ਸਰਮਾਏਦਾਰਾ ਢਾਂਚੇ ਨੂੰ ਲੱਗੇ ਲਾਇਲਾਜ ਰੋਗਾਂ ਦੀ ਨਿਸ਼ਾਨੀ ਹੈ ਅਮਰੀਕਾ ਵਿੱਚ ਵਧ ਰਹੀ ਹਿੰਸਾ

70

ਸੰਸਾਰ ਭਰ ਦੇ ਸਰਮਾਏਦਾਰ ਬੁੱਧੀਜੀਵੀ ਅਮਰੀਕਾ ਨੂੰ ਇੱਕ ਆਦਰਸ਼ ਸਰਮਾਏਦਾਰਾ ਸਵਰਗ ਵਜੋਂ ਪੇਸ਼ ਕਰਦੇ ਹਨ। ਸਿੱਖਿਆ, ਫਿਲਮਾਂ, ਸੰਗੀਤ ਹਰ ਥਾਂ ਅਮਰੀਕੀ ਕਦਰਾਂ-ਕੀਮਤਾਂ ਨੂੰ ਵਧਾ-ਚੜ੍ਹਾ ਕੇ ਪ੍ਰਚਾਰਿਆ ਜਾਂਦਾ ਹੈ। ਕੀ ਅਮਰੀਕੀ ਸਮਾਜ ਸੱਚਮੁੱਚ ਹੀ ਆਦਰਸ਼ ਸਮਾਜ ਹੈ? “ਅਪਰਾਧ ਇਨਸਾਫ ਬਾਰੇ ਕਾਉਂਸਿਲ” ਦੀ ਰਿਪੋਰਟ ਅਨੁਸਾਰ ਸਾਲ 2020 ਦੀਆਂ ਗਰਮੀਆਂ ਵਿੱਚ 2019 ਦੇ ਮੁਕਾਬਲੇ 42% ਵੱਧ ਕਤਲ ਦਰਜ ਕੀਤੇ ਗਏ। ਜ਼ਿਕਰਯੋਗ ਹੈ ਕਿ ਇਹ ਉਹੀ ਸਮਾਂ ਸੀ ਜਦੋਂ ਅਮਰੀਕਾ ਵਿੱਚ ਪੂਰਨਬੰਦੀ ਲਗਾਈ ਗਈ ਸੀ। ਅਮਰੀਕਾ ਦੀ ਸੁਰੱਖਿਆ ਏਜੰਸੀ “ਐਫਬੀਆਈ” ਵੱਲੋਂ ਪੇਸ਼ ਇੱਕ ਹੋਰ ਰਿਪੋਰਟ ਮੁਤਾਬਿਕ ਸਾਲ 2020 ਵਿੱਚ ਕਤਲ ਦੇ ਮਾਮਲਿਆਂ ਵਿੱਚ 15% ਦਾ ਵਾਧਾ ਹੋਇਆ। ਸਾਲ 2020 ਵਿੱਚ ਜਨਤਕ ਥਾਵਾਂ ਤੇ ਗੋਲ਼ੀਬਾਰੀ ਦੇ 614 ਮਾਮਲੇ ਦਰਜ ਕੀਤੇ ਗਏ ਜਿਹਨਾਂ ਵਿੱਚ 446 ਲੋਕਾਂ ਦੀ ਮੌਤ ਹੋਈ ਅਤੇ 2515 ਲੋਕ ਜਖ਼ਮੀ ਹੋਏ। 2021 ਮਈ ਤੱਕ ਅਜਿਹੀਆਂ 247 ਘਟਨਾਵਾਂ ਹੋ ਚੁੱਕੀਆਂ ਹਨ, ਜਿਹਨਾਂ ਵਿੱਚ 282 ਲੋਕ ਮਾਰੇ ਗਏ ਹਨ। ਅਜਿਹੀ ਹੀ ਇੱਕ ਘਟਨਾਂ ਅਮਰੀਕਾ ਦੇ ਅਟਲਾਂਟਾ ਵਿੱਚ ਹੋਈ ਜਿੱਥੇ ਇੱਕ ਵਿਅਕਤੀ ਨੇ 6 ਏਸ਼ੀਆਈ ਔਰਤਾਂ ਦਾ ਗੋਲ਼ੀ ਮਾਰਕੇ ਕਤਲ ਕਰ ਦਿੱਤਾ।

Italian Trulli

