ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਕੀਤਾ ਐਲਾਨ : ਜੇ ਤਖ਼ਤਾਂ ਦੇ ਜਥੇਦਾਰ ਰਾਮ ਮੰਦਰ ਦੇ ਨਿਰਮਾਣ ‘ਚ ਸ਼ਾਮਲ ਹੋਏ ਤਾਂ ਮੁੜ ਤਖ਼ਤਾਂ ‘ਤੇ ਨਹੀਂ ਚੜ੍ਹਨ ਦਿਆਂਗੇ
ਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 4 ਅਗਸਤ (ਰਛਪਾਲ ਸਿੰਘ) : ਆਰ.ਐੱਸ.ਐੱਸ ਨੇ ਰਾਮ ਮੰਦਰ ਦੇ ਉਦਘਾਟਨ ਸਮਾਰੌਹ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਬਾਕੀ ਤਖ਼ਤਾਂ ਦੇ ਜਥੇਦਾਰਾਂ ਤੇ ਪੰਥ ਦੀਆਂ ਸਿਰਮੌਰ ਸ਼ਖ਼ਸੀਅਤਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਹੈ ਜਿਸ ਨਾਲ ਇਹ ਚਰਚਾ ਜ਼ੋਰਾਂ ‘ਤੇ ਛਿੜ ਗਈ ਹੈ ਕਿ ਤਖ਼ਤਾਂ ਦੇ ਜਥੇਦਾਰ ਅਤੇ ਹੋਰ ਸਿੱਖ ਓਥੇ ਪਹੁੰਚਣਗੇ ਜਾਂ ਨਹੀਂ ?
ਇਸ ਮਾਮਲੇ ‘ਤੇ ਸਖ਼ਤ ਪ੍ਰਤੀਕਿਰਿਆ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਐਲਾਨ ਕਰ ਦਿੱਤਾ ਹੈ ਕਿ ਜੇ ਤਖ਼ਤਾਂ ਦੇ ਜਥੇਦਾਰ ਰਾਮ ਮੰਦਰ ਦੇ ਨਿਰਮਾਣ ‘ਚ ਸ਼ਾਮਲ ਹੋਏ ਤਾਂ ਅਸੀਂ ਉਹਨਾਂ ਨੂੰ ਮੁੜ ਤਖ਼ਤਾਂ ‘ਤੇ ਨਹੀਂ ਚੜ੍ਹਨ ਦਿਆਂਗੇ ਤੇ ਉਹਨਾਂ ਦਾ ਡੱਟ ਕੇ ਜ਼ੋਰਦਾਰ ਵਿਰੋਧ ਕਰਾਂਗੇ।
ਜਾਰੀ ਮੀਡੀਆ ਬਿਆਨ ‘ਚ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਬਰੀ ਮਸਜਿਦ ਅਤੇ ਰਾਮ ਮੰਦਰ ਦੇ ਰੌਲ਼ੇ ‘ਚ ਹਿੰਦੂਤਵੀਏ ਬੜੀ ਸਾਜਿਸ਼ ਤਹਿਤ ਸਿੱਖਾਂ ਨੂੰ ਬਲ਼ੀ ਦੇ ਬੱਕਰੇ ਬਣਾਉਣ ਦਾ ਯਤਨ ਕਰ ਰਹੇ ਹਨ, ਆਰ.ਐੱਸ.ਐੱਸ. ਦੀ ਇਸ ਕੋਝੀ ਸ਼ਰਾਰਤ ਤੋਂ ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।
ਫ਼ੈਡਰੇਸ਼ਨ ਆਗੂਆਂ ਨੇ ਕਿਹਾ ਕਿ ਤਖ਼ਤਾਂ ਦੇ ਜਥੇਦਾਰ ਅਯੋਧਿਆ ‘ਚ ਜਾ ਕੇ ‘ਸਿੱਖ ਇੱਕ ਵੱਖਰੀ ਕੌਮ’ ਦੇ ਸਿਧਾਂਤ ਨੂੰ ਸੱਟ ਮਾਰਨ ਦਾ ਯਤਨ ਨਾ ਕਰਨ, ਨਹੀਂ ਤਾਂ ਖ਼ਾਲਸਾ ਪੰਥ ਦਾ ਰੋਹ ਉਹ ਝੱਲਣ ਲਈ ਤਿਆਰ ਹੋ ਜਾਣ। ਉਹਨਾਂ ਕਿਹਾ ਕਿ ਇਸ ਮੌਕੇ ਤਖ਼ਤਾਂ ਦੇ ਜਥੇਦਾਰਾਂ ਲਈ ਪਰਖ ਦੀ ਘੜੀ ਹੈ, ਉਹਨਾਂ ਨੂੰ ਤਾਂ ਪਹਿਲਾਂ ਹੀ ਚਾਹੀਦਾ ਸੀ ਕਿ ਉਹ ਆਦੇਸ਼ ਜਾਰੀ ਕਰਦੇ ਕਿ ਕੋਈ ਵੀ ਸਿੱਖ, ਰਾਮ ਮੰਦਰ ਦੇ ਨਿਰਮਾਣ ‘ਚ ਸ਼ਾਮਲ ਨਾ ਹੋਵੇ।
