ਅੰਮ੍ਰਿਤਸਰ, 30 ਜੂਨ (ਗਗਨ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਿਆਸ ਦਾ ਦੌਰਾ ਕੀਤਾ ਗਿਆ ਹੈ। ਜਿੱਥੇ ਬਿਆਸ ਦਰਿਆ ਦੇ ਪੁਲ ਨੇੜੇ ਗੈਰ ਕਾਨੂੰਨੀ ਢੰਗ ਨਾਲ ਮਾਇਨਿੰਗ ਚੱਲ ਰਹੀ ਹੈ। ਇਸ ਦੌਰਾਨ ਨਾਜਾਇਜ਼ ਮਾਈਨਿੰਗ ‘ਤੇ ਸੁਖਬੀਰ ਸਿੰਘ ਬਾਦਲ ਨੇ ਲਾਈਵ ਰੇਡ ਕੀਤੀ ਹੈ। ਜਦੋਂ ਬਿਆਸ ਦਰਿਆ ਨੇੜੇ ਜਾਰੀ ਨਾਜਾਇਜ਼ ਮਾਈਨਿੰਗ ‘ਤੇ ਸੁਖਬੀਰ ਸਿੰਘ ਬਾਦਲ ਨੇ ਛਾਪਾ ਮਾਰਿਆ ਤਾਂ ਇਸ ਮੌਕੇ ‘ਤੇ ਮਾਈਨਿੰਗ ਕਰਿੰਦੇ ਟਿੱਪਰ ਚਾਲਕ ਅਤੇ ਜੇ.ਸੀ.ਬੀ. ਮਸ਼ੀਨਾਂ ਵਾਲੇ ਆਪਣਾ ਸਾਮਾਨ ਲੈ ਕੇ ਉੱਥੋਂ ਦੀ ਫ਼ਰਾਰ ਹੋ ਗਏ।
ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਦਰਿਆ ਨੇੜੇ ਧੜੱਲੇ ਨਾਲ ਇਹ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ।ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਦੀ ਸ਼ਹਿ ‘ਤੇ ਸੂਬੇ ‘ਚ ਗੈਰ ਕਾਨੂਨੀ ਮਾਇਨਿੰਗ ਜਾਰੀ ਹੈ। ਪ੍ਰਸ਼ਾਸਨ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਗੈਰ ਕਾਨੂੰਨੀ ਮਾਇਨਿੰਗ ਦਾ ਗੌਰਖ ਧੰਦਾ ਜਾਰੀ ਹੈ। ਇਲਾਕਾ ਵਾਸੀਆਂ ਦਾ ਇਲਜ਼ਾਮ ਕਰੀਬ 2 ਮਹੀਨੇ ਤੋਂ ਗੈਰ ਕਾਨੂੰਨੀ ਮਾਇਨਿੰਗ ਜਾਰੀ ਹੈ।ਸ:ਸੁਖ਼ਬੀਰ ਸਿੰਘ ਬਾਦਲ ਨੇ ਇਸ ਮੌਕੇ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਬੰਧਤ ਕੈਬਨਿਟ ਮੰਤਰੀ ਸ: ਸੁਖ਼ਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਆਪਣੇ ਵਿਧਾਇਕਾਂ ਅਤੇ ਹੋਰ ਆਗੂਆਂ ਨੂੂੰ ਮਾਈਨਿੰਗ ਜ਼ਰੀਏ ਲੁੱਟ ਦੀ ਖੁਲ੍ਹੀ ਛੁੱਟੀ ਦੇ ਰੱਖੀ ਹੈ।ਇਸ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਝੂਠੇ ਪਰਚੇ ਦਰਜ ਕਰਨ ਵਾਲੇ ਕਾਂਗਰਸੀਆਂ ‘ਤੇ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਆਦੇਸ਼ਾਂ ਮੁਤਾਬਕ ਦਰਿਆ ਨੇੜੇ ਮਾਇਨਿੰਗ ਨਾ ਕੀਤੀ ਜਾਵੇ। ਹਾਈਕੋਰਟ ਦੇ ਹੁਕਮਾਂ ਦੀ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਸਬੰਧਤ ਉੱਚ ਅਧਿਕਰੀਆਂ ਨਾਲ ਮੌਕੇ ‘ਤੇ ਫੋਨ ‘ਤੇ ਗੱਲਬਾਤ ਕੀਤੀ ਹੈ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ , ਸਰਕਾਰ , ਵਿਧਾਇਕਾਂ ਤੇ ਮੰਤਰੀਆਂ ਦੀ ਸ਼ਹਿ ‘ਤੇ ਮਾਇਨਿੰਗ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੂੰ ਗੈਰ ਕਾਨੂੰਨੀ ਮਾਇਨਿੰਗ ਲਈ ਜ਼ਿੰਮੇਵਾਰ ਦੱਸਿਆ ਹੈ। ਨਾਜਾਇਜ਼ ਮਾਈਨਿੰਗ ਕਾਰਨ ਆਲੇ ਦੁਆਲੇ ਦੇ ਇਲਾਕਿਆਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਸੁਖਬੀਰ ਸਿੰਘ ਬਾਦਲ ਨੇ ਐੱਸ.ਐੱਸ.ਪੀ. ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਜੇ ਨਾ ਹੋਈ ਕਾਰਵਾਈ ਤਾਂ ਹਾਈਵੇਅ ਜਾਮ ਕਰਾਂਗੇ। ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਪਹੁੰਚੀ ਹੈ।