More

    ਸਰਕਾਰ ਸੌਖੇ ਦਿਨਾਂ ਦਾ ਵਸੀਲਾ ਬਣੇ, ਮੋਬਾਈਲ ਭਾਵੇਂ ਵਾਪਸ ਲੈ ਲਏ

    ਸਬੰਧਤ ਪਰਿਵਾਰਾਂ ਨੇ ਮੋਬਾਈਲ ਫੋਨਾਂ ਦੀ ਥਾਂ ਰੁਜ਼ਗਾਰ ਤੇ ਕਰਜ਼ਾ ਮੁਆਫ਼ੀ ਮੰਗੀ

    ਖੰਨਾ ਸ਼ਹਿਰ ਦੀ ਅਰਸ਼ਦੀਪ ਕੌਰ ਦੀ ਉਮਰ ਨਿਆਣੀ ਹੈ, ਪਰ ਪਰਿਵਾਰਕ ਬੋਝ ਨੇ ਉਸ ਨੂੰ ਉਮਰੋਂ ਪਹਿਲਾਂ ਸਿਆਣੀ ਬਣਾ ਦਿੱਤਾ ਹੈ। ਸੜਕ ਹਾਦਸੇ ਨੇ ਪਿਤਾ ਸਤਨਾਮ ਸਿੰਘ ਸਦਾ ਲਈ ਮੰਜੇ ’ਤੇ ਪਾ ਦਿੱਤਾ। ਮਾਂ ਪ੍ਰਿਤਪਾਲ ਕੌਰ ਫ਼ੈਕਟਰੀ ’ਚ ਦਿਹਾੜੀ ਕਰਦੀ ਹੈ ਤਾਂ ਜੋ ਧੀਆਂ ਪੜ੍ਹ ਜਾਣ। ਅਰਸ਼ਦੀਪ ਨੂੰ ਮਾਂ ਦਾ ਦਿਹਾੜੀ ਕਰਨਾ ਚੁੱਭਦਾ ਹੈ। ਬਾਰ੍ਹਵੀਂ ’ਚ ਕਾਮਰਸ ਦੀ ਵਿਦਿਆਰਥਣ ਅਰਸ਼ਦੀਪ ਕੌਰ ਕੋਲ ਸਾਈਕਲ ਹੈ, ਪਰ ਰਾਹ ਹੱਦੋਂ ਵੱਧ ਮਾੜਾ ਹੈ। ਸਕੂਲ ਜਾਣ ਲਈ ਅੱਧਾ ਘੰਟਾ ਪੈਦਲ ਸਫ਼ਰ ਕਰਨਾ ਪੈਂਦਾ ਹੈ। ਪੁਰਾਣੀਆਂ ਕਿਤਾਬਾਂ ਲੈ ਕੇ ਪੜ੍ਹਨਾ ਪੈ ਰਿਹਾ ਹੈ।

