ਸ੍ਰੀ ਅੰਮ੍ਰਿਤਸਰ ਸਾਹਿਬ, 24 ਮਈ (ਰਛਪਾਲ ਸਿੰਘ) -ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਫ਼ਿਲਮਾਂ ਬਣਾਉਣ ਪ੍ਰਤੀ ਉਠਾਏ ਜਾ ਰਹੇ ਕਦਮਾਂ ਪ੍ਰਤੀ ਟਿੱਪਣੀ ਕਰਦਿਆਂ ਫੈਡਰੇਸ਼ਨ ਆਗੂ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬੀਤੇ ਤੋਂ ਕੋਈ ਸਬਕ ਨਹੀਂ ਸਿੱਖਿਆ ਅਤੇ ਉਸ ਵੱਲੋਂ ਹੁਣ ਗੁਰੂ ਸਾਹਿਬਾਨ ਬਾਰੇ ਫ਼ਿਲਮਾਂ ਬਣਾਉਣ ਦੀ ਸੋਚ ਸਿੱਖ ਕੌਮ ਨੂੰ ਬਖੇੜਿਆਂ ਦੇ ਰਾਹ ਪਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਕਿਸੇ ਤਰਾਂ ਵੀ ਕਿਸੇ ਵੀ ਸੰਸਥਾ ਜਾਂ ਵਿਅਕਤੀ ਨੂੰ ਗੁਰੂ ਸਾਹਿਬਾਨਾਂ ਜਾਂ ਗੁਰੂਘਰ ਦੇ ਗੁਰਸਿੱਖਾਂ ਦਾ ਕਿਰਦਾਰ ਆਦਿ ਦੇ ਰੋਲ ਨਿਭਾਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਬੀਬੀ ਜਗੀਰ ਕੌਰ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਨੂੰ ਸਕਰਿਪਟ ਤਿਆਰ ਕਰਨ, ਫ਼ਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਅਪਰੂਵ ਕਰਨ ਸਬੰਧੀ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਿਚ ਸ਼ਾਮਲ ਕੀਤੇ ਜਾਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਿਨ੍ਹਾਂ ਦੇ ਸਿਰ ’ਤੇ ਪੰਥ ਦੀਆਂ ਅਮੀਰ ਰਵਾਇਤਾਂ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਹੈ ਉਨ੍ਹਾਂ ਨੂੰ ਹੀ ਰਵਾਇਤਾਂ ਨੂੰ ਤੋੜਨ ਲਈ ਬੀਬੀ ਹਦਾਇਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਉਕਤ ਮਕਸਦ ਲਈ ਕੋਈ ਵੀ ਜਥੇਦਾਰ ਫ਼ਿਲਮ ਤਿਆਰੀ ਬਾਰੇ ਕਮੇਟੀ ਦਾ ਹਿੱਸਾ ਨਹੀਂ ਬਣ ਸਕਦਾ।
ਫ਼ਿਲਮਾਂ ਪ੍ਰਤੀ ਸਮੀਖਿਆ ਕਰਨੀ ਮਾਹਿਰਾਂ ਅਤੇ ਵਿਦਵਾਨਾਂ ਦਾ ਕੰਮ ਹੈ ਨਾ ਕਿ ਜਥੇਦਾਰ ਸਾਹਿਬਾਨ ਦਾ। ਜਥੇਦਾਰ ਸਾਹਿਬਾਨ ਨੇ ਕੌਮ ਨੂੰ ਉਸਾਰੂ ਸੇਧ ਦੇਣੀ ਹੁੰਦੀ ਹੈ ਅਤੇ ਕੌਮ ਦੇ ਹਿਤ ’ਚ ਮਸਲਿਆਂ ਪ੍ਰਤੀ ਮਰਯਾਦਾ ਅਨੁਸਾਰ ਫ਼ੈਸਲੇ ਦੇਣ ਹੁੰਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦੌਰਾਨ ਗੁਰੂ ਸਾਹਿਬਾਨ ਪ੍ਰਤੀ ਬਣਾਈਆਂ ਗਈਆਂ ਫ਼ਿਲਮਾਂ ਨੂੰ ਲੈ ਕੇ ਕਈ ਵਾਰ ਵਿਵਾਦ ਖੜੇ ਹੁੰਦੇ ਰਹੇ ਅਤੇ ਸੰਗਤ ਵੱਲੋਂ ਫ਼ਿਲਮਾਂ ਦੇ ਵਿਰੋਧ ਵਿਰ ਧਰਨੇ ਤਕ ਦਿੱਤੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫ਼ਿਲਮਾਂ ਦੀ ਘੋਖ ਸੰਬੰਧੀ ਸਭ ਕਮੇਟੀਆਂ ਬਣਾਈਆਂ ਗਈਆਂ ਜਿਨ੍ਹਾਂ ਦੀਆਂ ਰਿਪੋਰਟਾਂ ਸੰਗਤ ਦੇ ਸਾਹਮਣੇ ਕਦੀ ਵੀ ਨਹੀਂ ਆਈਆਂ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਇਕ ਸਾਬਕਾ ਜਥੇਦਾਰ ਤੋਂ ਫ਼ਿਲਮਾਂ ਖ਼ਰੀਦਣ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਜੋ ਫ਼ਿਲਮਾਂ ਇਕ ਸਾਬਕਾ ਜਥੇਦਾਰ ਵੱਲੋਂ ਸੰਗਤਾਂ ਨੂੰ ਵਿਖਾਉਣ ਸਬੰਧੀ ਵੀ ਤਿਆਰੀਆਂ ਕੀਤੀਆਂ ਫ਼ਿਲਮਾਂ ਖ਼ਰੀਦਣੀਆਂ ਸਮਝ ਤੋਂ ਬਾਹਰ ਹਨ । ਉਹ ਫ਼ਿਲਮਾਂ ਸੰਗਤ ਦੇ ਪੈਸੇ ਨਾਲ ਨਹੀਂ ਬਣਾਈਆਂ ਗਈਆਂ ਜੇ ਸੰਗਤ ਦੇ ਪੈਸੇ ਨਾਲ ਬਣਾਈਆਂ ਗਈਆਂ ਹਨ ਤਾਂ ਫਿਰ ਵੇਚਣ ਅਤੇ ਸ਼੍ਰੋਮਣੀ ਕਮੇਟੀ ਨੂੰ ਖ਼ਰੀਦਣ ਦੀ ਕੀ ਲੋੜ । ਉਨ੍ਹਾਂ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਾਰੀ ਸਥਿਤੀ ’ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਉੱਥੇ ਸੰਗਤ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।