ਅੰਮ੍ਰਿਤਸਰ, 29 ਜੂਨ (ਗਗਨ) – ਪਿਛਲੇ ਲੰਬੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਪੰਜਾਬ ਭਰ ਦੇ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਮਸਲੇ ਉੱਤੇ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਝੂਠ ਬੋਲਣ ਵਾਲੇ ਰਾਜ ਕੁਮਾਰ ਵੇਰਕਾ ਦੇ ਘਰ ਆਮ ਆਦਮੀ ਪਾਰਟੀ ਨੇ ਘਿਰਾਓ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹੋਰ ਸਾਰੇ ਵਰਗਾਂ ਵਾਂਗ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਪਲ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਵਾਲੇ ਸਫ਼ਾਈ ਕਰਮਚਾਰੀਆਂ ਨਾਲ ਵੀ ਝੂਠ ਬੋਲ ਕੇ ਉਨ੍ਹਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਰਾਜ ਕੁਮਾਰ ਵੇਰਕਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਝੂਠ ਦਾ ਪੁਲੰਦਾ ਸਾਬਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਾ ਤਾਂ ਇਨ੍ਹਾਂ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਅਜੇ ਕੋਈ ਪਾਲਿਸੀ ਲਿਆਂਦੀ ਹੈ ਤੇ ਨਾ ਹੀ ਪੰਜਾਬ ਦੀ ਕੈਬਨਿਟ ਵਿੱਚ ਇਸ ਨੂੰ ਵਿਚਾਰਿਆ ਗਿਆ ਹੈ। ਅਜਿਹੇ ਹਾਲਾਤਾਂ ਵਿੱਚ ਰਾਜ ਕੁਮਾਰ ਵੇਰਕਾ ਸਿਰਫ਼ ਵੋਟਾਂ ਦੀ ਰਾਜਨੀਤੀ ਕਰਦੇ ਹੋਏ ਸੂਬੇ ਭਰ ਦੇ ਸਫ਼ਾਈ ਕਰਮਚਾਰੀਆਂ ਨੂੰ ਪਾਗਲ ਬਣਾਉਣ ਦੇ ਯਤਨ ਕਰ ਰਹੇ ਹਨ।
ਚੀਮਾ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਝੂਠ ਬੋਲ ਕੇ ਉਨ੍ਹਾਂ ਦਾ ਮਜ਼ਾਕ ਉਡਾਉਣ ਲਈ ਵੇਰਕਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਅਲੱਗ ਅਲੱਗ ਵਰਗਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ ਪ੍ਰੰਤੂ ਕੋਈ ਵੀ ਵਾਅਦਾ ਹੁਣ ਤੱਕ ਪੂਰਾ ਨਹੀਂ ਹੋਇਆ ਹੈ। ਉਨ੍ਹਾਂ ਜਾਂ ਕਿ ਆਉਂਦੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਝੂਠੇ ਵਾਅਦਿਆਂ ਦਾ ਪਰਦਾਫਾਸ਼ ਕਰੇਗੀ। ਇਸ ਮੌਕੇ ਬੋਲਦਿਆਂ ਐਸਸੀ ਵਿੰਗ ਦੇ ਸੂਬਾ ਪ੍ਰਧਾਨ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਦਲਿਤ ਸਮੇਤ ਹਰ ਵਰਗ ਨਾਲ ਝੂਠ ਬੋਲ ਕੇ ਧੋਖਾ ਕੀਤਾ ਹੈ ਇਸ ਕਾਰਨ ਹੁਣ ਪੰਜਾਬ ਦੇ ਲੋਕ ਕੈਪਟਨ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀ ਪਿਛਲੇ ਕਈ ਮਹੀਨਿਆਂ ਤੋਂ ਹੜਤਾਲ ਉੱਤੇ ਬੈਠੇ ਹਨ ਅਤੇ ਕਈ ਕਰਮਚਾਰੀਆਂ ਨੂੰ ਸਰਕਾਰ ਤੰਗ ਪ੍ਰੇਸ਼ਾਨ ਕਰਨ ਦੇ ਮਨਸੂਬੇ ਨਾਲ ਤਨਖਾਹਾਂ ਵੀ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਇਨ੍ਹਾਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਧਿਆਨ ਪੂਰਵਕ ਸੁਣਦੇ ਹੋਏ ਇਨ੍ਹਾਂ ਦਾ ਨਿਪਟਾਰਾ ਕਰੇ ਪ੍ਰੰਤੂ ਸਰਕਾਰ ਹੁਣ ਤਾਂ ਮਰੋੜਨ ਉੱਤੇ ਉਤਾਰੂ ਹੋ ਰਹੀ ਹੈ। ਕਟਾਰੂਚੱਕ ਨੇ ਕਿਹਾ ਕਿ ਉਹ ਗ਼ਰੀਬ ਸਫ਼ਾਈ ਸੇਵਕਾਂ ਦੇ ਹੱਕਾਂ ਲਈ ਆਖਰੀ ਦਮ ਤੱਕ ਲੜਦੇ ਰਹਿਣਗੇ ਅਤੇ ਆਮ ਆਦਮੀ ਪਾਰਟੀ ਇਸ ਸੰਬੰਧੀ ਸਫਾਈ ਕਰਮਚਾਰੀਆਂ ਨਾਲ ਵਿਚਾਰ ਉਕਤਾਉਂਦੇ ਉਪਰੰਤ ਅਗਲਾ ਐਕਸ਼ਨ ਉਲੀਕੇਗੀ।
ਇਸ ਮੌਕੇ ਪੰਜਾਬ ਜੋਇੰਟ ਸੇਕ੍ਰੇਟਰੀ ਅਸ਼ੋਕ ਤਲਵਾਰ,ਪੰਜਾਬ ਜੋਇੰਟ ਸੇਕ੍ਰੇਟਰੀ ਬਲਜੀਤ ਸਿੰਘ ਖਹਿਰਾ, ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਸੇਠੀ,ਦਿਹਾਤੀ ਪ੍ਰਧਾਨ ਹਰਵੰਤ ਸਿੰਘ, ਸ਼ਮਸ਼ੇਰ ਸਿੰਘ,ਟੀਨਾ ਚੌਧਰੀ,ਪਟੀ, ਲਾਲਜੀਤ ਭੁੱਲਰ, ਰਣਜੀਤ ਸਿੰਘ ਚੀਮਾ, ਪ੍ਰੀਤਮ ਸਿੰਘ ਬੱਬੂ, ਡਾ. ਇੰਦਰਬੀਰ ਸਿੰਘ ਨਿੱਜਰ, ਹਰਭਜਨ ਸਿੰਘ, ਦਲਬੀਰ ਸਿੰਘ ਟੌਗ, ਕੁਲਦੀਪ ਧਾਲੀਵਾਲ, ਐਸ ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਡਾ. ਇੰਦਰਪਾਲ, ਐਸ ਸੀ ਵਿੰਗ ਜਨਰਲ ਸਕੱਤਰ ਰਵਿੰਦਰ ਹੰਸ, ਜੋਇੰਟ ਸਕੱਤਰ ਓਮ ਪ੍ਰਕਾਸ਼ ਗੱਬਰ, ਜੋਇੰਟ ਸਕੱਤਰ ਲਵ ਬਬੋਰੀਆ, ਦਿਹਾਤੀ ਕੋ-ਪ੍ਰਧਾਨ ਮੈਡਮ ਸੀਮਾ ਸੋਢੀ, ਮੈਡਮ ਗੁਰਵਿੰਦਰ ਕੌਰ,ਜਿਲ੍ਹਾ ਮਹਿਲਾ ਵਿੰਗ ਪ੍ਰਧਾਨ ਮੈਡਮ ਸੁਖਬੀਰ ਕੌਰ,ਜੋਇੰਟ ਸੇਕ੍ਰੇਟਰੀ ਮੋਨਿਕਾ ਲਾਂਬਾ, ਜਯੋਤੀ ਅਰੋੜਾ,ਮੈਡਮ ਕਸ਼ਮੀਰ ਕੌਰ,ਮੈਡਮ ਸੁਨੀਤਾ,ਮੈਡਮ ਰਜਵੰਤ ਕੌਰ ਭੱਟੀ,ਮੈਡਮ ਮਮਤਾ ਰਾਣੀ,ਮੈਡਮ ਪੂਜਾ ਵਰਮਾ,ਮੈਡਮ ਵਿਨਾ ਰਾਣੀ,ਮੈਡਮ ਪ੍ਰਭਾ ਅਤੇ ਮੈਡਮ ਹਰਜਿੰਦਰ ਹਾਜ਼ਰ ਸਨ।