More

  ਸੁਮੇਧ ਸੈਣੀ ਨੂੰ ਦੋ ਦਿਨਾਂ ਦੀ ਜ਼ਮਾਨਤ ਮਿਲੀ

  ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ‘ਚ ਦੋਸ਼ੀ ਪੰਜਾਬ ਪੁਲਸ ਦੇ ਸਾਬਕਾ ਮੁਖੀ ਸੁਮੇਧ ਸੈਣੀ ਦੀ ਗ੍ਰਿਫਤਾਰੀ ‘ਤੇ ਅਦਾਲਤ ਨੇ 2 ਦਿਨਾਂ ਦੀ ਰੋਕ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੈਣੀ ਖਿਲਾਫ ਮਾਮਲੇ ‘ਚ ਧਾਰਾ 302 ਦਾ ਵਾਧਾ ਹੋਣ ਉਪਰੰਤ ਪੁਲਸ ਨੇ ਸੈਣੀ ਨੂੰ ਗ੍ਰਿਫਤਾਰੀ ਨੋਟਿਸ ਜਾਰੀ ਕੀਤਾ ਸੀ। ਸੈਣੀ ਵੱਲੋਂ ਬੀਤੇ ਕੱਲ੍ਹ ਮੋਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿਚ ਅਗਾਂਊਂ ਜ਼ਮਾਨਤ ਦੀ ਅਪੀਲ ਦਰਜ ਕੀਤੀ ਗਈ ਸੀ। ਹੁਣ 27 ਅਗਸਤ ਨੂੰ ਰਜਨੀਸ਼ ਗਰਗ ਦੀ ਅਦਾਲਤ ਵਲੋਂ ਸੈਣੀ ਦੀ ਜ਼ਮਾਨਤ ਅਪੀਲ ‘ਤੇ ਅੰਤਿਮ ਫ਼ੈਸਲਾ ਸੁਣਾਇਆ ਜਾਵੇਗਾ।

  ਸੈਣੀ ਖਿਲਾਫ ਇਕ ਹੋਰ ਚਸ਼ਮਦੀਦ ਗਵਾਹ ਸਾਹਮਣੇ ਆਇਆ
  ਇਸ ਜ਼ੁਰਮ ਵਿਚ ਸੈਣੀ ਦੇ ਕਰੀਬੀ ਸਹਿਯੋਗੀ ਸਾਬਕਾ ਸਬ ਇੰਸਪੈਕਟਰਾਂ ਵੱਲੋਂ ਅਦਾਲਤ ਅੰਦਰ ਦਿੱਤੇ ਬਿਆਨਾਂ ਤੋਂ ਬਾਅਦ ਰਾਜੇਸ਼ ਰਾਜਾ ਵਾਸੀ ਚੰਡੀਗੜ੍ਹ ਵਲੋਂ ਇਸ ਮਾਮਲੇ ‘ਚ ਗਵਾਹ ਬਣਦਿਆਂ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ‘ਚ ਧਾਰਾ 164 ਤਹਿਤ ਬਿਆਨ ਦਰਜ ਕਰਵਾਏ ਗਏ।

  ਰਾਜੇਸ਼ ਰਾਜਾ ਨੇ ਦਰਜ ਕਰਵਾਏ ਬਿਆਨਾਂ ‘ਚ ਕਿਹਾ ਹੈ ਕਿ ਉਹ 13/14 ਦਸੰਬਰ 1991 ਦੀ ਦਰਮਿਆਨੀ ਰਾਤ ਨੂੰ ਸੁਰਿੰਦਰ ਕੁਮਾਰ ਅਤੇ ਜੱਟਾ ਨਾਲ ਹੋਈ ਛੋਟੀ-ਮੋਟੀ ਲੜਾਈ ਦੇ ਸਬੰਧ ‘ਚ ਚੰਡੀਗੜ੍ਹ ਦੇ ਸੈਕਟਰ-22 ਦੀ ਪੁਲਿਸ ਚੌਕੀ ‘ਚ ਬੰਦ ਸੀ। ਇਸ ਤੋਂ ਬਾਅਦ ਥਾਣੇਦਾਰ ਜਗੀਰ ਸਿੰਘ ਨੇ ਉਨ੍ਹਾਂ ਨੂੰ ਸੈਕਟਰ-17 ਚੰਡੀਗੜ੍ਹ ਦੇ ਥਾਣੇ ‘ਚ ਤਬਦੀਲ ਕਰ ਦਿੱਤਾ। ਜਦੋਂ ਉਹ ਥਾਣੇ ਦੀ ਹਵਾਲਾਤ ‘ਚ ਗਏ ਤਾਂ ਉਥੇ ਇਕ ਸਰਦਾਰ ਨੌਜਵਾਨ ਪਿਆ ਸੀ। ਰਾਤ ਦੇ ਕਰੀਬ 10-11 ਵਜੇ ਕੁਝ ਪੁਲਿਸ ਕਰਮਚਾਰੀ ਆਏ ਅਤੇ ਉਸ ਨੌਜਵਾਨ ਨੂੰ ਦੂਜੇ ਕਮਰੇ ‘ਚ ਲੈ ਗਏ, ਜਿਥੇ ਉਸ ‘ਤੇ ਤਸ਼ੱਦਦ ਢਾਹਿਆ ਗਿਆ ਅਤੇ ਨੌਜਵਾਨ ਦੀਆਂ ਚੀਕਾਂ ਉਨ੍ਹਾਂ ਨੂੰ ਸੁਣਾਈ ਦਿੱਤੀਆਂ। ਕਾਫ਼ੀ ਦੇਰ ਬਾਅਦ ਉਸ ਨੂੰ ਮੁੜ ਹਵਾਲਾਤ ‘ਚ ਛੱਡ ਗਏ। ਥੋੜ੍ਹੀ ਦੇਰ ਬਾਅਦ ਪੁਲਿਸ ਵਾਲੇ ਉਕਤ ਨੌਜਵਾਨ ਨੂੰ ਮੁੜ ਲੈ ਗਏ ਅਤੇ ਫ਼ਿਰ ਉਸ ‘ਤੇ ਤਸ਼ੱਦਦ ਢਾਹਿਆ ਅਤੇ ਜਦੋਂ ਉਸ ਨੂੰ ਮੁੜ ਹਵਾਲਾਤ ‘ਚ ਛੱਡ ਕੇ ਗਏ ਤਾਂ ਉਹ ਲਹੂ-ਲੁਹਾਨ ਹੋਇਆ ਪਿਆ ਸੀ। ਉਨ੍ਹਾਂ ਉਕਤ ਨੌਜਵਾਨ ਨੂੰ ਜਦੋਂ ਉਸ ਬਾਰੇ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਬਲਵੰਤ ਸਿੰਘ ਮੁਲਤਾਨੀ ਦੱਸਿਆ ਅਤੇ ਕਿਹਾ ਕਿ ਉਹ ਮੁਹਾਲੀ ਰਹਿੰਦੇ ਉਸ ਦੇ ਪਿਤਾ ਨੂੰ ਦੱਸ ਦੇਣ ਕੇ ਸੁਮੇਧ ਸੈਣੀ ਨੇ ਉਸ ਨੂੰ ਚੁੱਕਿਆ ਹੈ ਅਤੇ ਉਸ ਦੀ ਭੈਣ ਅਤੇ ਮਾਂ ਨੂੰ ਕਿਸੇ ਹੋਰ ਥਾਂ ਭੇਜ ਦਿੱਤਾ ਜਾਵੇ ਕਿਉਂਕਿ ਸੁਮੇਧ ਸੈਣੀ ਉਨ੍ਹਾਂ ਨੂੰ ਵੀ ਚੁੱਕ ਕੇ ਲਿਆਉਣ ਦੀਆਂ ਧਮਕੀਆਂ ਦੇ ਰਿਹਾ ਹੈ। ਇਸ ਦੌਰਾਨ ਪੁਲਿਸ ਕਰਮਚਾਰੀ ਮੁਲਤਾਨੀ ਨੂੰ ਮੁੜ ਲੈ ਗਏ ਅਤੇ ਜਦੋਂ ਹਵਾਲਾਤ ‘ਚ ਵਾਪਸ ਛੱਡਿਆ ਗਿਆ ਤਾਂ ਉਹ ਬੇਹੋਸ਼ ਸੀ। ਰਾਜੇਸ਼ ਰਾਜਾ ਮੁਤਾਬਿਕ ਉਸ ਨੇ 2007-08 ‘ਚ ਸੀ. ਬੀ. ਆਈ. ਕੋਲ ਵੀ ਸੁਮੇਧ ਸੈਣੀ ਖ਼ਿਲਾਫ਼ ਆਪਣੇ ਬਿਆਨ ਦਰਜ ਕਰਵਾਏ ਸਨ ਅਤੇ ਸੀ. ਬੀ. ਆਈ. ਨੇ ਆਪਣੀ ਤਫ਼ਤੀਸ਼ ਦੌਰਾਨ ਵੀ ਉਸ ਨੂੰ ਬੁਲਾਇਆ ਸੀ।

