ਸੋਨੀਆ ਗਾਂਧੀ ਹੀ ਰਹਿਣਗੇ ਕਾਂਗਰਸ ਦੇ ਪ੍ਰਧਾਨ

28

ਕਾਂਗਰਸ ’ਚ ਲੀਡਰਸ਼ਿਪ ਸਬੰਧੀ ਪੈਦਾ ਹੋਏ ਵਿਵਾਦ ਨੂੰ ਠੱਲ੍ਹਣ ਲਈ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਅੱਜ ਸੋਨੀਆ ਗਾਂਧੀ ਦੀ ਹਮਾਇਤ ’ਤੇ ਆ ਗਈ। ਸੀਡਬਲਯੂਸੀ ਦੀ ਕਰੀਬ ਸੱਤ ਘੰਟਿਆਂ ਤੱਕ ਚੱਲੀ ਆਨਲਾਈਨ ਬੈਠਕ ਦੌਰਾਨ ਸੋਨੀਆ ਗਾਂਧੀ ਨੂੰ ਬੇਨਤੀ ਕੀਤੀ ਗਈ ਕਿ ਉਹ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਇਜਲਾਸ ਤੱਕ ਪਾਰਟੀ ਦੇ ਅੰਤਰਿਮ ਪ੍ਰਧਾਨ ਦੇ ਅਹੁਦੇ ’ਤੇ ਬਣੇ ਰਹਿਣ। ਪਾਰਟੀ ਨੂੰ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਲਈ ਉਨ੍ਹਾਂ ਨੂੰ ਜਥੇਬੰਦੀ ’ਚ ਲੋੜੀਂਦੇ ਬਦਲਾਅ ਕਰਨ ਦੇ ਵੀ ਅਧਿਕਾਰ ਦਿੱਤੇ ਗੲੇ ਹਨ। ਇਸ ਤੋਂ ਪਹਿਲਾਂ 23 ਆਗੂਆਂ ਨੇ ਪਾਰਟੀ ’ਚ ਫੇਰਬਦਲ ਕਰਕੇ ਸਾਂਝੀ ਲੀਡਰਸ਼ਿਪ ਦੀ ਵਕਾਲਤ ਕਰਦਿਆਂ ਪੂਰੇ ਸਮੇਂ ਲਈ ਮਕਬੂਲ ਆਗੂ ਨੂੰ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਸੀ। ਇਨ੍ਹਾਂ ਆਗੂਆਂ ਨੂੰ ਵੀ ਸਪੱਸ਼ਟ ਸੁਨੇਹਾ ਦਿੱਤਾ ਗਿਆ ਕਿ ਕਿਸੇ ਨੂੰ ਵੀ ਪਾਰਟੀ ਅਤੇ ਇਸ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Italian Trulli