ਰਿਪਬਲਿਕਨ ਅਤੇ ਡੇਮੋਕ੍ਰੇਟਿਕ, ਦੋਹਾਂ ਹਕੂਮਤ ਵਾਲ਼ੇ ਸੂਬਿਆਂ ਵਿੱਚ ਹਿੰਸਾ ’ਚ ਵਾਧਾ ਹੋਇਆ। ਅਮਰੀਕੀ ਮੀਡੀਆ ਵੱਲੋਂ ਇਸ ਸਭ ਦੇ ਵੱਖ-ਵੱਖ ਕਾਰਨ ਦੱਸੇ ਗਏ ਜਿਵੇਂ ਲੋਕਾਂ ’ਚ ਵਧ ਰਿਹਾ ਤਣਾਅ, ਪੁਲਿਸ ਨੂੰ ਮਿਲ਼ਣ ਵਾਲ਼ੇ ਫੰਡ ਦਾ ਘੱਟ ਹੋਣਾ ਤੇ ਲੋਕਾਂ ਵਿੱਚ ਪੁਲਿਸ ਦਾ ਖਰਾਬ ਅਕਸ ਆਦਿ। ਇਨ੍ਹਾਂ ਵਿੱਚ ਪੁਲਿਸ ਨੂੰ ਘੱਟ ਫੰਡ ਮਿਲ਼ਣਾ ਤਾਂ ਹਾਸੋਹੀਣਾ ਕਾਰਨ ਹੈ ਕਿਉਂਕਿ ਹਰ ਸਾਲ ਅਮਰੀਕਾ ਵਿੱਚ ਪੁਲਸ ਨੂੰ ਮਿਲ਼ਣ ਵਾਲ਼ੇ ਪੈਸੇ ਵਿੱਚ ਵਾਧਾ ਹੀ ਹੋ ਰਿਹਾ ਹੈ। ਸਰਮਾਏਦਾਰਾਂ ਦਾ ਦਲਾਲ ਮੀਡੀਆ ਇਹ ਨਹੀਂ ਦੱਸ ਰਿਹਾ ਕਿ, ਲੋਕਾਂ ਵਿੱਚ ਤਣਾਅ ਕਿਉਂ ਵਧ ਰਿਹਾ ਹੈ? ਪਿਛਲੇ ਖਾਸੇ ਸਮੇਂ ਤੋਂ ਸੰਸਾਰ ਭਰ ਦਾ ਸਰਮਾਏਦਾਰਾ ਢਾਂਚਾ ਆਰਥਿਕ ਸੰਕਟ ਨਾਲ਼ ਜੂਝ ਰਿਹਾ ਹੈ। ਲਗਾਤਾਰ ਛੋਟੇ ਮਾਲਕ ਉੱਜੜ ਰਹੇ ਹਨ। ਮਜ਼ਦੂਰਾਂ ਦੀਆਂ ਉਜ਼ਰਤਾਂ ਸਾਲ 1978 ਤੋਂ ਬਾਅਦ ਲਗਾਤਾਰ ਘਟੀਆਂ ਹਨ। ਸਰਮਾਏਦਾਰਾਂ ਦੇ ਮੁਨਾਫੇ ਵਧਾਉਣ ਲਈ ਨਵਉਦਾਰਵਾਦੀ ਨੀਤੀਆਂ ਲਾਗੂ ਕੀਤੀਆਂ ਗਈਆਂ। ਸਮਾਜਿਕ ਸਹੂਲਤਾਂ ਵਿੱਚ ਲਗਾਤਾਰ ਕਟੌਤੀ ਕੀਤੀ ਗਈ। ਸਿੱਖਿਆ, ਸਿਹਤ ਨੂੰ ਵਪਾਰ ਵਿੱਚ ਸ਼ਾਮਿਲ ਕੀਤਾ ਹੋਇਆ ਹੈ। ਨਵਉਦਾਰਵਾਦੀ ਨੀਤੀਆਂ ਤੋਂ ਬਾਅਦ ਸਰਕਾਰ ਵੱਲੋਂ ਦਿੱਤੀ ਜਾਂਦੀ ਸਮਾਜਿਕ ਸੁਰੱਖਿਆ ਵਿੱਚ ਭਾਰੀ ਕਮੀ ਆਈ ਹੈ।

ਇਸ ਤੋਂ ਬਿਨ੍ਹਾਂ ਵਿਕਸਿਤ ਸਰਮਾਏਦਾਰ ਦੇਸ਼ਾਂ ਜਿਵੇਂ ਅਮਰੀਕਾ ਵਿੱਚ ਬੇਗਾਨਗੀ ਆਪਣੇ ਉੱਚ ਪੱਧਰ ’ਤੇ ਹੈ। ਬੇਗਾਨਗੀ ਸਰਮਾਏਦਾਰੀ ਢਾਂਚੇ ਦਾ ਅਟੱਲ ਵਰਤਾਰਾ ਹੈ। ਮਨੁੱਖ ਅਜਿਹਾ ਜੀਵ ਹੈ ਜੋ ਪੈਦਾਵਾਰ ਕਰਦਾ ਹੈ। ਸਰਮਾਏਦਾਰੀ ਸਮਾਜ ਵਿੱਚ ਮਨੁੱਖ ਨੂੰ ਉਸਦੀ ਮਿਹਨਤ ਨਾਲ਼ ਬਣਾਏ ਫ਼ਲ ਤੋਂ ਵੱਖ ਕਰ ਦਿੱਤਾ ਜਾਂਦਾ ਹੈ। ਸਰਮਾਏਦਾਰੀ ਸਮਾਜ ਵਿੱਚ ਮਨੁੱਖ ਉਪਜ ਤੋਂ ਵੱਖ ਹੋਣ ਕਾਰਨ ਆਪਣੀ ਹੀ ਬਣਾਈ ਦੁਨੀਆਂ ਵਿੱਚ ਬੇਗਾਨਾ ਹੋ ਜਾਂਦਾ ਹੈ। ਮਨੁੱਖ ਵਸਤਾਂ ’ਤੇ ਰਾਜ ਕਰਨ ਦੀ ਥਾਂ ਵਸਤਾਂ ਮਨੁੱਖ ਤੇ ਰਾਜ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਇਹ ਵਰਤਾਰਾ ਮਨੁੱਖੀ ਰਿਸ਼ਤਿਆਂ ਵਿੱਚ ਵੀ ਨਜ਼ਰ ਆਉਂਦਾ ਹੈ। ਸਰਮਾਏਦਾਰਾ ਸਮਾਜ ਵਿੱਚ ਲੋਕਾਂ ਦੇ ਆਪਸੀ ਰਿਸ਼ਤੇ ਸਿਰਫ਼ ਪੈਸੇ ਤੇ ਨਿੱਜੀ ਜਾਇਦਾਦ ਦੇ ਰਿਸ਼ਤੇ ਬਣ ਕੇ ਰਹਿ ਜਾਂਦੇ ਹਨ। ਮਨੁੱਖ ਆਪਣੇ-ਆਪ ਅਤੇ ਸਮਾਜ ਨਾਲ਼ੋਂ ਟੁੱਟ ਕੇ ਨਿਰਾਸ਼ਾ ਤੇ ਤਣਾਅ ਵਿੱਚ ਉਲਝ ਜਾਂਦਾ ਹੈ। ਕਿਉਂਕਿ ਅਮਰੀਕਾ ਸੱਭ ਤੋਂ ਵੱਡਾ ਸਾਮਰਾਜੀ ਅਤੇ ਸਰਮਾਏਦਾਰ ਦੇਸ਼ ਹੈ, ਇਸ ਲਈ ਉੱਥੇ ਬੇਗਾਨਗੀ ਵੀ ਸਭ ਤੋਂ ਜ਼ਿਆਦਾ ਹੈ। ਅਜਿਹੇ ਸਮੇਂ 2020 ਵਿੱਚ ਹੋਈ ਪੂਰਨਬੰਦੀ ਦਾ ਲੋਕਾਂ ਅਤੇ ਖ਼ਾਸਕਰ ਕਿਰਤੀ ਅਬਾਦੀ ’ਤੇ ਬਹੁਤ ਬੁਰਾ ਪ੍ਰਭਾਵ ਪਿਆ। ਤਾਲਾਬੰਦੀ ਕਾਰਨ ਬਹੁਤ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ, ਲੋਕ ਬੇਘਰ ਹੋ ਗਏ, ਬਚੇ-ਖੁਚੇ ਸਮਾਜੀ ਸਬੰਧ ਵੀ ਖਤਮ ਹੋ ਗਏ। ਵਧ ਰਹੀ ਗਰੀਬੀ ਤੇ ਬੇਰੁਜ਼ਗਾਰੀ ਕਾਰਨ ਲੋਕਾਂ ’ਚ ਤਣਾਅ ਵਧਿਆ ਹੈ, ਇਹ ਸਭ ਵੀ ਕਤਲ ਦੇ ਮਾਮਲਿਆਂ ਵਿੱਚ ਹੋ ਰਹੇ ਵਾਧੇ ਦਾ ਕਾਰਨ ਹੈ। 