
ਨਾਈਆਂ ਵਾਲਾ ਮੋੜ ਤੋਂ ਲੋਹਗੜ ਪੁਲ ਤੱਕ ਸੜਕ ਦਾ ਨਿਰਮਾਣ ਛੇਤੀ ਸ਼ੁਰੂ ਹੋਵੇਗਾ-ਸੋਨੀ
ਅੰਮ੍ਰਿਤਸਰ, 4 ਜੁਲਾਈ (ਰਛਪਾਲ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਦੱਸਿਆ ਹੈ ਕਿ ਅੰਮ੍ਰਿਤਸਰ ਸ਼ਹਿਰ ਵਿਚ ਨਾਈਆਂ ਵਾਲਾ ਮੋੜ ਤੋਂ (ਢਪਈ ਰੋਡ) ਨੂੰ ਲੋਹਗੜ ਪੁਲ ਨਾਲ ਜੋੜਦੀ ਸੜਕ ਬਣਨ ਵਿਚ ਫੌਜ ਵੱਲੋਂ ਪ੍ਰਵਾਨਗੀ ਮਿਲਣੀ ਬਾਕੀ ਹੈ, ਜਿਸ ਵੇਲੇ ਇਹ ਪ੍ਰਵਾਨਗੀ ਪ੍ਰਾਪਤ ਹੋ ਗਈ, ਉਸੇ ਵੇਲੇ ਸੜਕ ਦਾ ਨਿਰਮਾਣ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਮੈਂ ਆਪਣੀ ਚੋਣ ਵੇਲੇ ਲੋਕਾਂ ਨਾਲ ਇਹ ਸੜਕ ਬਨਾਉਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੂਰਾ ਕੀਤਾ ਜਾਵੇਗਾ। ਸ੍ਰੀ ਸੋਨੀ ਨੇ ਦੱਸਿਆ ਕਿ ਮੈਂ ਆਪਣੇ ਅਖਿਤਆਰੀ ਕੋਟੇ ਵਿਚੋਂ ਇਸ ਸੜਕ ਲਈ ਲੋੜੀਂਦੇ ਫੰਡ ਵੀ ਰੱਖੇ ਹਨ ਅਤੇ ਹੋਰ ਤਕਨੀਕੀ ਕਾਰਵਾਈ ਵੀ ਪੂਰੀ ਕੀਤੀ ਜਾ ਚੁੱਕੀ ਹੈ, ਪਰ ਫੌਜ ਵੱਲੋਂ ਅਜੇ ਤੱਕ ਪ੍ਰਵਾਨਗੀ ਨਹੀਂ ਮਿਲੀ, ਜਿਸ ਬਾਰੇ ਫੌਜ ਨਾਲ ਰਾਬਤਾ ਰੱਖਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਕੰਮ ਵਿਚ ਸਾਡੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਆਸ ਹੈ ਕਿ ਛੇਤੀ ਹੀ ਸਾਨੂੰ ਸੜਕ ਬਨਾਉਣ ਦੀ ਆਗਿਆ ਮਿਲ ਜਾਵੇਗੀ। ਸ੍ਰੀ ਸੋਨੀ ਨੇ ਅੱਜ ਸ੍ਰੀ ਰਵਿਦਾਸ ਮੰਦਰ ਵਿਖੇ ਧਰਮਸ਼ਾਲਾ ਬਨਾਉਣ ਲਈ ਆਪਣੇ ਕੋਟੇ ਵਿਚੋਂ 3 ਲੱਖ ਰੁਪਏ ਦਾ ਚੈਕ ਪ੍ਰਬੰਧਕਾਂ ਨੂੰ ਦਿੱਤਾ ਅਤੇ ਕਿਹਾ ਕਿ ਸਰਕਾਰ ਕੋਲ ਵਿਕਾਸ ਕੰਮਾਂ ਲਈ ਫੰਡਾਂ ਦੀ ਘਾਟ ਨਹੀਂ।
ਉਨਾਂ ਕਿਹਾ ਕਿ ਕੋਵਿਡ ਸੰਕਟ ਦੇ ਬਾਵਜੂਦ ਪੰਜਾਬ ਸਰਕਾਰ ਰਾਜ ਵਿਚ ਸਾਰੇ ਕੰਮ ਤਰਜੀਹੀ ਅਧਾਰ ਉਤੇ ਕਰ ਰਹੀ ਹੈ ਅਤੇ ਇਸ ਵਿਚ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੇ ਵਿਕਾਸ ਲਈ ਮਿਲ ਰਹੇ ਹਰ ਤਰਾਂ ਦੇ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਉਨਾਂ ਦੀ ਅਗਵਾਈ ਹੇਠ ਰਾਜ ਤਰੱਕੀ ਦੀਆਂ ਨਵੀਆਂ ਸ਼ਿਖਰਾਂ ਛੂਹੇਗਾ। ਸ੍ਰੀ ਸੋਨੀ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਰਾਜ ਵਿਚੋਂ ਕੋਰੋਨਾ ਸੰਕਟ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਦੀਆਂ ਦਿੱਤੀਆਂ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਨ, ਤਾਂ ਜੋ ਪੰਜਾਬ ਨੂੰ ਕੋਰੋਨਾ ਤੋਂ ਮੁੱਕਤ ਕੀਤਾ ਜਾ ਸਕੇ। ਇਸ ਮੌਕੇ ਸ੍ਰੀ ਵਿਕਾਸ ਸੋਨੀ,ਇਕਬਾਲ ਸਿੰਘ ਸ਼ੇਰੀ,ਅਸ਼ਵਨੀ ਕੁਮਾਰ ਪੱਪੂ,ਸੁਰਿੰਦਰ ਸਿੰਘ ਸ਼ਿੰਦਾ,ਅਸ਼ਵਨੀ ਕੁਮਾਰ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।
You must be logged in to post a comment