26-01-2023 ਨੂੰ ਟਵਿੱਟਰ ਮੁਹਿੰਮ ਅਤੇ 08-02-2023 ਨੂੰ ਜਿਲ੍ਹਾ ਪੱਧਰ ਤੇ ਮੁੱਖ ਮੰਤਰੀ ਪੰਜਾਬ ਦੇ ਅਰਥੀ ਫੂਕ ਮੁਜ਼ਾਹਰੇ
ਬਠਿੰਡਾ, 25 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਦੇ ਹੋਏ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਇਕਬਾਲ ਸਿੰਘ ਮਾਨ ਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਤੇ ਜ਼ਿਲ੍ਹਾ ਜਨਰਲ ਸਕੱਤਰ ਰਣਜੀਤ ਸਿੰਘ ਰਾਣਾ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਹਰਮੀਤ ਸਿੰਘ ਬਾਜਾਖਾਨਾ ਨੇ ਕਿਹਾ ਪੰਜਾਬ ਸਰਕਾਰ ਨਾਲ ਨੋਟੀਫਿਕੇਸ਼ਨ ਜਾਰੀ ਹੋਣ ਸਮੇ ਹੋਈ ਮੀਟਿੰਗ ਦੋਰਾਨ ਸਰਕਾਰ ਵੱਲੋਂ ਦੋ ਮਹੀਨੇ ਦੇ ਅੰਦਰ-ਅੰਦਰ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਸੰਬੰਧੀ ਹਦਾਇਤਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਸਰਕਾਰ ਵੱਲੋ ਕੀਤੇ ਵਾਅਦੇ ਮੁਤਾਬਿਕ ਪੁਰਾਣੀ ਪੈਨਸ਼ਨ ਲਾਗੂ ਕਰਨ ਸੰਬੰਧੀ ਮੁਕੰਮਲ ਹਦਾਇਤਾਂ ਅਜੇ ਵੀ ਜਾਰੀ ਨਹੀਂ ਕੀਤੀਆਂ ਗਈਆਂ। ਜਿਸ ਕਾਰਨ 2004 ਬਾਅਦ ਭਰਤੀ ਸਮੁੱਚੇ ਸੀ.ਪੀ.ਐਫ ਅਧੀਨ ਆਉਂਦੇ 1 ਲੱਖ 70 ਹਜ਼ਾਰ ਮੁਲਾਜ਼ਮਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਹੈ। ਯੂਨੀਅਨ ਦੀ ਹੋਈ ਮੀਟਿੰਗ ਅਨੁਸਾਰ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਆਪਣਾ ਰੋਸ਼ ਪ੍ਰਗਟ ਕਰਦਿਆਂ ਮਿਤੀ 26-01-2023 ਨੂੰ ਟਵਿੱਟਰ ਮੁਹਿੰਮ ਚਲਾਈ ਜਾਵੇਗੀ। ਜਿਸ ਵਿੱਚ ਪੰਜਾਬ ਸਰਕਾਰ ਨੂੰ ਵਾਅਦਾ ਯਾਦ ਕਰਵਾਇਆ ਜਾਵੇਗਾ। ਇਸ ਮੌਕੇ ਪੰਜਾਬ ਦੇ ਇਸਤਰੀ ਵਿੰਗ ਦੇ ਪ੍ਰਧਾਨ ਕਿਰਨਾਂ ਖਾਨ ਤੇ ਜ਼ਿਲ੍ਹਾ ਚੇਅਰਮੈਨ ਸੁਖਦਰਸ਼ਨ ਸਿੰਘ ਨੇ ਕਿਹਾ ਜੇਕਰ ਸਰਕਾਰ ਮੁਕੰਮਲ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਮੁਲਾਜ਼ਮਾਂ ਦਾ ਐਨ ਪੀ ਐੱਸ ਬੰਦ ਕਰਕੇ ਜੀ ਪੀ ਐਫ ਖਾਤੇ ਨਹੀਂ ਖੋਲਦੀ ਤਾਂ ਮਿਤੀ 08-02-2023 ਨੂੰ ਪੂਰੇ ਪੰਜਾਬ ਵਿੱਚ ਜਿਲ੍ਹਾ ਪੱਧਰ ਤੇ ਵੱਡੀ ਗਿਣਤੀ ਵਿੱਚ ਵਹੀਕਲ ਮਾਰਚ ਕਰਕੇ ਮੁੱਖ ਮੰਤਰੀ ਪੰਜਾਬ ਦੇ ਅਰਥੀ ਫੂਕ ਮੁਜ਼ਾਹਰੇ ਡੀ.ਸੀ ਦਫ਼ਤਰਾਂ ਦੇ ਬਾਹਰ ਕੀਤੇ ਜਾਣਗੇ।