ਸਿੱਖਾਂ ਦੀਆਂ ਜੰਗਜੂ ਰਵਾਇਤਾਂ ਨੂੰ ਖਤਮ ਕਰਨ ਵਿਚ ਬਿਸਲਰੀ ਦੇ “ਲੰਗਰ” ਲਾਉਣ ਵਾਲ਼ੀਆਂ ਸੰਸਥਾਵਾਂ ਦੇ ਯੋਗਦਾਨ ਤੇ ਇਕ ਝਾਤ

95

ਵੱਡੀਆਂ ਪੱਛਮੀ ਸਮਾਜ ਸੇਵੀ ਸੰਸਥਾਵਾਂ ਬਾਰੇ ਲਿਖਾਰਨ ਅਰੁੰਧਤੀ ਰਾਏ ਦਾ ਇਹ ਕਥਨ ਹੈ :
“Armed with their billions, these NGOs have waded into the world, turning potential revolutionaries into salaried activists, funding artists, intellectuals, and filmmakers, gently luring them away from radical confrontation.”
(ਅਰਬਾਂ ਰੁਪਈਆ਼ ਦੀਆਂ ਪੰਡਾਂ ਨਾਲ ਲੱਦੀਆਂ ਇਹ ਗੈਰ ਸਰਕਾਰੀ ਸੰਸਥ‍ਵਾਂ ( NGO ) ਦੁਨੀਆਂ ਤੇ ਟੁੱਟ ਪਈਆਂ ਨੇ ਤੇ ਸੰਭਾਵਿਤ ਇਨਕਲਾਬੀਆਂ ਨੂੰ ਤਨਖਾਹਦਾਰ ਕਾਰਕੁੰਨ, ਫੰਡ ਕੱਠੇ ਕਰਨ ਵਾਲੇ ਕਲਾਕਾਰ, ਬੁੱਧੀਜੀਵੀ ਅਤੇ ਫਿਲਮਾਂ ਬਣਾਉਣ ਵਾਲਿਆਂ ‘ਚ ਬਦਲ ਦੇੰਦੀਆਂ ਨੇ। ਇਉਂ ਉਨਾਂ ਨੂੰ ਜੰਗਜੂ ਟਕਰਾਅ ਤੋਂ ਨਰਮੀ ਨਾਲ ਪਾਸੇ ਕਰ ਲਿਆ ਜਾਂਦਾ ਹੈ।) ਇਹ ਕਥਨ ਮੈਨੂੰ ਸਾਡੇ ਰੁਝਾਨ ਤੇ ਵੀ ਵਾਹਵਾ ਢੁਕਵਾਂ ਲੱਗਾ। 1992-95 ਮਗਰੋਂ ਸਿੱਖ ਸੰਘਰਸ਼ ‘ਚ ਖੜੋਤ ਕਾਹਦੀ ਆਈ, ਸਾਡੀਆਂ ਤਰਜੀਹਾਂ ਹੀ ਬਦਲ ਗਈਆਂ। ਵੀਹਵੀਂ ਸਦੀ ਦੇ ਅੰਤ ਤੱਕ ਸਿੱਖਾਂ ਅੰਦਰ ਜੰਗਜੂ ਸੁਭਾਅ, ਗੁਰੂ ਦੇ ਭਾਣੇ ‘ਚ ਰਹਿਣ, ਖ਼ੁਸ਼ਾਮਦ ਕਰਨ ਤੇ ਕਰਾਓਣ ਤੋਂ ਦੂਰੀ, ਸਰਬੱਤ ਦੇ ਭਲੇ ਦਾ ਸਿਧਾਂਤ, ਆਪਣੇ ਹੱਕਾਂ ਦੀ ਪਛਾਣ, ਤੇ ਗਰੀਬ ਮਜ਼ਲੂਮ ਨਾਲ ਡੱਟਕੇ ਖਲੋਣ ਦੀ ਜੁਰਅਤ ਸੀ। ਏ ਸਭ ਕੁਝ ਸਹਿਜ ਸੁਭਾਅ ‘ਚ ਚੱਲਦਾ ਸੀ। ਇੱਕੀਵੀਂ ਸਦੀ ਚੜ੍ਹਦਿਆਂ ਹੀ ਸ਼ਾਇਦ ਸਿੱਖਾਂ ਨੂੰ ਲੱਗਣ ਲੱਗਾ ਕਿ ਸਾਡਾ ਇਤਿਹਾਸ ਬਹੁਤ ਮਾੜਾ ਰਿਹਾ, ਸਾਨੂੰ ਪਿਛਲੀਆਂ ਪੰਜ ਸਦੀਆਂ ‘ਚ ਸਾਡੇ ਵੱਲੋਂ ਦੂਸਰਿਆਂ ਤੇ ਕੀਤੇ ਹਜ਼ਾਰਾਂ ਜ਼ੁਲਮਾਂ! ਦਾ ਪਛਤਾਵਾ ਕਰਨਾ ਚਾਹੀਦਾ। ਸੋ ਸਿੱਖਾਂ ਨੇ ਬਾਕੀ ਸਭ ਸਿਧਾਂਤ ਗੈਰ ਜ਼ਰੂਰੀ ਮੰਨ ਮਨੁੱਖਤਾਵਾਦੀ (humanitarian) ਬਣਨ ਦਾ ਫੈਸਲਾ ਕਰ ਲਿਆ। ਤੇ ਮਨੁੱਖਤਾ ਦੀ ਸੇਵਾ ਨੂੰ ਭਵਿੱਖ ਦਾ ਟੀਚਾ ਮਿੱਥ ਬਾਕੀ ਬਹੁਤਾ ਕੁਝ ਹਾਸ਼ੀਏ ਤੇ ਕਰ ਦਿੱਤਾ।

Italian Trulli

ਜਿੱਥੇ ਸਿੱਖ ਲਈ ਪਹਿਲਾਂ ਮਨੁੱਖਤਾਵਾਦੀ ਹੋਣਾ ਬਾਕੀ ਗੁਣਾ ਦੇ ਨਾਲ ਸਹਿਜ ਦਾ ਹਿੱਸਾ ਸੀ, ਓਥੇ ਇੱਕੀਵੀ ਸਦੀ ‘ਚ ਸਿੱਖਾਂ ਨੇ ਆਪਣੇ ਗਲ਼ ਮਨੁੱਖਤਾਵਾਦੀ ਹੋਣ ਦੀ ਤਖ਼ਤੀ ਪਾ ਲਈ। ਫਿਰ ਇਹਨੂੰ ਨਵੇ ਨਵੇ ਨਾਵਾਂ ਨਾਲ ਸ਼ਿੰਗਾਰਿਆ ਗਿਆ, ਸੌਫਟ ਪਾਵਰ, ਸਿਫ਼ਤ, ਇਮੇਜ ਬਿਲਡਿੰਗ ਤੇ ਹੋਰ ਲੱਲੇ ਭੱਬੇ। ਅਸੀਂ ਪਤੀਲੇ ਚੁੱਕ ਕੇ ਦੁਨੀਆ ਦੀ ਹਰ ਨੁੱਕਰੇ ਪਹੁੰਚ ਕੇ ਲੰਗਰ ਲਾ ਦਿੱਤੇ। ਅਸੀਂ ਮੁਸਲਮਾਨਾ ਨੂੰ ਇਫਤਾਰੀ ਕਰਾਓਣ ਲਈ ਗੁਰੂ ਘਰਾਂ ਦੇ ਬੂਹੇ ਖੋਲ ਦਿੱਤੇ। ਏਥੋਂ ਤੱਕ ਕਿ ਜਾਮਾ ਮਸਜਿਦ ਜਾਕੇ ਸਫਾਈ ਵੀ ਕਰ ਆਏ। ਕਿ ਕਿਸੇ ਪਾਸਿਓਂ ਸਾਡੇ ਦੁਨੀਆ ਦੇ ਮਹਾਨ ਮਨੁੱਖਤਾਵਾਦੀ ਹੋਣ ਦਾ ਝੰਡਾ ਨੀਵਾਂ ਨਾ ਰਹਿ ਜਾਵੇ। ਪਰ ਇਸ ਸਭ ਕੁਝ ਵਿੱਚ ਅਸੀਂ ਆਪਣੇ ਹੱਕ ਤੇ ਆਪਣੀ ਲੜਾਈ ਭੁੱਲਦੇ ਗਏ। ਸਗੋਂ ਮਨੁੱਖਤਾਵਾਦ ਵਿੱਚੋਂ ਹੀ ਆਪਣੀ ਲੜਾਈ ਦੇ ਹੱਲ ਵੀ ਦੱਸਣੇ ਸ਼ੁਰੂ ਕਰ ਦਿੱਤੇ। ਆਖਰ ਮਨੁੱਖਤਾਵਾਦ ਸਾਡੀ ਸੌਫਟ ਪਾਵਰ ਜੋ ਹੋਈ। ਗੁਰੂ ਕਾਲ ਤੋਂ ਹੀ ਗੁਰੂ ਕੇ ਲੰਗਰ ਹਰੇਕ ਗੁਰੂ ਘਰ ‘ਚ ਸਿੱਖਾਂ ਦੇ ਪੰਗਤ ਤੇ ਸੰਗਤ ਦੇ ਸਿਧਾਂਤ ਨਾਲ ਚੱਲਦੇ ਆਏ ਸਨ। ਪਰ ਮਨੁੱਖਤਾਵਾਦੀ ਬਣਨ ਦੀ ਦੌੜ ਨੇ ਸਾਨੂੰ ਬੇਲੋੜੇ ਲੋਕਾਂ ਤੱਕ ਘਰੋ ਘਰੀ ਲੰਗਰ ਦੇ ਪੈਕਟ ਪਹੁੰਚਾਉਣ ਤੇ ਸ਼ੌਪਿੰਗ ਸੈਂਟਰਾਂ ‘ਚ ਮੇਜ਼ ਲਾਕੇ ‘ਟੇਸਟ ਕਰਲੋ ਪਲੀਜ਼’ ਕਹਿਣ ਤੱਕ ਵੀ ਲੈ ਆਂਦਾ। ਵੇਖਾ ਵੇਖੀ ਲੰਗਰ ਲਾਉਣੇ ਤੇ ਓਹਦੇ ਚੋਂ ਖੁਸ਼ਾਮਦ ਭਾਲਣੀ ਹੀ ਸਿੱਖੀ ਦਾ ਮੂਲ ਸਿਧਾਂਤ ਬਣਾ ਲੈਣਾ, ਹਰੇਕ ਆਮ ਸਿੱਖ ਦੀ ਇਹ ਸਮਝ ਸਥਾਪਿਤ ਕਰਨ ‘ਚ ਵੱਡੀਆਂ ਮਨੁੱਖਤਾਵਾਦੀ ਸੰਸਥਾਵਾਂ ਦਾ ਵੱਡਾ ਰੋਲ ਰਿਹਾ। ਸੇਵਾ ਮਗਰ ਸੰਸਥਾਵਾਂ ਦੀ ਆਪਸੀ credit war ਵੀ ਪ੍ਰਤੱਖ ਆ। ਜਦੋਂ ਇਸ ਮਸ਼ਹੂਰੀ ਤੇ ਖ਼ੁਸ਼ਾਮਦ ਵਾਲੇ ਮਨੁੱਖਤਾਵਾਦ ਦੇ ਵਿਰੋਧ ‘ਚ ਕਿਸੇ ਦੇ ਜਾਇਜ਼ ਸਵਾਲ ਨੂੰ ਮੁਖਾਤਿਬ ਨਾ ਹੋਇਆ ਗਿਆ ਤਾਂ ਸਭ ਤੋਂ ਪਹਿਲਾ ਸਵਾਲ ਕਰਨ ਵਾਲੇ ਦਾ ਸਵਾਲ ਬਦਲਿਆ ਗਿਆ। ਸਵਾਲ ਨੂੰ ਆਪਣੇ ਮੁਤਾਬਿਕ ਢਾਲ ਕੇ ਫਿਰ ਸਹੂਲਤ ਮੁਤਾਬਿਕ ਜਵਾਬ ਤਰਾਸ਼ਿਆ ਗਿਆ।