  ਸੈਣੀ ਦੀ ਜ਼ਮਾਨਤ ਦਾ ਸਰਕਾਰ ਵੱਲੋਂ ਵਿਰੋਧ
  ਅਗਾਊਂ ਜ਼ਮਾਨਤ ਦੀ ਅਰਜ਼ੀ ਖ਼ਿਲਾਫ਼ ਪੰਜਾਬ ਸਰਕਾਰ ਵਲੋਂ ਵੀ ਇਸ ਅਰਜ਼ੀ ਨੂੰ ਖਾਰਜ ਕਰਨ ਲਈ ਵੱਖਰੇ ਤੌਰ ‘ਤੇ ਇਕ ਅਰਜ਼ੀ ਦਾਇਰ ਕੀਤੀ ਗਈ, ਜਿਸ ‘ਚ ਪੰਜਾਬ ਸਰਕਾਰ ਵਲੋਂ ਪਬਲਿਕ ਪ੍ਰਾਸੀਕਿਊਟਰ ਸਰਤੇਜ ਨਰੂਲਾ, ਜ਼ਿਲ੍ਹਾ ਅਟਾਰਨੀ ਸੰਜੀਵ ਬੱਤਰਾ ਅਤੇ ਸਿੱਟ ਵਲੋਂ ਆਪਣਾ ਪੱਖ ਰੱਖਦਿਆਂ ਕਿਹਾ ਗਿਆ ਕਿ ਸੁਮੇਧ ਸੈਣੀ ਵਲੋਂ ਅਦਾਲਤ ਵਲੋਂ ਪਹਿਲਾਂ ਦਿੱਤੀ ਜ਼ਮਾਨਤ ਦੀਆਂ ਹਦਾਇਤਾਂ ਦੇ ਉਲਟ ਗਵਾਹਾਂ ਨੂੰ ਧਮਕਾਇਆ ਗਿਆ ਸੀ ਅਤੇ ਇਕ ਥਾਣੇਦਾਰ ਅਨੋਖ ਸਿੰਘ ਡਰਦੇ ਮਾਰੇ ਵਾਅਦਾ ਮੁਆਫ਼ ਗਵਾਹ ਬਣਨ ਤੋਂ ਵੀ ਮੁੱਕਰ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸੁਮੇਧ ਸੈਣੀ ਤਫ਼ਤੀਸ਼ੀ ਅਫ਼ਸਰ ਨੂੰ ਬਿਨਾਂ ਦੱਸੇ 20 ਅਤੇ 21 ਅਗਸਤ ਨੂੰ ਘਰੋਂ ਬਾਹਰ ਗਿਆ ਸੀ, ਜਦਕਿ ਉਸ ਨੂੰ ਮੈਡੀਕਲ ਐਮਰਜੈਂਸੀ ਨੂੰ ਛੱਡ ਕੇ ਤਫ਼ਤੀਸ਼ੀ ਦੌਰਾਨ ਘਰੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ। ਇਸ ਤੋਂ ਇਲਾਵਾ ਥਾਣਾ ਮਟੌਰ ਦੀ ਪੁਲਿਸ ਵਲੋਂ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਦੇ ਚੰਡੀਗੜ੍ਹ ਦੇ ਸੈਕਟਰ-20 ਵਿਚਲੇ ਘਰ ਜਾ ਕੇ 3 ਦਿਨਾਂ ਦਾ ਨੋਟਿਸ ਦੇਣ ਸਮੇਂ ਵੀ ਉਹ ਗ਼ੈਰਹਾਜ਼ਰ ਪਾਇਆ ਗਿਆ ਅਤੇ ਸੈਣੀ ਦੇ ਕਹਿਣ ‘ਤੇ ਉਸ ਦੇ ਗੰਨਮੈਨ ਨੇ ਵੀ ਸੈਣੀ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
  ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img