    ਕੈਪਟਨ ਸਰਕਾਰ ਨੇ ਅਰਸ਼ਦੀਪ ਨੂੰ ਹੁਣ ‘ਸਮਾਰਟ ਫ਼ੋਨ’ ਦਿੱਤਾ ਹੈ। ਮਾਪੇ ਆਖਦੇ ਹਨ ਕਿ ਮੋਬਾਈਲ ਦਾ ਕੀ ਕਰੀਏ। ਦੋਵੇਂ ਧੀਆਂ ਨੇ ਕਿਹਾ ਕਿ ਸਰਕਾਰ ਕਿਤਾਬਾਂ ਦੇਵੇ ਤੇ ਅਗਲੇਰੀ ਪੜ੍ਹਾਈ ਦਾ ਪ੍ਰਬੰਧ ਕਰੇ। ਲੌਕਡਾਊਨ ਕਰਕੇ ਮਾਂ ਦੀ ਦਿਹਾੜੀ ਵੀ ਖੁੱਸ ਗਈ ਸੀ। ਕੁੜੀਆਂ ਦਾ ਕਹਿਣਾ ਹੈ ਕਿ ਸਰਕਾਰ ਸੌਖੇ ਦਿਨਾਂ ਦਾ ਵਸੀਲਾ ਬਣੇ, ਚਾਹੇ ਮੋਬਾਈਲ ਵਾਪਸ ਲੈ ਲਵੇ। ਮੋਗਾ ਦੇ ਪਿੰਡ ਦੌਲੇਵਾਲਾ ਮਾਇਰ ਦਾ ਬਲਕਾਰ ਸਿੰਘ ਦੋ ਏਕੜ ਜ਼ਮੀਨ ਦਾ ਮਾਲਕ ਹੈ। ਮਜਬੂਰੀ ਕਾਰਨ ਦਿਹਾੜੀ ਵੀ ਕਰਦਾ ਹੈ। ਧੀ ਰਣਜੀਤ ਕੌਰ ਨੇ ਦਸਵੀਂ ’ਚੋਂ 85 ਫ਼ੀਸਦ ਨੰਬਰ ਲਏ। ਹਰ ਵਰ੍ਹੇ ਜ਼ਮੀਨ ਡੁੱਬਦੀ ਰਹੀ, ਬਚਾਅ ਲਈ ਦੋ ਲੱਖ ਰੁਪਏ ਕਰਜ਼ਾ ਚੁੱਕਿਆ। ਉਹ ਆਖਦਾ ਹੈ ਕਿ ਕਰਜ਼ਾ ਮੁਆਫ਼ੀ ਲਈ ਦਰਖਾਸਤ ਦਿੱਤੀ, ਪਰ ਮੁਆਫ਼ ਨਹੀਂ ਹੋਇਆ। ਉਸ ਦੀ ਧੀ ਰਣਜੀਤ ਕੌਰ ਨੂੰ ਸਰਕਾਰ ਨੇ ਲੰਘੇ ਕੱਲ੍ਹ ‘ਸਮਾਰਟ ਫ਼ੋਨ’ ਦਿੱਤਾ ਹੈ। ਕਿਸਾਨ ਆਖਦਾ ਹੈ ਕਿ ਉਹ ਤਾਂ ਕਰਜ਼ਾ ਮੁਆਫ਼ੀ ਦੀ ਚਿੱਠੀ ਉਡੀਕ ਰਿਹਾ ਸੀ, ਪਰ ਸਰਕਾਰ ਨੇ ਧੀ ਦੇ ਹੱਥ ‘ਸਮਾਰਟ ਫ਼ੋਨ’ ਭੇਜ ਦਿੱਤਾ।

    ਪਿੰਡ ਮੱਲੀਆਂ ਵਾਲਾ ਦੀ ਅਮਨਦੀਪ ਕੌਰ ਨੇ ਨੌਵੀਂ ਜਮਾਤ ਵਿਚ ਹੀ ਆਪਣੀ ਪੜ੍ਹਾਈ ਖ਼ਾਤਰ ਖੇਤਾਂ ਵਿੱਚ ਦਿਹਾੜੀ ਕਰਨੀ ਸ਼ੁਰੂ ਕੀਤੀ। ਉਹ ਆਪਣੇ ਮਾਪਿਆਂ ਨਾਲ ਛੁੱਟੀਆਂ ਵਿੱਚ ਝੋਨਾ ਲੁਆਈ ਆਦਿ ਕੰਮ ਕਰਦੀ ਹੈ। ਕਾਮਰਸ ਦੀ ਇਸ ਵਿਦਿਆਰਥਣ ਕੋਲ ਨਵੀਆਂ ਕਿਤਾਬਾਂ ਲੈਣ ਦੀ ਪਹੁੰਚ ਨਹੀਂ। ਉਸ ਦੀ ਵੱਡੀ ਭੈਣ ਬੀਏ ਦੀ ਪੜ੍ਹਾਈ ਦੇ ਨਾਲ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਕਰਦੀ ਹੈ। ਉਸ ਦਾ ਭਰਾ ਬਾਰ੍ਹਵੀਂ ਮਗਰੋਂ ਹੁਣ ਦਿਹਾੜੀ ਕਰਦਾ ਹੈ। ਕੈਪਟਨ ਸਰਕਾਰ ਨੇ ਅਮਨਦੀਪ ਕੌਰ ਨੂੰ ਸਮਾਰਟ ਫ਼ੋਨ ਦਿੱਤਾ, ਪਰ ਪਰਿਵਾਰ ‘ਘਰ ਘਰ ਰੁਜ਼ਗਾਰ’ ਤਹਿਤ ਵੱਡੀ ਲੜਕੀ ਲਈ ਰੁਜ਼ਗਾਰ ਮੰਗ ਰਿਹਾ ਹੈ। ਮਾਪੇ ਆਖਦੇ ਹਨ ਕਿ ਮੋਬਾਈਲ ਸਾਡੇ ਦੁੱਖਾਂ ਦੀ ਦਾਰੂ ਨਹੀਂ ਹੈ। ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਤਿੰਨ ਸਾਲਾਂ ਮਗਰੋਂ ਲੰਘੇ ਕੱਲ੍ਹ ਸਮਾਰਟ ਫ਼ੋਨ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਬਾਰ੍ਹਵੀਂ ਜਮਾਤ ਦੇ 1.74 ਲੱਖ ਵਿਦਿਆਰਥੀਆਂ ਨੂੰ ਮੋਬਾਈਲ ਦਿੱਤੇ ਜਾਣੇ ਹਨ, ਜਿਨ੍ਹਾਂ ਲਈ 100 ਕਰੋੜ ਦਾ ਬਜਟ ਰੱਖਿਆ ਗਿਆ ਹੈ।

