ਸੀਬੀਐਸਈ ਵੱਲੋਂ 9 ਵੀ ਤੋਂ 12 ਵੀਂ ਤੱਕ ਦੇ ਪਾਠਕ੍ਰਮ ‘ਚ ਕੀਤੀ 30 ਫੀਸਦੀ ਕਟੌਤੀ ਵਿਦਿਆਰਥੀਆਂ ਲਈ ਰਾਹਤ ਜਾਂ ਕੁੱਝ ਹੋਰ?
ਹੁਣੇ ਸੀਬੀਐਸਈ ਨੇ ਉਪਰੋਕਤ ਜਮਾਤਾਂ ਦੇ ਪਾਠਕ੍ਰਮ ‘ਚ 30 ਫੀਸਦ ਦੀ ਕਟੌਤੀ ਕੀਤੀ ਹੈ ਤਾਂ ਜੋ ਕਰੋਨਾ “ਮਹਾਂਮਾਰੀ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਏ ਨੁਕਸਾਨ ਦੇ ਇਵਜ ‘ਚ ਪੜ੍ਹਾਈ ਦਾ ਵਜਨ ਘਟਾਇਆ ਜਾ ਸਕੇ। ਪਰ ਸੰਘੀ ਲਾਣੇ ਬਾਰੇ ਮੁੱਢਲੀ ਸਮਝ ਰੱਖਣ ਵਾਲਾ ਬੰਦਾ ਵੀ ਇਹ ਗੱਲ ਜਾਣਦਾ ਹੈ ਕਿ ਫਾਸੀਵਾਦੀ ਐਵੇਂ ਕੁੱਝ ਨਹੀਂ ਕਰਦੇ ਹੁੰਦੇ ਸਗੋਂ ਹਰੇਕ ਕੰਮ ਪਿੱਛੇ ਇਨ੍ਹਾਂ ਦਾ ਆਪਣਾ ਮਕਸਦ ਹੁੰਦਾ ਹੈ ਤੇ ਖਾਸਕਰ ਸਿਖਿਆ ਨੂੰ ਇਹ ਵੱਧ ਚਾਹ ਕੇ ਲੈਂਦੇ ਹਨ ਕਿਉਂਕਿ ਇਹ ਨਵੀਂਆਂ ਪੀੜ੍ਹੀਆਂ ਦੇ ਦਿਮਾਗ਼ ਨੂੰ ਖੁੰਢਾ ਕਰਨ ਦਾ ਬਿਹਤਰ ਸਾਧਨ ਹੈ।
ਪਾਠਕ੍ਰਮ ‘ਚ ਇਹ ਕਟੌਤੀ ਵੀ ਸਿੱਖਿਆ ਦੇ ਭਗਵੇਕਰਨ ਦੀਆਂ ਲੰਬੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਜਿਸ ਢੰਗ ਨਾਲ਼ ਭਾਜਪਾ ਦੀ ਫਾਸੀਵਾਦੀ ਹਕੂਮਤ ਭਾਰਤ ਦੀ ਸੀਮਤ ਜਮਹੂਰੀਅਤ ਤੇ ਅਗਾਂਹਵਧੂ ਰਵਾਇਤਾਂ ਨੂੰ ਨੁੱਕਰੇ ਲਾਉਣ ਲੱਗੀ ਹੋਈ ਹੈ ਉਸੇ ਤਰਜ਼ ਉੱਪਰ ਸਿੱਖਿਆ ਵਿੱਚੋਂ ਵੀ ਇਹਨਾਂ ਨੂੰ ਬਾਹਰ ਕੀਤਾ ਜਾ ਰਿਹਾ ਹੈ। ਸਿੱਖਿਆ ਵਿੱਚ ਇਹਨਾਂ ਦਾ ਜ਼ਿਕਰ ਕਰਨਾ ਵੀ ਇਹਨਾਂ ਨੂੰ ਬਰਦਾਸ਼ਤ ਨਹੀਂ। ਇਸ ਕਟੌਤੀ ‘ਚ ਇਸ ਫਾਸੀਵਾਦੀ ਹਕੂਮਤ ਦੀ ਅੱਖ ‘ਚ ਰੜਕਣ ਵਾਲੇ ਮਸਲਿਆਂ ਜਿਵੇਂ ਜਮਹੂਰੀ ਹੱਕਾਂ, ਜਮਹੂਰੀਅਤ ਤੇ ਵੰਨ-ਸੁਵੰਨਤਾ, ਨਾਗਰਿਕਤਾ, ਲਿੰਗ, ਧਰਮ, ਜਾਤ, ਅਤੇ ਧਰਮ ਨਿਰਪੱਖਤਾ ਬਾਰੇ ਸਮੱਗਰੀ ਛਾਂਗ ਦਿੱਤੀ ਗਈ ਹੈ। ਭਾਰਤ ਵਿਚਲੀਆਂ ਵੱਖ-ਵੱਖ ਕੌਮਾਂ, ਕੌਮੀਅਤਾਂ ਨੂੰ ਦਰੜ ਕੇ ਇੱਕ ਕੌਮ ਬਣਾਉਣ ਦੇ ਮਨਸੂਬਿਆਂ ਤਹਿਤ ਭਾਰਤ ਦੇ ਸੰਘੀ ਢਾਂਚੇ ਬਾਰੇ, ਖੇਤਰੀ ਸਰਕਾਰਾਂ ਦੀ ਲੋੜ ਤੇ ਵਿਕਾਸ ਬਾਰੇ ਸਮੱਗਰੀ ਨੂੰ ਵੀ ਖਤਮ ਕਰਕੇ “ਇੱਕ ਰਾਸ਼ਟਰ” ਦੇ ਸੁਪਨੇ ਨੂੰ ਵਿਦਿਆਰਥੀਆਂ ਦੇ ਸੰਘ ਹੇਠ ਉਤਾਰੇ ਜਾਣ ਦੀ ਵਿਉਂਤ ਹੈ। ਇਸਤੋਂ ਇਲਾਵਾ ਭਾਰਤ ਦੇ ਗੁਆਢੀ ਮੁਲਕਾਂ (ਪਾਕਿਸਤਾਨ, ਸ੍ਰੀਲੰਕਾ, ਮਿਆਮਾਂਰ, ਬੰਗਲਾਦੇਸ਼ ਤੇ ਨੇਪਾਲ) ਨਾਲ਼ ਸਬੰਧ ਅਤੇ ਵਿਦੇਸ਼ ਨੀਤੀ ਆਦਿ ਬਾਰੇ ਪੂਰੇ ਦੇ ਪੂਰੇ ਪਾਠਾਂ ਨੂੰ ਹੀ ਬਾਹਰ ਵਗਾਹ ਮਾਰਿਆ ਹੈ। ਭਾਰਤ ਦੇ ਪ੍ਰਸਿੱਧ ਸੰਘਰਸ਼ਾਂ ਤੇ ਲਹਿਰਾਂ ਬਾਰੇ ਵੀ ਸਮੱਗਰੀ ਕੱਢ ਦਿੱਤੀ ਹੈ ਕਿਉਂਕਿ ਇਹ ਗੱਲ ਜੱਗ ਜਾਹਿਰ ਹੈ ਕਿ ਅਜਿਹੇ ਸੰਘਰਸ਼ਾਂ ਵਿੱਚ ਸੰਘੀ ਲਾਣੇ ਦੀ ਕੋਈ ਥਾਂ ਨਹੀਂ, ਸਗੋਂ ਇਤਿਹਾਸ ਵਿੱਚ ਇਹਨਾਂ ਦੀ ਭੂਮਿਕਾ ਗੱਦਾਰਾਂ ਵਾਲੀ ਹੀ ਰਹੀ ਹੈ।
ਇਸ ਲਈ ਇਹ ਹੈ ਉਹ “ਬੋਝ” ਜੋ ਵਿਦਿਆਰਥੀਆਂ ਦੇ ਸਿਰਾਂ ਤੋਂ ਲਾਹਿਆ ਹੈ। ਇੱਥੋਂ ਪਤਾ ਲੱਗਦਾ ਹੈ ਕਿ ਸਿੱਖਿਆ ਨੂੰ ਫਾਸੀਵਾਦੀ ਭਗਵੇਂਕਰਨ ਦੀ ਪੁੱਠ ਕਿੰਨੀ ਤੇਜੀ ਨਾਲ ਚਾੜਨ ਲੱਗੇ ਹੋਏ ਹਨ। ਸਿੱਖਿਆ ਉੱਪਰ ਹੋ ਰਹੇ ਅਜਿਹੇ ਹਮਲਿਆਂ ਨੂੰ ਟੱਕਰ ਦੇਣ ਲਈ ਸਾਨੂੰ ਜਥੇਬੰਦ ਹੋਕੇ ਸੰਘਰਸ਼ ਕਰਨ ਦੀ ਲੋੜ ਹੈ।
– ਜਸਵਿੰਦਰ
Related
- Advertisement -
- Advertisement -