ਸੀਡਬਲਯੂਸੀ ਦੀ ਬੈਠਕ ਦੌਰਾਨ ਸੋਨੀਆ ਗਾਂਧੀ ਨੇ ਅਹੁਦੇ ਤੋਂ ਹਟਣ ਦੀ ਪੇਸ਼ਕਸ਼ ਕੀਤੀ ਪਰ ਕਮੇਟੀ ਦੇ 50 ਤੋਂ ਵੱਧ ਮੈਂਬਰਾਂ ਨੇ ਉਨ੍ਹਾਂ ਨੂੰ ਅੰਤਰਿਮ ਪ੍ਰਧਾਨ ਦੇ ਅਹੁਦੇ ’ਤੇ ਬਣੇ ਰਹਿਣ ਲਈ ਕਿਹਾ। ਸੀਡਬਲਯੂਸੀ ਵੱਲੋਂ ਪਾਸ ਕੀਤੇ ਗਏ ਮਤੇ ਬਾਰੇ ਪਾਰਟੀ ਦੇ ਜਨਰਲ ਸਕੱਤਰ (ਜਥੇਬੰਦਕ) ਕੇ ਸੀ ਵੇਣੂਗਪੋਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕਮੇਟੀ ਨੇ ਸਰਬਸੰਮਤੀ ਨਾਲ ਅਹਿਦ ਲਿਆ ਕਿ ਸੋਨੀਆ ਅਤੇ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਪਾਰਟੀ ਦੇ ਅੰਦਰੂਨੀ ਮਸਲਿਆਂ ’ਤੇ ਮੀਡੀਆ ਜਾਂ ਜਨਤਕ ਮੰਚਾਂ ’ਤੇ ਚਰਚਾ ਨਾ ਕੀਤੀ ਜਾਵੇ ਅਤੇ ਸਾਰੇ ਮੁੱਦਿਆਂ ਨੂੰ ਪਾਰਟੀ ਅੰਦਰ ਅਨੁਸ਼ਾਸਨ ’ਚ ਰਹਿ ਕੇ ਉਠਾਉਣਾ ਚਾਹੀਦਾ ਹੈ। ਸ੍ਰੀਮਤੀ ਸੋਨੀਆ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਈ ਰੱਖਣ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਹੇਠ ਆਵਾਜ਼ ਬੁਲੰਦ ਕੀਤੀ ਗਈ। ਸੂਤਰਾਂ ਨੇ ਕਿਹਾ ਕਿ ਸੀਡਬਲਯੂਸੀ ਦੇ ਹਰੇਕ ਮੈਂਬਰ ਨੇ ਸੋਨੀਆ ਦੇ ਪੱਖ ’ਚ ਭੁਗਤਦਿਆਂ ਚਿੱਠੀ ਲਿਖਣ ਵਾਲੇ ਆਗੂਆਂ ਖਾਸ ਕਰ ਕੇ ਗੁਲਾਮ ਨਬੀ ਆਜ਼ਾਦ ਨੂੰ ਵੀ ਕਰਾਰੇ ਹੱਥੀਂ ਲਿਆ ਜੋ ਸੀਡਬਲਯੂਸੀ ਦੇ ਮੈਂਬਰ ਹਨ। ਪੀ ਚਿਦੰਬਰਮ ਨੇ ਏਆਈਸੀਸੀ ਦਾ ਵਰਚੁਅਲ ਇਜਲਾਸ ਸੱਦਣ ਦਾ ਸੁਝਾਅ ਦਿੱਤਾ ਤਾਂ ਜੋ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਪ੍ਰਕਿਰਿਆ ਆਰੰਭੀ ਜਾ ਸਕੇ। ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚਿੱਠੀ ਲਿਖਣ ਦੇ ਸਮੇਂ ਅਤੇ ਉਸ ਨੂੰ ਜਨਤਕ ਕਰਨ ’ਤੇ ਸਵਾਲ ਕਰਦਿਆਂ ਇਨ੍ਹਾਂ ਆਗੂਆਂ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਚਿੱਠੀ ਉਸ ਸਮੇਂ ਲਿਖੀ ਗਈ ਜਦੋਂ ਸੋਨੀਆ ਗਾਂਧੀ ਹਸਪਤਾਲ ’ਚ ਸਨ ਅਤੇ ਪਾਰਟੀ ਰਾਜਸਥਾਨ ਦੇ ਸਿਆਸੀ ਸੰਕਟ ਨਾਲ ਜੂਝ ਰਹੀ ਸੀ। ਸੋਨੀਆ ਗਾਂਧੀ ਨੇ ਆਪਣੇ ਭਾਸ਼ਣ ’ਚ ਆਜ਼ਾਦ ਦਾ ਦੋ ਵਾਰ ਨਾਮ ਲਿਆ। ਸੂਤਰਾਂ ਮੁਤਾਬਕ ਸੋਨੀਆ ਨੇ ਕਿਹਾ ਕਿ ਆਜ਼ਾਦ ਨੇ ਆਪਣੇ ਪੱਤਰ ਦਾ ਰਿਮਾਈਂਡਰ ਵੀ ਭੇਜਿਆ ਸੀ। ਸੋਨੀਆ ਵੱਲੋਂ ਅਹੁਦਾ ਛੱਡਣ ਲਈ ਆਖੇ ਜਾਣ ’ਤੇ ਰਾਜਸਥਾਨ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਕ੍ਰਮਵਾਰ ਅਸ਼ੋਕ ਗਹਿਲੋਤ ਅਤੇ ਭੁਪੇਸ਼ ਬਘੇਲ ਨੇ ਰਾਹੁਲ ਗਾਂਧੀ ਨੂੰ ਕਮਾਨ ਸੌਂਪਣ ਦੀ ਬੇਨਤੀ ਕੀਤੀ।