ਔਟਵਾ, 25 ਜੁਲਾਈ (ਬੁਲੰਦ ਆਵਾਜ ਬਿਊਰੋ) – ਅਫ਼ਗਾਨਿਸਤਾਨ ਵਿੱਚ ਤਾਲਿਬਾਨੀ ਅੱਤਵਾਦੀਆਂ ਦੇ ਡਰ ਹੇਠ ਜ਼ਿੰਦਗੀ ਬਸਰ ਕਰ ਰਹੇ ਸਿੱਖਾਂ ਸਣੇ ਕੈਨੇਡੀਅਨ ਫ਼ੌਜ ਦੀ ਮਦਦ ਕਰਨ ਵਾਲੇ ਬਹੁਤ ਸਾਰੇ ਅਫ਼ਗਾਨੀਆਂ ਨੂੰ ਜਲਦ ਹੀ ਕੈਨੇਡਾ ਵਿੱਚ ਪਨਾਹ ਮਿਲਣ ਜਾ ਰਹੀ ਹੈ। ਕੈਨੇਡਾ ਦੀ ਲਿਬਰਲ ਸਰਕਾਰ ਵੱਲੋਂ ਇਨ੍ਹਾਂ ਅਫ਼ਗਾਨੀ ਨਾਗਰਿਕਾਂ ਦੇ ਮੁੜ ਵਸੇਬੇ ਲਈ ‘ਸਪੈਸ਼ਲ ਇੰਮੀਗ੍ਰੇਸ਼ਨ ਮਾਪਦੰਡ’ ਤਿਆਰ ਕੀਤੇ ਜਾ ਰਹੇ ਹਨ।
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਵਿਦੇਸ਼ ਮੰਤਰੀ ਮਾਰਕ ਗਾਰਨੋ ਅਤੇ ਇੰਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸੀਨੋ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਸਹਿਮ ਦਾ ਸੰਤਾਪ ਹੰਢਾਅ ਰਹੇ ਲੋਕਾਂ ਨੂੰ ਕੈਨੇਡਾ ਵਿੱਚ ਮੁੜ ਵਸੇਬੇ ਦਾ ਮੌਕਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਹ ਇੱਕ ਖੁਸ਼ਹਾਲੀ ਤੇ ਆਜ਼ਾਦ ਜ਼ਿੰਦਗੀ ਜੀਅ ਸਕਣ। ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਇਸ ਪਾਸੇ ਕਦਮ ਚੁੱਕਣ ਲਈ ਖਾਸ ਯੋਜਨਾ ਤਿਆਰ ਕਰ ਰਹੀ ਹੈ ਅਤੇ ਜਲਦ ਹੀ ਯੋਜਨਾ ਨੂੰ ਬੂਰ ਪੈ ਜਾਵੇਗਾ। ਅਫ਼ਗਾਨਿਸਤਾਨ ਵਿੱਚ ਕੈਨੇਡੀਅਨ ਫ਼ੌਜ ਦੀ ਮਦਦ ਕਰਨ ਵਾਲੇ ਲੋਕਾਂ, ਕੈਨੇਡੀਅਨ ਅੰਬੈਸੀ ਦੇ ਮੌਜੂਦਾ ਤੇ ਸਾਬਕਾ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਦੁਭਾਸ਼ੀਏ ਅਤੇ ਸਿੱਖ ਤੇ ਹਿੰਦੂ ਘੱਟਗਿਣਤੀ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ’ਚ ਓਟ ਆਸਰਾ ਦੇਣ ਲਈ ਕਦਮ ਪੁੱਟੇ ਜਾਣਗੇ।
ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ 31 ਅਗਸਤ ਤੱਕ ਅਫ਼ਗਾਨਿਸਤਾਨ ਵਿੱਚੋਂ ਆਪਣੇ ਸਾਰੇ ਫ਼ੌਜੀਆਂ ਨੂੰ ਵਾਪਸ ਸੱਦਣ ਦੇ ਐਲਾਨ ਮਗਰੋਂ ਤਾਲਿਬਾਨ ਨੇ ਕਹਿਰ ਮਚਾਇਆ ਹੋਇਆ ਹੈ ਅਤੇ ਉਸ ਦਾ ਦਾਅਵਾ ਹੈ ਕਿ ਉਸ ਨੇ ਅਫ਼ਗਾਨਿਸਤਾਨ ਦੇ ਲਗਭਗ 80 ਫੀਸਦੀ ਹਿੱਸੇ ’ਤੇ ਕਬਜ਼ਾ ਕਰ ਲਿਆ ਹੈ। ਇਸ ਦੌਰਾਨ ਤਾਲਿਬਾਨ ਵੱਲੋਂ ਪੱਤਰਕਾਰਾਂ, ਕੈਨੇਡੀਅਨ ਫ਼ੌਜੀਆਂ ਦੀ ਮਦਦ ਕਰਨ ਵਾਲੇ ਦੋਭਾਸ਼ੀਏ ਅਤੇ ਸਿੱਖ ਤੇ ਹਿੰਦੂ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੇ ਦਿਨੀਂ ਅੱਤਵਾਦੀਆਂ ਨੇ ਕਵਰੇਜ ਕਰ ਰਹੇ ਇੱਕ ਫ਼ੋਟੋ ਪੱਤਰਕਾਰ ਦਾ ਕਤਲ ਕਰ ਦਿੱਤਾ ਸੀ। ਅਫ਼ਗਾਨਿਸਤਾਨ ਵਿੱਚ ਤਾਲਿਬਾਨੀ ਅੱਤਵਾਦੀਆਂ ਵਿਰੁੱਧ ਕੈਨੇਡਾ ਦਾ ਲੜਾਕੂ ਮਿਸ਼ਨ 10 ਸਾਲ ਪਹਿਲਾਂ ਇਸੇ ਮਹੀਨੇ ਖ਼ਤਮ ਹੋ ਗਿਆ ਸੀ।
ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਦੱਸਿਆ ਕਿ ਕੈਨੇਡਾ ਸਰਕਾਰ ਸੁਰੱਖਿਆ ਕਾਰਨਾਂ ਕਰਕੇ ਅਫ਼ਗਾਨੀ ਰਫਿਊਜੀਆਂ ਨੂੰ ਪਨਾਹ ਦੇਣ ਸਬੰਧੀ ਆਪਣੀ ਯੋਜਨਾ ਬਾਰੇ ਅਜੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦੇ ਸਕਦੀ, ਪਰ ਇਸ ਪਾਸੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਇਸ ਤੋਂ ਪਹਿਲਾਂ 2009 ਤੋਂ 2011 ਤੱਕ ਇੱਕ ਸਪੈਸ਼ਲ ਇੰਮੀਗ੍ਰੇਸ਼ਨ ਪ੍ਰੋਗਰਾਮ ਰਾਹੀਂ 800 ਤੋਂ ਵੱਧ ਅਫ਼ਗਾਨੀ ਨਾਗਰਿਕਾਂ ਤੇ ਉਨ੍ਹਾਂ ਨੇ ਪਰਿਵਾਰਾਂ ਨੂੰ ਕੈਨੇਡਾ ਨੇ ਪਨਾਹ ਦਿੱਤੀ ਸੀ। ਇਸ ਮਗਰੋਂ 2012 ਵਿੱਚ ਵੀ ਇਹ ਪ੍ਰੋਗਰਾਮ ਚਲਾਇਆ ਗਿਆ। ਉਸ ਤੋਂ ਬਾਅਦ ਹੁਣ ਫਿਰ ਕੈਨੇਡਾ ਸਰਕਾਰ ਨੇ ਇਸ ਪਾਸੇ ਕਦਮ ਚੁੱਕਣ ਦਾ ਮੰਨ ਬਣਾਇਆ ਹੈ, ਤਾਂ ਜੋ ਮੌਤ ਦੇ ਮੂੰਹ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਇੱਕ ਵਧੀਆ ਤੇ ਡਰ ਰਹਿਤ ਜ਼ਿੰਦਗੀ ਜੀਣ ਦਾ ਮੌਕਾ ਮਿਲ ਸਕੇ।