22 C
Amritsar
Thursday, March 23, 2023

ਸੁਮੇਧ ਸੈਣੀ ਦੇ ਜ਼ੁਮਲਾਂ ਦੀ ਦਾਸਤਾਨ ਤੋਂ ਉਠਿਆ ਪਰਦਾ

Must read

ਪੰਜਾਬ ਵਿਚ ਪੁਲਸ ਮੁਖੀ ਦੇ ਅਹੁਦੇ ‘ਤੇ ਰਹੇ ਸੁਮੇਧ ਸੈਣੀ ਨੂੰ ਪੰਜਾਬ ਦੇ ਲੋਕ ਇਕ ਜ਼ਾਲਮ ਅਫਸਰ ਵਜੋਂ ਜਾਣਦੇ ਹਨ ਜਿਸ ‘ਤੇ ਦੋਸ਼ ਲੱਗਦੇ ਹਨ ਕਿ ਇਸਨੇ ਵੱਡੀ ਗਿਣਤੀ ‘ਚ ਸਿੱਖ ਨੌਜਵਾਨਾਂ ਨੂੰ ਅਣਮਨੁੱਖੀ ਤਸ਼ੱਦਦ ਦੇ ਕੇ ਕਤਲ ਕੀਤਾ। ਇਸ ਅਫਸਰ ਦੇ ਜ਼ੁਲਮਾਂ ਦਾ ਚਿੱਠਾ ਹੁਣ ਇਸਦੇ ਸਾਥੀ ਪੁਲਸੀਆਂ ਨੇ ਹੀ ਅਦਾਲਤ ਵਿਚ ਖੋਲ੍ਹ ਦਿੱਤਾ ਹੈ। ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ‘ਚ ਪੰਜਾਬ ਦੇ ਸਾਬਕਾ ਪੁਲਸ ਮੁਖੀ ਸੁਮੇਧ ਸੈਣੀ ਦੇ ਨਾਲ ਨਾਮਜ਼ਦ ਕੀਤੇ ਗਏ ਦੋ ਸਾਬਕਾਂ ਇੰਸਪੈਕਟਰਾਂ ਨੂੰ ਮੁਹਾਲੀ ਅਦਾਲਤ ਨੇ ਵਾਅਦਾ ਮੁਆਫ ਗਵਾਹ ਬਣਾ ਲਿਆ ਹੈ। ਇੰਸਪੈਕਟਰ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਸੰਧੂ ਨੂੰ ਇਸ ਜ਼ੁਰਮ ਵਿਚ ਸੈਣੀ ਨਾਲ ਸ਼ਾਮਲ ਮੰਨਿਆ ਗਿਆ ਹੈ।

29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਚਹੇਤੇ ਮੰਨੇ ਜਾਂਦੇ ਇਹਨਾਂ ਇਹਨਾਂ ਇੰਸਪੈਕਟਰਾਂ ਨੇ ਆਪਣੇ ਬਿਆਨਾਂ ਵਿੱਚ ਪੂਰੇ ਘਟਨਾਕ੍ਰਮ ’ਤੇ ਰੌਸ਼ਨੀ ਪਾਉਂਦਿਆਂ ਅਦਾਲਤ ਨੂੰ ਦੱਸਿਆ ਕਿ 1991 ਵਿੱਚ ਚੰਡੀਗੜ੍ਹ ਵਿੱਚ ਐੱਸਐੱਸਪੀ ਵਜੋਂ ਤਾਇਨਾਤੀ ਦੌਰਾਨ ਸੁਮੇਧ ਸੈਣੀ ਦੇ ਕਾਫ਼ਲੇ ਉੱਤੇ ਹੋਏ ਬੰਬ ਧਮਾਕੇ ਤੋਂ ਬਾਅਦ ਮੁਲਜ਼ਮਾਂ ਦੀ ਪੈੜ ਨੱਪਣ ਲਈ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਪੁਲੀਸ ਕਰਮਚਾਰੀ ਮਾਰੇ ਗਏ ਸੀ ਜਦੋਂਕਿ ਸੈਣੀ ਤੇ ਕੁਝ ਹੋਰ ਪੁਲੀਸ ਜਵਾਨ ਜ਼ਖ਼ਮੀ ਹੋ ਗਏ ਸੀ। ਉਦੋਂ ਸੈਣੀ ਦੇ ਕਹਿਣ ’ਤੇ ਬਲਵੰਤ ਸਿੰਘ ਮੁਲਤਾਨੀ ਨੂੰ ਮੁਹਾਲੀ ਸਥਿਤ ਉਸ ਦੇ ਘਰੋਂ ਚੁੱਕ ਕੇ ਸੈਕਟਰ-17 ਥਾਣੇ ਵਿੱਚ ਲਿਆਂਦਾ ਗਿਆ ਸੀ, ਜਿੱਥੇ ਸੈਣੀ ਦੀ ਮੌਜੂਦਗੀ ਵਿੱਚ ਉਸ ’ਤੇ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ।

