ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਾਉਣ ਦੀ ਵਿਸ਼ੇਸ਼ ਮੁਹਿੰਮ ਮਗਨਰੇਗਾ ਤਹਿਤ ਸ਼ੁਰੂ- ਡਿਪਟੀ ਕਮਿਸ਼ਨਰ
ਜ਼ਿਲੇ ਵਿਚ ਲਗਾਏ ਜਾਣਗੇ 341200 ਬੂਟੇ
ਮਗਨਰੇਗਾ ਤਹਿਤ ਕਿਰਤੀਆਂ ਨੂੰ ਦਿੱਤਾ ਜਾਵੇਗਾ ਰੁਜ਼ਗਾਰ
ਅੰਮ੍ਰਿਤਸਰ 7 ਅਗਸਤ, (ਰਛਪਾਲ ਸਿੰਘ) – ਪੰਜਾਬ ਸਰਕਾਰ ਵਲੋ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲੇ ਦੇ ਹਰ ਪਿੰਡ ਵਿਚ 400 ਬੂਟੇ ਲਗਾਉਣ ਦੀ ਸੁਰੂਆਤ ਹੋ ਚੁੱਕੀ ਹੈ ਅਤੇ ਜ਼ਿਲੇ ਨੂੰ ਹਰਿਆ ਭਰਿਆ ਬਣਾਉਨ ਲਈ 853 ਪੰਚਾਇਤਾਂ ਵਿਚ 341200 ਬੂਟੇ ਲਗਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਮਗਨਰੇਗਾ ਤਹਿਤ ਬੂਟੇ ਲਗਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਉਨਾਂ ਦੱਸਿਆ ਕਿ ਇਹ ਬੂਟੇ ਲਗਾਉਣ ਲਈ ਮਗਨਰੇਗਾ ਸਕੀਮ ਅਧੀਨ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ 18 ਨਰਸਰੀਆਂ ਤਿਆਰ ਕੀਤੀਆਂ ਗਈਆਂ ਹਨ ਤੇ ਇਹ ਬੂਟੇ ਇੰਨਾਂ ਨਰਸਰੀਆਂ ਤੋ ਪੰਚਾਇਤਾਂ ਨੂੰ ਮੁਫਤ ਵਿਚ ਦਿੱਤੇ ਜਾਣਗੇ। ਉਨਾਂ ਕਿਹਾ ਕਿ ਇਸ ਨਾਲ ਵਾਤਾਵਰਨ ਵੀ ਸੁਧ ਹੋਵੇਗਾ ਅਤੇ ਨਰੋਗਾ ਜਾਬ ਕਾਰਡ ਹੋਲਡਰਾਂ ਨੂੰ ਰੋਜ਼ਗਾਰ ਦੀ ਪ੍ਰਾਪਤੀ ਵੀ ਹੋਵੇਗੀ। ਉਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਾਉਣ ਦੀ ਵਿਸ਼ੇਸ਼ ਮੁਹਿੰਮ ਚਲਾ ਕੇ ਸ੍ਰੀ ਬਾਬਾ ਬਕਾਲਾ ਸਾਹਿਬ ਨੂੰ ਹਰਿਆ-ਭਰਿਆ ਬਣਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਘਰ-ਘਰ ਹਰਿਆਲੀ ਮੁਹਿੰਮ ਨਾਲ ਜੋੜਨ ਅਤੇ ਉਤਸ਼ਾਹਿਤ ਕਰਨ ਲਈ ਢੁਕਵੀਆਂ ਥਾਵਾਂ ‘ਤੇ ਬੈਨਰ ਲਾਏ ਜਾਣਗੇ। ਉਨਾਂ ਕਿਹਾ ਕਿ ਵਾਤਾਵਰਣ ਦੀ ਸ਼ੁਧਤਾ ਲਈ ਹਰ ਨਾਗਰਿਕ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਇਹ ਸਮੇਂ ਦੀ ਮੰਗ ਵੀ ਹੈ। ਉਨਾਂ ਕਿਹਾ ਕਿ ਸਮਾਜ ਸੇਵੀ ਜਥੇਬੰਦੀਆਂ, ਯੂਥ ਕਲੱਬਾਂ ਅਤੇ ਚਾਹਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੰਗਲਾਤ ਵਿਭਾਗ ਮੁਫ਼ਤ ਬੂਟੇ ਮਹੱਈਆ ਕਰਵਾ ਰਿਹਾ ਹੈ ਅਤੇ ਉਹ ਬੂਟੇ ਲਾ ਕੇ, ਬੂਟਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਵੀ ਨਿਭਾਉਣ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਰਣਬੀਰ ਸਿੰਘ ਮੁੱਧਲ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਗਨਰੇਗਾ ਅਧੀਨ ਬੂਟੇ ਲਗਾਉਣ ਲਈ 10 ਕਰੋੜ 95 ਲੱਖ 74 ਹਜਾਰ 674 ਰੁਪਏ ਦੀ ਪ੍ਰਵਾਨਗੀ ਹੋ ਗਈ ਹੈ ਜਿਸ ਵਿੱਚੋਂ 10 ਕਰੋੜ 10 ਲੱਖ 65 ਹਜ਼ਾਰ 999 ਰੁਪੈ ਦੀ ਅਦਾਇਗੀ ਲੇਬਰ ਨੂੰ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਨਰਸਰੀਆਂ ਵਿੱਚ ਨਿੰਮ, ਜਾਮੁਨ,ਅਮਰੂਦ, ਟਾਹਲੀ, ਧਰੇਕ, ਸੁਖੰਝਨਾ ਆਦਿ ਕਿਸਮ ਦੀ ਬੂਟੇ ਤਿਆਰ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਇਹ ਬੂਟੇ ਸਰਕਾਰੀ ਸਕੂਲ, ਸਾਂਝੀਆਂ ਥਾਂਵਾਂ, ਸੜਕਾਂ ਦੇ ਕੰਢੇ, ਪਾਰਕਾਂ ਤੇ ਖੇਡ ਮੈਦਾਨ ਵਿੱਚ ਲਗਾਏ ਜਾ ਰਹੇ ਹਨ। ਇਸ ਸਬੰਧੀ ਮਗਨਰੇਗਾ ਦੀ ਕੁਆਰਡੀਨੇਟਰ ਸ੍ਰੀਮਤੀ ਹਰਸਿਮਰਨਜੀਤ ਕੌਰ ਅਤੇ ਕਰਨਦੀਪ ਸਿੰਘ ਨੇ ਦੱਸਿਆ ਕਿ ਇਸ ਕੰਮ ਲਈ ਨਰੇਗਾ ਜਾਬ ਕਾਰਡ ਹੋਲਡਰਾਂ ਨੂੰ ਰੁਜਗਾਰ ਵੀ ਪ੍ਰਦਾਨ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਮਗਨਰੇਗਾ ਤਹਿਤ ਵੱਖ ਵੱਖ ਪਿੰਡਾਂ ਵਿੱਚ ਕਈ ਤਰਾਂ ਦੇ ਵਿਕਾਸ ਕਾਰਜ ਚੱਲ ਰਹੇ ਹਨ ਜਿੰਨਾਂ ਵਿੱਚ ਛੱਪੜਾਂ ਦੀ ਸਫਾਈ, ਖੇਡ ਮੈਦਾਨ ਨਿਰਮਾਣ, ਸੜਕਾਂ ਦਾ ਨਿਰਮਾਣ, ਬਰਮਾਂ ਤੇ ਮਿੱਟੀ ਅਤੇ ਸੁੰਦਰ ਪਾਰਕਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ।
Related
- Advertisement -
- Advertisement -