ਅੰਮ੍ਰਿਤਸਰ, 26 ਅਗਸਤ (ਰਛਪਾਲ ਸਿੰਘ) – ਪੰਜਾਬ ਸਰਕਾਰ ਵੱਲੋਂ ਅੰਮਿ੍ਰਤਸਰ ਦੇ ਇਤਹਾਸਕ ਤੇ ਧਾਰਮਿਕ ਸਥਾਨਾਂ ਦਾ ਸੁੰਦਰੀਕਰਨ ਕਰਨ ਦੇ ਚੱਲ ਰਹੇ ਪ੍ਰੋਗਰਾਮ ਤਹਿਤ ਸ੍ਰੀ ਦੁਰਗਿਆਣਾ ਮੰਦਰ ਦੇ ਸੁੰਦਰੀਕਰਨ ਦਾ ਕੰਮ ਜਾਰੀ ਹੈ ਅਤੇ ਪਹਿਲੇ ਪੜਾਅ ਵਿਚ 6.25 ਕਰੋੜ ਰੁਪਏ ਦੇ ਕੰਮ ਜਾਰੀ ਹਨ। ਇਸ ਨਾਲ ਉਥੇ ਪਾਰਕਿੰਗ, ਆਲੇ-ਦੁਆਲੇ ਦੀ ਸੁੰਦਰਤਾ ਅਤੇ ਹੋਰ ਕੰਮ ਪੂਰੇ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਦਿੰਦੇ ਵਧੀਕ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ ਦੀ ਅਗਵਾਈ ਹੇਠ ਹੁਣ ਇਸ ਪ੍ਰਾਜੈਕਟ ਦੇ ਵਿਸਥਾਰ ਲਈ 25 ਕਰੋੜ ਰੁਪਏ ਹੋਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਇਸ ਨਾਲ ਸਮੁੱਚੇ ਇਲਾਕੇ ਦੀ ਕਾਇਆ ਕਲਪ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਨਾਂ ਕੰਮਾਂ ਨਾਲ ਨਾ ਇਸ ਇਲਾਕੇ ਦੀ ਸੁੰਦਰਤਾ ਅਤੇ ਸਹੂਲਤਾਂ ਤਾਂ ਵੱਧਣਗੀਆਂ ਹੀ, ਨਾਲ ਦੀ ਨਾਲ ਸੈਲਾਨੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਵੇਗਾ।
ਉਨਾਂ ਦੱਸਿਆ ਕਿ ਐਕਸੀਅਨ ਸ੍ਰੀ ਸੰਜੈ ਕੰਵਰ ਦੀ ਅਗਵਾਈ ਹੇਠ ਪਹਿਲੇ ਪੜਾਅ ਵਿਚ ਸੜਕ ਦਾ ਕੰਮ ਵੀ ਕਰਵਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਹਾਥੀ ਗੇਟ ਚੌਕ ਤੋਂ ਲੈ ਕੇ ਪਰੂਸ਼ ਰਾਮ ਚੌਕ ਤੱਕ ਸਾਰੀਆਂ ਇਮਾਰਤਾਂ ਨੂੰ ਇਕਸਾਰ ਡਿਜ਼ਾਇਨ ਨਾਲ ਤਿਆਰ ਕਰਵਾਇਆ ਜਾਵੇਗਾ। ਸ੍ਰੀ ਰਿਸ਼ੀ ਨੇ ਦੱਸਿਆ ਕਿ ਅੰਮਿ੍ਰਤਸਰ ਸ਼ਹਿਰ ਵਿਚ ਜ਼ਿਆਦਤਰ ਕਾਰੋਬਾਰ ਇਥੋਂ ਦੀ ਸੈਲਾਨੀ ਸਨਅਤ ਨਾਲ ਜੁੜੇ ਹੋਏ ਹਨ। ਇਸ ਲਈ ਸੈਲਾਨੀਆਂ ਦੀਆਂ ਸਹੂਲਤਾਂ ਅਤੇ ਲੋੜਾਂ ਦੀ ਪੂਰਤੀ ਦੇ ਨਾਲ-ਨਾਲ ਸਾਡੇ ਇਤਸਾਹਕ ਸਥਾਨਾਂ ਨੂੰ ਵਿਕਸਤ ਕਰਨਾ ਵੱਡੀ ਲੋੜ ਹੈ, ਤਾਂ ਜੋ ਸੈਲਾਨੀਆਂ ਦੀ ਆਮਦ ਲਗਾਤਾਰ ਬਣੀ ਰਹੇ ਅਤੇ ਜੋ ਵੀ ਸੈਲਾਨੀ ਅੰਮਿ੍ਰਤਸਰ ਘੁੰਮਣ-ਫਿਰਨ ਦੇ ਇਰਾਦੇ ਨਾਲ ਆਵੇ, ਉਹ 2 ਤੋਂ 3 ਦਿਨ ਦਾ ਪ੍ਰੋਗਰਾਮ ਤਿਆਰ ਕਰਕੇ ਆਵੇ। ਉਨਾਂ ਦੱਸਿਆ ਕਿ ਕੋਵਿਡ ਸੰਕਟ ਦੇ ਬਾਵਜੂਦ ਸਾਡੇ ਵੱਲੋਂ ਇਸ ਮਿਸ਼ਨ ਤਹਿਤ ਕੰਮ ਕੀਤਾ ਜਾ ਰਿਹਾ ਹੈ ਅਤੇ ਆਸ ਹੈ ਕਿ ਕੋਰੋਨਾ ਸੰਕਟ ਦੇ ਲੰਘਣ ਨਾਲ ਸਾਡੇ ਸੈਲਾਨੀਆਂ ਦੀ ਆਮਦ ਪਹਿਲਾਂ ਦੀ ਤਰਾਂ ਬਣੇਗੀ।