ਸ੍ਰੀ ਮੁਕਤਸਰ ਸਾਹਿਬ ‘ਚ ਸ਼ਹੀਦੀ ਜੋੜ ਮੇਲਾ ਸ਼ੁਰੂ

ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ‘ਚ ਸੰਗਤਾਂ ਦੀ ਆਮਦ ਜਾਰੀ

ਸ੍ਰੀ ਮੁਕਤਸਰ ਸਾਹਿਬ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਗ਼ਲ ਸਾਮਰਾਜ ਖ਼ਿਲਾਫ਼ ਆਖ਼ਰੀ ਤੇ ਨਿਰਣਾਇਕ ਯੁੱਧ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਚਾਲੀ ਸਿੰਘਾਂ ਦੀ ਯਾਦ ਵਿੱਚ ਲੱਗਣ ਵਾਲੇ ਸ਼ਹੀਦੀ ਜੋੜ ਮੇਲੇ ਸਬੰਧੀ ਧਾਰਮਿਕ ਸਮਾਗਮ ਅੱਜ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਨਾਲ ਸ਼ੁਰੂ ਹੋ ਗਏ ਹਨ  ਕੱਲ ਤੋਂ ਸ਼ੁਰੂ ਹੋ ਗਿਆ ਹੈ| ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ, ਜਿਸ ਦਾ ਭੋਗ 14 ਜਨਵਰੀ (1 ਮਾਘ) ਨੂੰ ਸਵੇਰੇ 6 ਵਜੇ ਪਵੇਗਾ | 13-14 ਜਨਵਰੀ ਨੂੰ ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਮੁਕਤਸਰ ਸਾਹਿਬ) ਵਿਖੇ ਸਾਰਾ ਦਿਨ ਕੀਰਤਨ ਪ੍ਰਵਾਹ ਚੱਲੇਗਾ ਅਤੇ ਭਾਈ ਮਹਾਂ ਸਿੰਘ ਦੀਵਾਨ ਹਾਲ ‘ਚ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ‘ਚ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਸੰਗਤ ਨੂੰ ਗੁਰਇਤਿਹਾਸ ਸਰਵਣ ਕਰਵਾਉਣਗੇ | ਭਾਵੇਂ ਇਸ ਵਾਰ ਵੀ ਪਿਛਲੇ ਸਾਲ ਵਾਂਗ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸਿਆਸੀ ਕਾਨਫ਼ਰੰਸ ਨਾ ਕਰਨ ਦਾ ਫ਼ੈਸਲਾ ਕੀਤਾ ਹੈ ਪਰ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਅਤੇ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਕਾਨਫ਼ਰੰਸਾਂ ਕੀਤੀਆਂ ਜਾ ਰਹੀਆਂ ਹਨ ਜਿਸ ਸਬੰਧੀ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ |

ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਨਤਮਸਤਕ ਹੋਣ ਲਈ ਦੇਸ਼-ਵਿਦੇਸ਼ ਤੋਂ ਸੰਗਤ ਪੁੱਜਣੀ ਸ਼ੁਰੂ ਹੋ ਗਈ ਹੈ | ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਹੋਰ ਇਤਿਹਾਸਕ ਅਸਥਾਨਾਂ ਨੂੰ ਰੰਗ-ਬਿਰੰਗੀਆਂ ਬਿਜਲਈ ਲੜੀਆਂ ਨਾਲ ਸਜਾਇਆ ਗਿਆ ਹੈ | ਸ਼ੋ੍ਰਮਣੀ ਕਮੇਟੀ ਵਲੋਂ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਦਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਨੂੰ ਵੱਖ-ਵੱਖ ਸੈਕਟਰਾਂ ‘ਚ ਵੰਡ ਕੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ | ਲੋਕ ਇਨਸਾਫ਼ ਪਾਰਟੀ ਵਲੋਂ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਮਾਘੀ ਜੋੜ ਮੇਲੇ ‘ਤੇ ਪਹੁੰਚ ਕੇ ਨਤਮਸਤਕ ਹੋਣਗੇ ਅਤੇ ਸ਼ਹਿਰ ‘ਚ ਸਫ਼ਾਈ ਮੁਹਿੰਮ ਸ਼ੁਰੂ ਕਰਨਗੇ| ਸ਼ੋ੍ਰਮਣੀ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਕਾਨਫ਼ਰੰਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਦੱਸਿਆ ਕਿ ਮਲੋਟ ਰੋਡ ਬਾਈਪਾਸ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾ ਰਹੀ ਕਾਨਫ਼ਰੰਸ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਤੋਂ ਇਲਾਵਾ ਹੋਰ ਅਕਾਲੀ ਦਲ ਅਤੇ ਭਾਜਪਾ ਦੇ ਉੱਘੇ ਆਗੂ ਸੰਬੋਧਨ ਕਰਨਗੇ | ਇਸ ਸਬੰਧੀ ਕਾਨਫ਼ਰੰਸ ਵਾਲੀ ਜਗ੍ਹਾ ‘ਤੇ ਵੱਡਾ ਪੰਡਾਲ ਲਾਇਆ ਗਿਆ ਹੈ |

