿਬ ਏ ਕਮਾਲ, ਬਾਦਸ਼ਾਹ ਦਰਵੇਸ਼ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ, ਨੂਰਾਨੀ ਤੇ ਇਨਕਲਾਬੀ ਸ਼ਖ਼ਸੀਅਤ ਦਾ ਦੁਨੀਆ ’ਚ ਕੋਈ ਸਾਨੀ ਨਹੀਂ। ਜਿਨ੍ਹਾਂ ਦਾ ਸਾਰਾ ਜੀਵਨ ਸਬਰ, ਸਿਦਕ, ਸਹਿਜ, ਦ੍ਰਿੜ੍ਹਤਾ, ਕੁਰਬਾਨੀ ਅਤੇ ਸਾਹਸ ਨਾਲ ਭਰਪੂਰ ਅਚੰਭਿਤ ਕਰ ਦੇਣ ਵਾਲਾ ਹੈ। ਉਨ੍ਹਾਂ ਹਿੰਦ ਨੂੰ ਨੀਂਦ ਤੋਂ ਜਗਾਇਆ। ਉਨ੍ਹਾਂ ਪਰਉਪਕਾਰ, ਮਾਨਵੀ ਕਦਰਾਂ ਕੀਮਤਾਂ, ਬਰਾਬਰੀ, ਸਵੈਮਾਣ ਅਤੇ ਅਜ਼ਾਦੀ ਵਰਗੇ ਸਰੋਕਾਰਾਂ ਲਈ ਜੀਵਨ ਸਮਰਪਿਤ ਕੀਤਾ। ਸਭ ਲੜਾਈਆਂ ਜਿੱਤੀਆਂ ਪਰ ਕਿਸੇ ਵੀ ਜ਼ਮੀਨ ’ਤੇ ਕੋਈ ਕਬਜ਼ਾ ਨਹੀਂ ਕੀਤਾ। ਜਿਸ ਦੇ ਇਕ ਇਸ਼ਾਰੇ ’ਤੇ ਉੱਦਮੀ ਜਾਂਬਾਜ ਆਪਾ ਵਾਰਨ ਲਈ ਤਿਆਰ ਭਰ ਤਿਆਰ ਰਹਿੰਦੇ ਸਨ। ਅਧਿਆਤਮਕ ਵਿਚਾਰਧਾਰਾ ਦੇ ਧਾਰਨੀ, ਉੱਚ ਕੋਟੀ ਦੇ ਕਾਵਿ ਰਚੇਤਾ ਬਾਣੀਕਾਰ, ਨੀਤੀ ਅਤੇ ਰਣਨੀਤੀਵਾਨ ਗੁਰੂ ਸਾਹਿਬ ਵੱਲੋਂ ਲਿਖੇ ਗਏ ਜ਼ਫ਼ਰਨਾਮੇ ਨੇ ਬਾਦਸ਼ਾਹ ਔਰੰਗਜ਼ੇਬ ਦੀ ਆਤਮਾ ਨੂੰ ਝੰਜੋੜਿਆ ਤੇ ਪਾਪ ਦਾ ਅਹਿਸਾਸ ਕਰਾਇਆ। ਅਖੀਰ ’ਚ ਦਮਦਮੀ ਟਕਸਾਲ ਦੇ ਮੁਖੀ ਨੇ ਚਿੰਤਾ ਅਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਸਿੱਖ ਪੰਥ ਵਿਚ ਕਿੰਨੇ ਹੀ ਦੇਹਧਾਰੀ ਪਖੰਡੀ ਆਪੋ ਆਪਣੇ ਪੰਥ ਬਣਾ ਕੇ ਸੰਗਤ ਨੂੰ ਆਪਣੇ ਨਾਲ ਜੋੜ ਕੇ ਬਹਿ ਗਏ ਹਨ, ਜਿਨ੍ਹਾਂ ਸੰਗਤ ਨੂੰ ਜੋੜਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖੀ ਨਾਲ ਸੀ । ਇਸ ਮੌਕੇ ਉਨ੍ਹਾਂ ਪੰਥ ਦੀ ਚੜ੍ਹਦੀਕਲਾ ਅਤੇ ਪ੍ਰਕਾਸ਼ ਗੁਰਪੁਰਬ ਪ੍ਰਤੀ ਯੋਗਦਾਨ ਤੇ ਅਗਵਾਈ ਲਈ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਰ ਏ ਮਸਕੀਨ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਅਵਤਾਰ ਸਿੰਘ ਹਿਤ, ਸੰਤ ਬਾਬਾ ਪ੍ਰਦੀਪ ਸਿੰਘ ਬੋਰੇ ਵਾਲ ਸਮੇਤ ਸੰਤਾਂ ਮਹਾਂਪੁਰਸ਼ਾਂ ਅਤੇ ਬਿਹਾਰ ਸਰਕਾਰ ਦਾ ਧੰਨਵਾਦ ਕੀਤਾ।