26 ਮਈ, 2021 ਨੂੰ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ 57 ਸਾਲ ਦੇ ਸਿਰਫਿਰੇ ਨੇ ਆਪਣੇ 9 ਸਾਥੀ ਰੇਲਵੇ ਮਜ਼ਦੂਰਾਂ ਨੂੰ ਹੀ ਗੋਲ਼ੀਬਾਰੀ ਕਰਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਖੁਦ ਨੂੰ ਗੋਲ਼ੀ ਮਾਰ ਕੇ ਖੁਦਕੁਸੀ ਕਰ ਲਈ। ਇਹ ਸੱਭ ਕੁੱਝ ਕਰਨ ਤੋਂ ਪਹਿਲਾਂ ਉਸਨੇ ਆਪਣੇ ਘਰ ਨੂੰ ਵੀ ਅੱਗ ਲਗਾ ਕੇ ਸਾੜ ਦਿੱਤਾ। ਜ਼ਿਕਰਯੋਗ ਹੈ ਕਿ ਕਾਤਲ ਪਿਛਲੇ 16 ਸਾਲ ਤੋਂ ਬਿਲਕੁਲ ਇਕੱਲਾ ਰਹਿ ਰਿਹਾ ਸੀ। ਗੁਆਂਢੀਆਂ ਮੁਤਾਬਿਕ ਉਹ ਕਿਸੇ ਨਾਲ਼ ਜ਼ਿਆਦਾ ਗੱਲਬਾਤ ਨਹੀਂ ਕਰਦਾ ਸੀ। 2005 ਵਿੱਚ ਉਸਦਾ ਤਲਾਕ ਹੋ ਚੁੱਕਿਆ ਸੀ। ਉਸਦੀ ਤਲਾਕਸ਼ੁਦਾ ਪਤਨੀ ਨੇ ਦੱਸਿਆ ਕਿ ਉਹ ਕਈ ਵਾਰ ਲੋਕਾਂ ਨੂੰ ਮਾਰਨ ਦੀਆਂ ਗੱਲਾਂ ਕਰਦਾ ਹੁੰਦਾ ਸੀ। ਇਹ ਬੇਗਾਨਗੀ ਦੀ ਸਭ ਤੋਂ ਭਿਆਨਕ ਉਦਾਹਰਨ ਹੈ।

ਇਸ ਸਭ ਤੋਂ ਬਿਨ੍ਹਾਂ ਇੱਕ ਹੋਰ ਰੁਝਾਨ ਦੇਖਣ ਵਿੱਚ ਆਇਆ ਹੈ। ਇੱਕ ਰਿਪੋਰਟ ਮੁਤਾਬਿਕ ਸਾਲ 2020 ਵਿੱਚ ਬੰਦੂਕਾਂ ਦੀ ਵਿੱਕਰੀ ਵਿੱਚ 40% ਦਾ ਵਾਧਾ ਹੋਇਆ ਹੈ ਜੋ ਪਿਛਲੇ ਵੀਹ ਸਾਲਾਂ ਵਿੱਚ ਸਭ ਤੋਂ ਜ਼ਿਆਦਾ ਹੈ। ਅਮਰੀਕੀ ਸੱਭਿਆਚਾਰ ਵਿੱਚ ਸ਼ੁਰੂ ਤੋਂ ਹੀ ਬੰਦੂਕਾਂ ਦੀ ਖ਼ਾਸ ਜਗ੍ਹਾ ਰਹੀ ਹੈ। ਫਿਲਮਾਂ ਤੋਂ ਲੈ ਕੇ ਵੀਡੀਉ ਗੇਮਾਂ ਵਿੱਚ ਖੁੱਲ੍ਹ ਕੇ ਹਥਿਆਰਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ। ਖਾਸ ਤੌਰ ’ਤੇ ਅਮਰੀਕਾ ਦੇ ਦੱਖਣੀ ਸੂਬੇ ਜਿਵੇਂ ਟੈਕਸਸ ਆਦਿ ਨਾਗਰਿਕਾਂ ਨੂੰ ਖੁੱਲ੍ਹੇ ਰੂਪ ਵਿੱਚ ਆਟੋਮੈਟਿਕ ਬੰਦੂਕਾਂ ਰੱਖਣ ਦੀ ਖੁੱਲ੍ਹ ਦਿੰਦੇ ਹਨ। ਅਮਰੀਕਾ ਦੂਜੀ ਸੰਸਾਰ ਜੰਗ ਤੋਂ ਬਾਅਦ ਹਥਿਆਰਾਂ ਦੇ ਵੱਡੇ ਪੈਦਾਕਾਰ ਵਜੋਂ ਉੱਭਰਿਆ। ਕੁੱਝ ਲੋਕ ਹਥਿਆਰਾਂ ਨੂੰ ਹਿੰਸਾ ਦਾ ਕਾਰਨ ਮੰਨਦੇ ਹਨ ਪਰ ਬਾਕੀ ਸੰਦਾਂ ਵਾਂਗ ਹਥਿਆਰ ਵੀ ਸੰਦ ਹੀ ਹਨ ਜਿਨ੍ਹਾਂ ਦੀ ਵਰਤੋਂ ਮਨੁੱਖ ਉੱਤੇ ਨਿਰਭਰ ਹੈ। ਸਰਮਾਏਦਾਰੀ ਢਾਂਚੇ ਦਾ ਸੰਕਟ, ਲੋਕਾਂ ਵਿੱਚ ਵਧ ਰਹੀ ਬੇਗਾਨਗੀ ਅਤੇ ਫਿਲਮਾਂ ਵੀਡੀਓ ਗੇਮਾਂ ਵਿੱਚ ਹਿੰਸਾ ਨੂੰ ਇੱਕ ਜਾਇਜ਼ ਵਰਤਾਰੇ ਵਜੋਂ ਪੇਸ਼ਕਾਰੀ ਕਰਨਾ ਹੀ ਵਧ ਰਹੀ ਹਿੰਸਾ ਦੇ ਅਸਲ ਕਾਰਨ ਹਨ। ਇਹ ਸਰਮਾਏਦਾਰੀ ਢਾਂਚਾ ਹੋਰ ਵੱਡੇ ਸੰਕਟ ਵਿੱਚ ਫਸੇਗਾ ਅਤੇ ਜੇਕਰ ਕੋਈ ਇਨਕਲਾਬੀ ਬਦਲ ਨਹੀਂ ਹੋਵੇਗਾ ਤਾਂ ਸਮਾਜਿਕ ਕੁਰੀਤੀਆਂ ਵਿੱਚ ਹੋਰ ਵਾਧਾ ਹੋਣਾ ਲਾਜਮੀ ਹੈ। ਮਨੁੱਖਤਾ ਦੇ ਆਉਣ ਵਾਲ਼ੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਅਤੇ ਵਰਤਮਾਨ ਕੁਰੀਤੀਆਂ ਵਿਰੁੱਧ ਲੜਨ ਲਈ ਲੋਕਾਂ ਨੂੰ ਇਨਕਲਾਬੀ ਬਦਲ ਲਈ ਜਥੇਬੰਦ ਕਰਕੇ ਹੀ ਇਸ ਮੁਸੀਬਤ ਨਾਲ਼ ਨਜਿੱਠਿਆਂ ਜਾ ਸਕਦਾ ਹੈ। ਪ੍ਰਸਿੱਧ ਕਥਨ “ਸਮਾਜਵਾਦ ਜਾਂ ਬਰਬਰਤਾ” ਮੁਤਾਬਿਕ, ਮਨੁੱਖਤਾ ਕੋਲ਼ ਇੱਕ ਰੌਸ਼ਨ ਅਤੇ ਸੁਰੱਖਿਅਤ ਭਵਿੱਖ ਲਈ ਇੱਕੋ-ਇੱਕ ਰਾਹ ਸਮਾਜਵਾਦ ਹੀ ਹੈ।

•ਗੁਰਪ੍ਰੀਤ ਚੋਗਾਵਾਂ         (ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)