27.9 C
Amritsar
Monday, June 5, 2023

ਸੁਮੇਧ ਸੈਣੀ ਦੇ ਸਾਥੀਆਂ ਨੇ ਦੱਸਿਆ ਕਿ ਕਿਵੇਂ ਬਲਵੰਤ ਸਿੰਘ ਮੁਲਤਾਨੀ ਦਾ ਕਤਲ ਕੀਤਾ ਗਿਆ ਸੀ

Must read

29 ਸਾਲ ਪਹਿਲਾਂ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ‘ਚ ਪੰਜਾਬ ਦੇ ਸਾਬਕਾ ਪੁਲਸ ਮੁਖੀ ਸੁਮੇਧ ਸੈਣੀ ਖਿਲਾਫ ਵਾਅਦਾ ਮੁਆਫ ਗਵਾਹ ਬਣੇ ਚੰਡੀਗੜ੍ਹ ਪੁਲਸ ਦੇ ਦੋ ਸਾਬਕਾ ਇੰਸਪੈਕਟਰਾਂ ਨੇ ਆਪਣੇ ਬਿਆਨ ਕਲਮਬੰਦ ਕਰਵਾ ਦਿੱਤੇ ਹਨ। ਅੱਜ ਮੁਹਾਲੀ ਦੀ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਡਿਊਟੀ ਮੈਜਿਸਟ੍ਰੇਟ ਰਸਵੀਨ ਕੌਰ ਦੀ ਅਦਾਲਤ ਵਿਚ ਸਾਬਕਾ ਇੰਸਪੈਕਟਰ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਸੰਧੂ ਨੇ ਜੱਜ ਦੇ ਸਾਹਮਣੇ ਸੀਆਰਪੀਸੀ ਦੀ ਧਾਰਾ 164 ਦੇ ਤਹਿਤ ਬਿਆਨ ਦਰਜ ਕਰਵਾਏ। ਪਤਾ ਲੱਗਾ ਹੈ ਕਿ ਬਿਆਨ ਦਰਜ ਕਰਨ ਤੋਂ ਪਹਿਲਾਂ ਜੱਜ ਨੇ ਸਚਾਈ ਜਾਣਨ ਲਈ ਸਾਬਕਾ ਪੁਲੀਸ ਅਫ਼ਸਰਾਂ ਨੂੰ ਪੁੱਛਿਆ ਕਿ ਉਹ ਬਿਆਨ ਆਪਣੀ ਮਰਜ਼ੀ ਨਾਲ ਦੇ ਰਹੇ ਹਨ ਜਾਂ ਉਨ੍ਹਾਂ ’ਤੇ ਬਿਆਨ ਦੇਣ ਲਈ ਕਿਸੇ ਕਿਸਮ ਦਾ ਦਬਾਅ ਪਾਇਆ ਗਿਆ ਹੈ। ਉਨ੍ਹਾਂ ਨੇ ਜੱਜ ਨੂੰ ਸਪੱਸ਼ਟ ਕੀਤਾ ਕਿ ਉਹ ਆਪਣੀ ਮਰਜ਼ੀ ਨਾਲ ਬਿਆਨ ਦੇ ਰਹੇ ਹਨ। ਦੋਵੇਂ ਅਧਿਕਾਰੀ ਪਹਿਲਾਂ ਹੀ ਧਾਰਾ 306 ਦੇ ਤਹਿਤ ਲਿਖਤੀ ਰੂਪ ਵਿੱਚ ਸਾਰਾ ਕੁੱਝ ਕਹਿ ਚੁੱਕੇ ਹਨ। ਵਾਅਦਾ ਮੁਆਫ਼ ਗਵਾਹਾਂ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਹੁਣ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਬਾਕੀ ਮੁਲਜ਼ਮਾਂ ਖ਼ਿਲਾਫ਼ ਧਾਰਾ 302 ਦੇ ਜੁਰਮ ਦਾ ਵਾਧਾ ਕੀਤਾ ਜਾ ਸਕਦਾ ਹੈ। ਇਸ ਸਬੰਧੀ ਅਦਾਲਤ ਨੇ ਭਲਕੇ 21 ਅਗਸਤ ਤੱਕ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ।

ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਮੌਕੇ ਇਹ ਦੋਵੇਂ ਸੁਮੇਧ ਸੈਣੀ ਦੇ ਕਰੀਬੀ ਸਨ। ਇਹਨਾਂ ਨੇ ਬਿਆਨਾ ਵਿਚ ਦੱਸਿਆ ਕਿ 1991 ਵਿੱਚ ਚੰਡੀਗੜ੍ਹ ਵਿੱਚ ਐੱਸਐੱਸਪੀ ਵਜੋਂ ਤਾਇਨਾਤੀ ਦੌਰਾਨ ਸੁਮੇਧ ਸੈਣੀ ਦੇ ਕਾਫ਼ਲੇ ਉੱਤੇ ਹੋਏ ਬੰਬ ਧਮਾਕੇ ਤੋਂ ਬਾਅਦ ਮੁਲਜ਼ਮਾਂ ਦੀ ਪੈੜ ਨੱਪਣ ਲਈ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਪੁਲੀਸ ਕਰਮਚਾਰੀ ਮਾਰੇ ਗਏ ਸੀ ਜਦੋਂਕਿ ਸੈਣੀ ਤੇ ਕੁਝ ਹੋਰ ਪੁਲੀਸ ਜਵਾਨ ਜ਼ਖ਼ਮੀ ਹੋ ਗਏ ਸੀ। ਉਦੋਂ ਸੈਣੀ ਦੇ ਕਹਿਣ ’ਤੇ ਬਲਵੰਤ ਸਿੰਘ ਮੁਲਤਾਨੀ ਨੂੰ ਮੁਹਾਲੀ ਸਥਿਤ ਉਸ ਦੇ ਘਰੋਂ ਚੁੱਕ ਕੇ ਸੈਕਟਰ-17 ਥਾਣੇ ਵਿੱਚ ਲਿਆਂਦਾ ਗਿਆ ਸੀ, ਜਿੱਥੇ ਸੈਣੀ ਦੀ ਮੌਜੂਦਗੀ ਵਿੱਚ ਉਸ ’ਤੇ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ। ਇਹਨਾਂ ਅਫਸਰਾਂ ਨੇ ਦੱਸਿਆ ਕਿ ਥਾਣੇ ਵਿਚ ਕੁੱਟਮਾਰ ਦੌਰਾਨ ਹੀ ਮੁਲਤਾਨੀ ਦੀ ਮੌਤ ਹੋ ਗਈ ਸੀ। ਇਸ ਮਗਰੋਂ ਨੌਜਵਾਨ ਦੀ ਲਾਸ਼ ਨੂੰ ਟਿਕਾਣੇ ਲਗਾਉਣ ਲਈ ਵੱਖ-ਵੱਖ ਪੁਲੀਸ ਅਫ਼ਸਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਇਹੀ ਨਹੀਂ ਪੁਲੀਸ ਨੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਕਾਦੀਆਂ (ਗੁਰਦਾਸਪੁਰ) ਥਾਣੇ ਵਿੱਚ ਝੂਠਾ ਕੇਸ ਦਰਜ ਕਰਕੇ ਇਹ ਦਰਸਾਇਆ ਕਿ ਮੁਲਤਾਨੀ ਪੁਲੀਸ ਹਿਰਾਸਤ ’ਚੋਂ ਭੱਜ ਗਿਆ ਹੈ। ਇਸ ਸਬੰਧੀ ਯੂਟੀ ਪੁਲੀਸ ਦੀ ਟੀਮ ਵੱਲੋਂ ਚੰਡੀਗੜ੍ਹ ਵਿੱਚ ਵੀ ਡੀਡੀਆਰ ਦਰਜ ਕੀਤੀ ਗਈ ਸੀ। ਇਸ ਤਰ੍ਹਾਂ ਉਦੋਂ ਪੁਲੀਸ ਵੱਲੋਂ ਮੁਲਤਾਨੀ ਕੇਸ ਨੂੰ ਸਰਕਾਰੀ ਫਾਈਲਾਂ ਵਿੱਚ ਦਫ਼ਨ ਕਰ ਦਿੱਤਾ ਗਿਆ।

ਵਾਅਦਾ ਮੁਆਫ਼ ਗਵਾਹ ਬਣੇ ਯੂਟੀ ਪੁਲੀਸ ਦੇ ਸਾਬਕਾ ਅਫ਼ਸਰਾਂ ਨੇ ਆਪਣੇ ਬਿਆਨਾਂ ਵਿੱਚ ਸਪੱਸ਼ਟ ਕੀਤਾ ਕਿ ਮੁਲਤਾਨੀ ਨੂੰ ਅੰਨ੍ਹੇਵਾਹ ਅਣਮਨੁੱਖੀ ਤਸੀਹੇ ਦਿੱਤੇ ਗਏ ਅਤੇ ਉਸ ਦੇ ਸਰੀਰ ’ਚੋਂ ਖੂਨ ਵਗਣਾ ਸ਼ੁਰੂ ਹੋ ਗਿਆ। ਇਹ ਸਾਰਾ ਕੁਝ ਉਨ੍ਹਾਂ ਨੇ ਆਪਣੀ ਅੱਖੀਂ ਦੇਖਿਆ ਹੈ। ਪੁਲੀਸ ਦੀ ਇਸ ਦਰਿੰਦਗੀ ਕਾਰਨ ਮੁਲਤਾਨੀ ਕਾਫੀ ਸਮਾਂ ਦਰਦ ਨਾਲ ਕੁਰਲਾਉਂਦਾ ਰਿਹਾ। ਅਖੀਰ ਉਸ ਨੇ ਦਮ ਤੋੜ ਦਿੱਤਾ। ਇਸ ਤੋਂ ਪਹਿਲਾਂ ਵੀ ਇਸ ਕੇਸ ਵਿੱਚ ਕਈ ਚਸ਼ਮਦੀਦ ਗਵਾਹ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚ ਹਾਈ ਕੋਰਟ ਦੀ ਸੀਨੀਅਰ ਵਕੀਲ ਬੀਬੀ ਵੀ ਸ਼ਾਮਲ ਹੈ। ਉਸ ਨੇ ਵੀ ਆਪਣੇ ਬਿਆਨਾਂ ਵਿੱਚ ਖੁਲਾਸਾ ਕੀਤਾ ਸੀ ਕਿ ਸੈਣੀ ਦੀ ਮੌਜੂਦਗੀ ਵਿੱਚ ਯੂਟੀ ਪੁਲੀਸ ਨੇ ਮੁਲਤਾਨੀ ਉੱਤੇ ਤਸ਼ੱਦਦ ਢਾਹਿਆ ਸੀ ਅਤੇ ਉਹ ਤੁਰਨ ਫਿਰਨ ਤੋਂ ਵੀ ਲਾਚਾਰ ਸੀ।

ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ 
- Advertisement -spot_img

More articles

- Advertisement -spot_img

Latest article