ਗਲੀ ਗਲੀ ਵਿੱਚ ਚੱਕਰ ਲਾਇਆ,
ਬੀਨ ਵਜਾਉਂਦਾ ਜੋਗੀ ਆਇਆ।
ਚੌਕ ਦੇ ਵਿੱਚ ਬੈਠਾ ਆ ਕਿ,
ਲੋਕੀਂ ਸੱਦੇ ਬੀਨ ਵਜਾ ਕਿ।
ਨਾਗਨ ਦਾ ਉਸ ਗੀਤ ਸੁਣਾਇਆ,
ਗਲੀ ਗਲੀ ਵਿੱਚ ਚੱਕਰ ਲਾਇਆ।
ਬੀਨ ਵਜਾਉਂਦਾ………..
ਬੀਨ ਨੂੰ ਜਦ ਮੂੰਹ ਸੀ ਲਾਉਂਦਾ,
ਗੱਲ੍ਹਾਂ ਹਵਾ ਦੇ ਨਾਲ ਫੈਲਾਉਦਾ।
ਭਗਵਾਂ ਸੀ ਉਸ ਭੇਸ ਬਣਾਇਆ,
ਗਲੀ ਗਲੀ ਵਿੱਚ ਚੱਕਰ ਲਾਇਆ।
ਬੀਨ ਵਜਾਉਂਦਾ……………..
ਸਾਰਿਆਂ ਨੇ ਸੀ ਪਾਇਆ ਘੇਰਾ,
ਚਿਰਾਂ ਬਾਅਦ ਅੱਜ ਆਇਆ ਸਪੇਰਾ।
ਖੋਲ ਪਟਾਰੀ ਸੱਪ ਦਿਖਾਇਆ,
ਗਲੀ ਗਲੀ ਵਿੱਚ ਚੱਕਰ ਲਾਇਆ।
ਬੀਨ ਵਜਾਉਂਦਾ…………
ਸੱਪ ਕੋਲ ਜਦ ਬੀਨ ਵਜਾਉਂਦਾ,
ਵਾਰੀ ਵਾਰੀ ਹੱਥ ਸੀ ਲਾਉਂਦਾ।
ਉਸ ਨੇ ਵੀ ਸੀ ਫੰਨ ਫੈਲਾਇਆ।
ਗਲੀ ਗਲੀ ਵਿੱਚ ਚੱਕਰ ਲਾਇਆ,
ਬੀਨ ਵਜਾਉਂਦਾ……………..
ਜੋਗ ਕਮਾਇਆ ਰਾਂਝੇ, ਪੂਰਨ ,
ਉਹ ਸੀ ਜੋਗੀ ਬਣੇ ਸੰਪੂਰਨ।
ਕੁਲ ਦੁਨੀਆਂ ਨੇ ਕਿੱਸਾ ਗਾਇਆ,
ਗਲੀ ਗਲੀ ਵਿੱਚ ਚੱਕਰ ਲਾਇਆ।
ਬੀਨ ਵਜਾਉਂਦਾ……………
ਪੱਤੋ ਇਹ ਵੀ ਜੋਗ ਕਮਾਉਂਦੇ,
ਗਲੀਆਂ ਦੇ ਵਿੱਚ ਫੇਰਾ ਪਾਉਂਦੇ।
ਆਟਾ ਦਾਨਾ ਹਰ ਕੋਈ ਲਿਆਇਆ,
ਗਲੀ ਗਲੀ ਵਿੱਚ ਚੱਕਰ ਲਾਇਆ।
ਬੀਨ ਵਜਾਉਂਦਾ ਜੋਗੀ ਆਇਆ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