    ਜ਼ਿਲ੍ਹਾ ਕਪੂਰਥਲਾ ਦੇ ਪਿੰਡ ਡੋਗਰਾਂਵਾਲਾ ਦੇ ਅੰਸ਼ਪ੍ਰੀਤ ਨੂੰ ਵੀ ਸਰਕਾਰ ਨੇ ਸਮਾਰਟ ਫ਼ੋਨ ਦਿੱਤਾ ਹੈ। ਉਹ ਆਖਦਾ ਹੈ ਕਿ ਜਿਹੋ-ਜਿਹੇ ਘਰ ਦੇ ਹਾਲਾਤ ਹਨ, ਸਾਨੂੰ ਮੋਬਾਈਲ ਦੀ ਨਹੀਂ, ਨੌਕਰੀ ਦੀ ਲੋੜ ਹੈ। ਉੁਸ ਦੇ ਮਾਪਿਆਂ ਕੋਲ ਡੇਢ ਏਕੜ ਜ਼ਮੀਨ ਹੈ। ਪਿਤਾ ਦਾ ਐਕਸੀਡੈਂਟ ਹੋ ਗਿਆ, ਜਿਸ ਤੋਂ ਕੰਮ ਨਹੀਂ ਹੁੰਦਾ। ਮਾਂ ਨੂੰ ਦਿਮਾਗ਼ੀ ਸਮੱਸਿਆ ਆ ਗਈ ਤੇ ਖ਼ੁਦ ਨੂੰ ਨੌਵੀਂ ਜਮਾਤ ਵਿਚ ਨਿਗ੍ਹਾ ਦੀ ਤਕਲੀਫ਼ ਸ਼ੁਰੂ ਹੋ ਗਈ। ਘਰ ਦੇ ਹਾਲਾਤ ਕਰਕੇ ਮਾਪਿਆਂ ਨੂੰ ਇਕਲੌਤੀ ਧੀ ਪੜ੍ਹਨ ਵਾਸਤੇ ਨਾਨਕੇ ਘਰ ਭੇਜਣੀ ਪਈ। ਮਾਂ ਸਿਲਾਈ ਦਾ ਕੰਮ ਕਰਦੀ ਹੈ। ਇਵੇਂ ਬਹੁਤ ਸਾਰੇ ਵਿਦਿਆਰਥੀਆਂ ਦੇ ਘਰਾਂ ਦੇ ਹਾਲਾਤ ਨਾਜ਼ੁਕ ਹਨ, ਜਿਨ੍ਹਾਂ ਕੋਲ ਘਰ ਚਲਾਉਣ ਲਈ ਵਸੀਲੇ ਵੀ ਨਹੀਂ ਹਨ।

    ‘ਬੱਚਿਆਂ ਦੀ ਚੰਗੀ ਪੜ੍ਹਾਈ ਲਈ ਸਰਕਾਰ ਖਰਚਾ ਚੁੱਕੇ’

    ਮਾਨਸਾ ਦੇ ਪਿੰਡ ਜਵਾਹਰਕੇ ਦੇ ਅਕਾਸ਼ਦੀਪ ਸਿੰਘ ਨੂੰ ਵੀ ਸਮਾਰਟ ਫੋਨ ਮਿਲਿਆ ਹੈ। ਉਸ ਦਾ ਪਿਤਾ ਰਣਜੀਤ ਸਿੰਘ ਛੋਟੀ ਕਿਸਾਨੀ ’ਚੋਂ ਹੈ। ਪਿਤਾ ਲਈ ਦੋ ਧੀਆਂ ਅਤੇ ਇੱਕ ਲੜਕੇ ਦੀ ਪੜ੍ਹਾਈ ਦਾ ਖਰਚਾ ਚੁੱਕਣਾ ਵਿੱਤੋਂ ਬਾਹਰ ਹੈ। ਉਹ ਇਹੋ ਚਾਹੁੰਦਾ ਹੈ ਕਿ ਸਰਕਾਰ ਬੱਚਿਆਂ ਦੀ ਚੰਗੀ ਪੜ੍ਹਾਈ ਦਾ ਖ਼ਰਚਾ ਚੁੱਕੇ।

     

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img