ਉਹਨਾਂ ਕਿਹਾ ਕਿ ਰਾਮ ਮੰਦਰ ਦੇ ਨਿਰਮਾਣ ਲਈ ਗੁਰਧਾਮਾਂ ਤੋਂ ਸਰੋਵਰਾਂ ਦਾ ਅੰਮ੍ਰਿਤ ਲੈ ਕੇ ਆਰ.ਐੱਸ.ਐੱਸ. ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹੀ ਇੱਕ ਹਿੱਸਾ ਦਰਸਾਉਣ ਦਾ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਰ ਦੀ ਉਸਾਰੀ ਕਰਨੀ ਇਸਲਾਮ ਜਗਤ ਨਾਲ਼ ਸਰਾਸਰ ਧੱਕਾ ਅਤੇ ਬੇਇਨਸਾਫ਼ੀ ਹੈ ਤੇ ਅਦਾਲਤ ਨੇ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਇੱਕ-ਪਾਸੜ ਫ਼ੈਸਲਾ ਕੀਤਾ ਸੀ, ਉਹਨਾਂ ਕਿਹਾ ਕਿ ਸਿਆਣਪ ਤਾਂ ਇਹੀ ਹੈ ਕਿ ਮੰਦਰ-ਮਸਜਿਦ ਦੇ ਰੌਲ਼ੇ ਤੋਂ ਸਿੱਖ ਦੂਰੀ ਬਣਾ ਕੇ ਰੱਖਣ।
ਉਹਨਾਂ ਕਿਹਾ ਕਿ ਜਿਨ੍ਹਾਂ ਨੇ ਤੋਪਾਂ-ਟੈਂਕਾ ਨਾਲ਼ ਸਾਡਾ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ, ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਅਤੇ ਭਾਈ ਅਮਰੀਕ ਸਿੰਘ ਤੇ ਹੋਰ ਅਨੇਕਾਂ ਸਿੱਖਾਂ ਨੂੰ ਸ਼ਹੀਦ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅੱਗਾਂ ਲਾਈਆਂ, ਸਿੱਖਾਂ ਦੀ ਨਸਲਕੁਸ਼ੀ ਕੀਤੀ, ਝੂਠੇ ਮੁਕਾਬਲਿਆਂ ‘ਚ ਡੇਢ ਲੱਖ ਸਿੱਖ ਨੌਜਵਾਨ ਮਾਰਿਆ ਉਹਨਾਂ ਹਿੰਦੂਤਵੀਆਂ, ਭਾਜਪਾਈਆਂ ਅਤੇ ਆਰ.ਐੱਸ.ਐੱਸ ਨਾਲ ਸਾਡੀ ਸਾਂਝ ਹੋਣ ਦਾ ਕੋਈ ਮਤਲਬ ਹੀ ਨਹੀਂ।
ਉਹਨਾਂ ਕਿਹਾ ਕਿ ਜਦੋਂ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਹੋਈ ਸੀ ਤਾਂ ਕਿੰਨੇ ਕੁ ਹਿੰਦੂ ਸੰਪਰਦਾਵਾਂ ਦੇ ਆਗੂ ਪਹੁੰਚੇ ਸਨ ? ਇਹ ਤਾਂ ਅਕਾਲ ਤਖ਼ਤ ਸਾਹਿਬ ਦੇ ਹਮਲੇ ਸਮੇਂ ਲੱਡੂ ਵੰਡਦੇ ਫਿਰਦੇ ਸਨ। ਫ਼ੈਡਰੇਸ਼ਨ ਆਗੂਆਂ ਨੇ ਕਿਹਾ ਕਿ ‘ਸਿੱਖ ਬੇਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ ਨਾ ਬਣਨ।’
- Advertisment -