ਅਕਾਲੀ ਦਲ (ਅੰਮਿ੍ਤਸਰ) ਦੇ ਕੌਮੀ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਬਰੀਵਾਲਾ ਨੇ ਦੱਸਿਆ ਕਿ ਦਲ ਵਲੋਂ ਮੀਰੀ ਪੀਰੀ ਕਾਨਫ਼ਰੰਸ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਲੋਂ ਸਮੂਹ ਪੰਜਾਬੀਆਂ ਨੂੰ ਸੂਬੇ ਨੂੰ ਦਰਪੇਸ਼ ਮੁਸ਼ਕਿਲਾਂ ‘ਤੇ ਵਿਚਾਰਾਂ ਕਰਨ ਲਈ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ‘ਚ ਹੋਰ ਪੰਥਕ ਆਗੂ ਵੀ ਸ਼ਾਮਿਲ ਹੋਣਗੇ | ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੇ ਸਾਰੇ ਰਸਤਿਆਂ ‘ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਅਤੇ ਸ਼ਹਿਰ ਵਾਸੀਆਂ ਵਲੋਂ ਲੰਗਰ ਲਾਏ ਗਏ ਹਨ | ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਨੇ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਵਲੋਂ ਸ਼ਰਧਾਲੂਆਂ ਦੀ ਰਿਹਾਇਸ਼ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਸਥਾਨਕ ਮਲੋਟ ਰੋਡ ‘ਤੇ ਮੇਲਾ ਮੈਦਾਨ ‘ਚ ਝੂਲੇ, ਚੰਡੋਲ, ਸਰਕਸ ਤੇ ਹੋਰ ਮਨੋਰੰਜਨ ਸਬੰਧੀ ਆਈਟਮਾਂ ਲਾਈਆਂ ਗਈਆਂ ਹਨ | ਸ਼ਹਿਰ ਦੀਆਂ ਸੜਕਾਂ ‘ਤੇ ਦੂਰ-ਦੁਰਾਡੇ ਤੋਂ ਪਹੁੰਚੇ ਦੁਕਾਨਦਾਰਾਂ ਵਲੋਂ ਦੁਕਾਨਾਂ ਸਜਾ ਲਈਆਂ ਗਈਆਂ ਹਨ | ਵੱਖ-ਵੱਖ ਵੱਡੀਆਂ ਕੰਪਨੀਆਂ ਵਲੋਂ ਆਪਣੇ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਲਾਈਆਂ ਜਾ ਰਹੀਆਂ ਹਨ | ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਹੋਰਨਾਂ ਜ਼ਿਲਿ੍ਹਆਂ ਤੋਂ ਵੀ ਪੁਲਿਸ ਅਧਿਕਾਰੀ ਤੇ ਕਰਮਚਾਰੀ ਬੁਲਾਏ ਗਏ ਹਨ | ਸੰਗਤ ਦੀ ਸਹੂਲਤ ਲਈ ਸਿਹਤ ਵਿਭਾਗ ਵਲੋਂ ਬਾਹਰਲੇ ਜ਼ਿਲਿ੍ਹਆਂ ਤੋਂ ਟੀਮਾਂ ਮੰਗਵਾਈਆਂ ਗਈਆਂ ਹਨ ਤਾਂ ਜੋ ਲੋੜ ਅਨੁਸਾਰ ਕੈਂਪਾਂ ‘ਚ ਲੋਕ ਆਪਣੀ ਸਿਹਤ ਦੀ ਜਾਂਚ ਕਰਵਾ ਸਕਣ |

Leave a Reply