ਫਿਰ ਸਵਾਲ ਕਰਨ ਵਾਲੇ ਨੂੰ ਨਫਰਤੀ ਤੇ ਈਰਖਾਲੂ ਜਹੇ ਤਗਮਿਆਂ ਨਾਲ ਨਿਵਾਜਿਆ ਗਿਆ। ਓਹੋ ਨਫਰਤੀ ਤੇ ਈਰਖਾਲੂ ਜੋ ਪੰਜਾਬ ‘ਚ ਆਏ ਹੜ੍ਹਾਂ ਦੌਰਾਨ ਕਿਸੇ ਟੁੱਚੇ ਸਾਧ ਤੇ ਉਹਦੇ ਚੇਲਿਆਂ ਵੱਲੋਂ ਮਨੁੱਖਤਾਵਾਦੀਆਂ ਖਿਲਾਫ ਉੱਠੀਆਂ ਉਂਗਲ਼ਾਂ ਨੂੰ ਭੰਨਦੇ ਫਿਰਦੇ ਸੀ।
ਸਵਾਲ ਤੇ ਬੜਾ ਸੌਖਾ ਸੀ, ਕਿ ਜਦੋਂ ਮਸ਼ਕ ਵਾਲੇ ਭਾਈ ਦੇ ਵਾਰਸਾਂ ਘਰ ਹਜ਼ਾਰਾਂ ਲੋੜਾਂ ਹੋਣ, ਘਰ ਯੂਰਪੀਅਨ ਮਿਸ਼ਨਰੀ ਬੈਠੇ ਪੈਸੇ, ਮੈਡੀਕਲ ਤੇ ਭੂਤ ਕੱਢਣ ਦੇ ਲਾਲਚ ‘ਚ ਨਿੱਤ ਪਿੰਡਾ ਦੇ ਪਿੰਡ ਧਰਮ ਬਦਲੀ ਕਰ ਰਹੇ ਹੋਣ ਤੇ ਮਸ਼ਕ ਵਾਲੇ ਆਪ ਕਿਸੇ ਸੈਕੂਲਰ ਪੱਤਰਕਾਰ ਨਾਲ ਟੀਵੀ ਤੇ ਬਹਿ ਖੁਸ਼ਾਮਦ ਕਰਵਾ ਰਹੇ ਹੋਣ। ਤੇ ਓਹੋ ਸੈਕੂਲਰ ਪੱਤਰਕਾਰਾਂ ਦਾ ਟੋਲਾ ਪਿੱਛੋਂ ਤੁਹਾਡੇ ਰਾਜਨੀਤਿਕ ਖਿਆਲ ਨੂੰ ਅੱਤਵਾਦ ਦਾ ਨਾਮ ਦੇਕੇ ਤਹਾਨੂੰ ‘ਖ਼ਤਰਨਾਕ ਦਹਿਸ਼ਤਗਰਦ ਲੋਕ’ ਹੋਣ ਦਾ ਖਿਤਾਬ ਦੇ ਰਿਹਾ ਹੋਵੇ। ਤੇ ਫਿਰ ਤੁਸੀ ਰਾਜਨੀਤਿਕ ਬਹਿਸ ਤੋਂ ਪਾਸਾ ਵੱਟ ਲਵੋ, ਕਿਉਂਕਿ ਤੁਹਾਡਾ ਕੰਮ ਤੇ ਸਿਰਫ ਸੇਵਾ ਕਰਨੀ ਹੋਇਆ! 2015 ਦੇ ਇੱਕ ਸਰਵੇਖਣ ਮੁਤਾਬਿਕ ਭਾਰਤ ਵਿੱਚ ਤੇਤੀ ਤੋਂ ਪੈਂਤੀ ਲੱਖ NGO’s ਨੇ। ਤਕਰੀਬਨ ਹਰੇਕ 400 ਬੰਦੇ ਮਗਰ ਇੱਕ NGO। ਅਮਰੀਕਾ ਵਿੱਚ ਏ ਗਿਣਤੀ ਤਕਰੀਬਨ ਪੰਦਰਾਂ ਲੱਖ ਆ। ਪਰ ਧਰਮ ਦੀ ਵਿਰਾਸਤੀ ਪੂੰਜੀ ਵਰਤਕੇ ਸੇਵਾ ਕਰਨ ਵਾਲ਼ੀਆਂ ਸੰਸਥਾਵਾਂ ਸਿਰਫ ਸਿੱਖਾਂ ਦੀਆ ਹੀ ਮਸ਼ਹੂਰ ਨੇ। ਕਾਰਨ ਲੱਭਣ ਦੀ ਕੋਸ਼ਿਸ਼ ਕਰੀਏ।

ਪਿੱਪਲ਼ ਸਿੰਘ      (ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)