ਇਹਨਾਂ ਅਫਸਰਾਂ ਨੇ ਅਦਾਲਤ ਨੂੰ ਦੱਸਿਆ ਕਿ ਥਾਣੇ ਵਿਚ ਕੁੱਟਮਾਰ ਦੌਰਾਨ ਹੀ ਮੁਲਤਾਨੀ ਦੀ ਮੌਤ ਹੋ ਗਈ ਸੀ। ਇਸ ਮਗਰੋਂ ਨੌਜਵਾਨ ਦੀ ਲਾਸ਼ ਨੂੰ ਟਿਕਾਣੇ ਲਗਾਉਣ ਲਈ ਵੱਖ-ਵੱਖ ਪੁਲੀਸ ਅਫ਼ਸਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਇਹੀ ਨਹੀਂ ਪੁਲੀਸ ਨੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਕਾਦੀਆਂ (ਗੁਰਦਾਸਪੁਰ) ਥਾਣੇ ਵਿੱਚ ਝੂਠਾ ਕੇਸ ਦਰਜ ਕਰਕੇ ਇਹ ਦਰਸਾਇਆ ਕਿ ਮੁਲਤਾਨੀ ਪੁਲੀਸ ਹਿਰਾਸਤ ’ਚੋਂ ਭੱਜ ਗਿਆ ਹੈ। ਇਸ ਸਬੰਧੀ ਯੂਟੀ ਪੁਲੀਸ ਦੀ ਟੀਮ ਵੱਲੋਂ ਚੰਡੀਗੜ੍ਹ ਵਿੱਚ ਵੀ ਡੀਡੀਆਰ ਦਰਜ ਕੀਤੀ ਗਈ ਸੀ। ਇਸ ਤਰ੍ਹਾਂ ਉਦੋਂ ਪੁਲੀਸ ਵੱਲੋਂ ਮੁਲਤਾਨੀ ਕੇਸ ਨੂੰ ਸਰਕਾਰੀ ਫਾਈਲਾਂ ਵਿੱਚ ਦਫ਼ਨ ਕਰ ਦਿੱਤਾ ਗਿਆ। ਵਾਅਦਾ ਮੁਆਫ਼ ਗਵਾਹ ਬਣੇ ਯੂਟੀ ਪੁਲੀਸ ਦੇ ਸਾਬਕਾ ਅਫ਼ਸਰਾਂ ਨੇ ਆਪਣੇ ਬਿਆਨਾਂ ਵਿੱਚ ਸਪੱਸ਼ਟ ਕੀਤਾ ਕਿ ਮੁਲਤਾਨੀ ਨੂੰ ਅੰਨ੍ਹੇਵਾਹ ਅਣਮਨੁੱਖੀ ਤਸੀਹੇ ਦਿੱਤੇ ਗਏ ਅਤੇ ਉਸ ਦੇ ਸਰੀਰ ’ਚੋਂ ਖੂਨ ਵਗਣਾ ਸ਼ੁਰੂ ਹੋ ਗਿਆ। ਇਹ ਸਾਰਾ ਕੁਝ ਉਨ੍ਹਾਂ ਨੇ ਆਪਣੀ ਅੱਖੀਂ ਦੇਖਿਆ ਹੈ। ਪੁਲੀਸ ਦੀ ਇਸ ਦਰਿੰਦਗੀ ਕਾਰਨ ਮੁਲਤਾਨੀ ਕਾਫੀ ਸਮਾਂ ਦਰਦ ਨਾਲ ਕੁਰਲਾਉਂਦਾ ਰਿਹਾ। ਅਖੀਰ ਉਸ ਨੇ ਦਮ ਤੋੜ ਦਿੱਤਾ। ਇਸ ਤੋਂ ਪਹਿਲਾਂ ਵੀ ਇਸ ਕੇਸ ਵਿੱਚ ਕਈ ਚਸ਼ਮਦੀਦ ਗਵਾਹ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚ ਹਾਈ ਕੋਰਟ ਦੀ ਸੀਨੀਅਰ ਵਕੀਲ ਬੀਬੀ ਵੀ ਸ਼ਾਮਲ ਹੈ। ਉਸ ਨੇ ਵੀ ਆਪਣੇ ਬਿਆਨਾਂ ਵਿੱਚ ਖੁਲਾਸਾ ਕੀਤਾ ਸੀ ਕਿ ਸੈਣੀ ਦੀ ਮੌਜੂਦਗੀ ਵਿੱਚ ਯੂਟੀ ਪੁਲੀਸ ਨੇ ਮੁਲਤਾਨੀ ਉੱਤੇ ਤਸ਼ੱਦਦ ਢਾਹਿਆ ਸੀ ਅਤੇ ਉਹ ਤੁਰਨ ਫਿਰਨ ਤੋਂ ਵੀ ਲਾਚਾਰ ਸੀ।

ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਛੇ ਮੁਲਜ਼ਮਾਂ ਐੱਸਪੀ ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ, ਹਰ ਸਹਾਏ ਸ਼ਰਮਾ (69) ਵਾਸੀ ਸੈਕਟਰ-51ਡੀ, ਜਗੀਰ ਸਿੰਘ (70) ਵਾਸੀ ਸੈਕਟਰ-51, ਅਨੋਖ ਸਿੰਘ (65) ਵਾਸੀ ਸੈਕਟਰ-21 ਅਤੇ ਕੁਲਦੀਪ ਸਿੰਘ ਸੰਧੂ (66) ਵਾਸੀ ਮਨੀਮਾਜਰਾ ਖ਼ਿਲਾਫ਼ ਮਟੌਰ ਥਾਣੇ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਸਪੀ ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ ਦੀ ਮੌਤ ਹੋ ਚੁੱਕੀ ਹੈ।

ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ 
- Advertisement -spot_img

More articles

- Advertisement -spot_img

Latest article