ਸੈਨ ਹੋਜ਼ੇ, 27 ਮਈ (ਬੁਲੰਦ ਆਵਾਜ ਬਿਊਰੋ) – ਅੱਜ ਸਵੇਰੇ ਸੈਮ ਕੈਸਡੀ ਨਾਮ ਦੇ ਵੀ ਟੀ ਏ ਦੇ ਮੁਲਾਜ਼ਮ ਵੱਲੋਂ ਫਾਇਰੰਗ ਕਰਕੇ ਆਪਣੇ ਨਾਲ ਕੰਮ ਕਰਦੇ 8 ਵਿਅਕਤੀਆਂ ਨੂੰ ਮਾਰਨ ਤੋਂ ਬਾਅਦ ਆਪਣੇ ਆਪ ਦੇ ਵੀ ਗੋਲੀ ਮਾਰ ਲਈ। ਇਹਨਾਂ 8 ਵਿਅਕਤੀਆਂ ਵਿੱਚ ਤਪਤੇਜ ਸਿੰਘ ਗਿੱਲ ਨਾਮੀ ਗੁਰਸਿੱਖ ਵੀ ਸੀ ਜਿਸਦੇ ਦੋ ਬੱਚੇ 2 ਸਾਲ ਦੀ ਬੇਟੀ ਅਤੇ 4 ਸਾਲ ਦਾ ਬੇਟਾ ਹਨ। ਇਹ ਗਗੜੇਵਾਲ ਜ਼ਿਲ੍ਹਾ ਅੰਮ੍ਰਿਤਸਰ ਤੋਂ ਸੀ ਅਤੇ ਹੁਣ ਯੂਨੀਅਨ ਸਿਟੀ, ਕੈਲੋਫੋਰਨੀਆਂ ਰਹਿੰਦੇ ਸਨ।
ਸੈਮ ਕੈਸਡੀ ਵੀ ਵੀ ਟੀ ਏ ਕੰਪਨੀ ਦੇ ਯਾਰਡ ਵਿੱਚ ਹੀ ਕੰਮ ਕਰਦਾ ਸੀ ਅਤੇ ਦੱਸਿਆ ਜਾਂਦਾ ਹੈ ਕਿ ਚਿੜਚਿੜੇ ਸੁਭਾਅ ਦਾ ਮਾਲਿਕ। ਉਸਦੇ ਗ਼ੁੱਸੇ ਵਾਲੇ ਸੁਭਾਅ ਕਰਕੇ ਕਈ ਸਾਲ ਪਹਿਲਾਂ ਉਸਦਾ ਤਲਾਕ ਹੋਇਆ ਸੀ ਅਤੇ ਹੁਣ ਉਹ ਇਕੱਲਾ ਹੀ ਰਹਿੰਦਾ ਸੀ। ਅੱਜ ਸਵੇਰੇ ਪਹਿਲਾਂ ਉਹ ਆਪਣੇ ਘਰ ਨੂੰ ਅੱਗ ਲਾ ਕੇ ਬੱਸਾਂ ਵਾਲੇ ਵੀ ਟੀ ਏ ਦੇ ਯਾਰਡ ਵਿੱਚ ਆਇਆ ਜਿਸਤੋਂ ਲੱਗਦਾ ਹੈ ਕਿ ਉਸਨੇ ਕਤਲੇਆਮ ਦਾ ਪਹਿਲਾਂ ਹੀ ਵਿਚਾਰ ਬਣਾਇਆ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਅੱਜ ਸਵੇਰੇ ਯੂਨੀਅਨ ਦੀ ਮੀਟਿੰਗ ਸੀ ਤੇ ਉਸਤੋਂ ਵੀ ਉਹ ਖੁਸ਼ ਨਹੀਂ ਸੀ। ਵਰਨਣਯੋਗ ਹੈ ਕਿ ਅਮਰੀਕਾ ਵਿੱਚ ਨਿੱਤ ਦਿਨ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਦਾ ਮੁੱਦਾ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਆਮ ਲੋਕ ਸ਼ਰੇਆਮ ਹਥਿਆਰਾਂ ਦੀ ਵਿੱਕਰੀ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ। ਬੀਤੇ ਕੱਲ ਨਿਊਜਰਸੀ ਵਿੱਚ ਵੀ ਅਜਿਹੀ ਹੀ ਹਿੰਸਾ ਵਿੱਚ ਦੋ ਵਿਅਕਤੀ ਮਾਰੇ ਗਏ ਸਨ।