ਸੁਨਾਮ ‘ਚ ਕਿਸਾਨ ਸੰਘਰਸ਼ ਦੀ ਗੂੰਜ 50ਵੇਂ ਦਿਨ ਵੀ ਦਿੱਤੀ ਸੁਣਾਈ
ਸੁਨਾਮ ਊਧਮ ਸਿੰਘ ਵਾਲਾ- ਕੇਂਦਰ ਸਰਕਾਰ ਦੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿੱਢੇ ਗਏ ਕਿਸਾਨ ਸੰਘਰਸ਼ ਦੀ ਗੂੰਜ ਸੁਨਾਮ ‘ਚ 50 ਵੇਂ ਦਿਨ ਵੀ ਸੁਣਾਈ ਦਿੱਤੀ।ਜਥੇਬੰਦੀ ਵਲੋਂ ਚੋਣਵੇਂ ਭਾਜਪਾ ਆਗੂਆਂ ਦੇ ਕਾਰੋਬਾਰੀ ਟਿਕਾਣਿਆਂ ਨੂੰ ਘੇਰਨ ਦੀ ਮੁਹਿੰਮ ਤਹਿਤ ਅੱਜ ਸੁਨਾਮ ਸ਼ਹਿਰ ‘ਚ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਦੀ ਗੈਸ ਏਜੰਸੀ ਦੇ ਦਫ਼ਤਰ ਤੋਂ ਇਲਾਵਾ ਸਥਾਨਕ ਅਗਰਸੈਨ ਚੌਂਕ ਵਿਖੇ ਕਾਰਪੋਰੇਟ ਘਰਾਣੇ ਦੇ ਟਰੈਂਡਜ਼ ਸ਼ਾਪਿੰਗ ਮਾਲ ਅੱਗੇ ਪੱਕੇ ਮੋਰਚੇ ‘ਤੇ ਬੈਠੇ ਸੈਂਕੜੇ ਕਿਸਾਨਾਂ, ਬੀਬੀਆਂ ਅਤੇ ਨੌਜਵਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ।ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਆਦਿ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕੇਂਦਰ ਦੀ ਮੋਦੀ ਸਰਕਾਰ ਨਾਲ ਆਢਾ ਲਾਉਣ ਲਈ ਮੁਲਕ ਭਰ ਦੀਆਂ ਕਿਸਾਨ ਜਥੇਬੰਦੀਆਂ ਇਕ ਹਨ, ਜਿਨ੍ਹਾਂ ਨੇ ਆਰ ਪਾਰ ਦੀ ਲੜਾਈ ਦਾ ਬਿਗਲ ਵਜਾ ਦਿੱਤਾ ਹੈ ਅਤੇ ਸਰਕਾਰ ਦੀ ਹੈਂਕੜ ਭੰਨ ਕੇ ਹੀ ਦਮ ਲੈਣਗੀਆਂ।ਇਸ ਮੌਕੇ ਰਾਮਸ਼ਰਨ ਸਿੰਘ ਉਗਰਾਹਾਂ, ਪਾਲ ਸਿੰਘ ਦੌਲਾ ਸਿੰਘ ਵਾਲਾ, ਗੋਬਿੰਦ ਸਿੰਘ ਚੱਠੇ ਨਨਹੇੜ੍ਹਾ, ਅਜੈਬ ਸਿੰਘ ਜਖੇਪਲ, ਮਹਿੰਦਰ ਸਿੰਘ ਨਮੋਲ, ਗੁਰਮੇਲ ਸਿੰਘ ਸ਼ਾਹਪੁਰ ਕਲ੍ਹਾਂ ਅਤੇ ਹੈਪੀ ਨਮੋਲ ਆਦਿ ਮੌਜੂਦ ਸਨ।