ਸਟੈਨ ਸਵਾਮੀ ਦੀ ਮੌਤ ਨੇ ਕੱਢਿਆ ਦਲਿਤ ਸਿਆਸਤ ਦਾ ਜਲੂਸ

ਸਟੈਨ ਸਵਾਮੀ ਦੀ ਮੌਤ ਨੇ ਕੱਢਿਆ ਦਲਿਤ ਸਿਆਸਤ ਦਾ ਜਲੂਸ

ਮਹਿਕਮਾ ਪੰਜਾਬੀ

ਸਟੈਨ ਸਵਾਮੀ ਦੀ ਜੇਲ੍ਹ ਵਿੱਚ ਮੌਤ ਕਿਉਂ ਹੋਈ?

ਸਟੈਨ ਸਵਾਮੀ ਨੂੰ ਭੀਮਾ ਕੋਰੇਗਾਂਵ ਕੇਸ ਵਿੱਚ ਜੇਲ੍ਹ ਵਿੱਚ ਰੱਖਿਆ ਹੋਇਆ ਸੀ। ਕੇਸ ਕੀ ਸੀ? ਭੀਮਾ ਕੋਰੇਗਾਂਵ ਮਾਹਾਰਾਸ਼ਟਰ ਦਾ ਇਕ ਪਿੰਡ ਹੈ। ਕੇਸ ਇਹ ਸੀ ਕਿ ਅੰਗਰੇਜ਼ਾਂ ਦੇ ਰਾਜ ਦੌਰਾਨ ਦਲਿਤ ਅੰਗਰੇਜ਼ਾਂ ਦੀ ਫੌਜ ‘ਚ ਭਰਤੀ ਹੋਏ। ਅੰਗਰੇਜ਼ਾਂ ਦੀ ਮਰਾਠਿਆਂ ਨਾਲ ਲੜਾਈ ਹੋਈ‌। ਭੀਮਾ ਕੋਰੇਗਾਂਵ ਦੀ ਜ਼ਮੀਨ ‘ਤੇ ਹੋਈ ਲੜਾਈ ‘ਚ ਅੰਗਰੇਜ਼ ਜਿੱਤ ਗਏ ਤੇ ਮਰਾਠੇ ਹਾਰ ਗਏ। ਕਿਉਂਕਿ ਦਲਿਤ ਅੰਗਰੇਜ਼ਾਂ ਵਲੋਂ ਲੜ ਰਹੇ ਸਨ। ਇਸ ਕਰਕੇ ਦਲਿਤਾਂ ਨੇ ਅੰਗਰੇਜ਼ਾਂ ਦੀ ਜਿੱਤ ਨੂੰ ਆਪਣੀ ਜਿੱਤ ਸਮਝਿਆ। ਬਹੁਤ ਲੰਮਾ ਸਮਾਂ ਇਹ ਲੜਾਈ ਇਤਿਹਾਸ ਦੀਆਂ ਕਿਤਾਬਾਂ ‘ਚ ਦੱਬੀ ਰਹੀ। ਪਰ ਪਿਛਲੇ ਕੁਝ ਸਮੇਂ ਤੋਂ ਮਹਾਂਰਾਸ਼ਟਰ ਦੇ ਦਲਿਤਾਂ ਨੇ ਇਸ ਲੜਾਈ ਦੀ ਜਿੱਤ ਦੀ ਯਾਦ ‘ਚ ਸਾਲਾਨਾ ਜਸ਼ਨ ਮਨਾਉਣਾ ਸ਼ੁਰੂ ਕੀਤਾ। ਇਹ ਜਸ਼ਨ ਮਹਾਰਾਸ਼ਟਰ ਦੇ ਭੀਮਾ ਕੋਰੇਗਾਂਵ ‘ਚ ਮਨਾਇਆ ਜਾਂਦਾ। ਦਲਿਤਾਂ ਦੀ ਅੰਗਰੇਜ਼ਾਂ ਨਾਲ ਮਿਲਕੇ ਪ੍ਰਾਪਤ ਕੀਤੀ ਜਿੱਤ ਦੇ ਜਸ਼ਨ ਤੋਂ ਮਰਾਠੇ ਚਿੜਦੇ ਸਨ। ਇਸੇ ਚਿੜ ਵਿਚੋਂ ਨਿਕਲੀ ਇਕ ਝੜਪ। ਸੰਨ 2016 ਵਿੱਚ ਲੜਾਈ ਦੀ ਵਰ੍ਹੇਗੰਢ ਦੌਰਾਨ ਮਰਾਠਿਆਂ ਅਤੇ ਦਲਿਤਾਂ ‘ਚ ਝੜਪ ਹੋ ਗਈ। ਇਸੇ ਝੜਪ ਵਿੱਚ ਸਟੈਨ ਸਵਾਮੀ ਦਾ ਨਾਮ ਆਇਆ। ਭਾਰਤ ਸਰਕਾਰ ਨੇ ਇਲਜ਼ਾਮ ਲਗਾਇਆ ਕਿ ਸਟੈਨ ਸਵਾਮੀ ਅਤੇ ਉਹਦੇ ਵਰਗੇ ਹੋਰ ਭੀਮਾ ਕੋਰੇਗਾਂਵ ਦੇ ਬਹਾਨੇ ਭਾਰਤ ਵਿਰੁੱਧ ਜੰਗ ਛੇੜਨਾ ਚਾਹੁੰਦੇ ਸਨ। ਇਸੇ ਇਲਜ਼ਾਮ ਤਹਿਤ ਸਟੈਨ ਸਵਾਮੀ ਜੇਲ੍ਹ ਵਿੱਚ ਸੀ।

ਪਰ ਸਵਾਲ ਇਹ ਹੈ ਕਿ ਸਟੈਨ ਸਵਾਮੀ ਦੇ ਹੱਕ ‘ਚ ਦਲਿਤ ਕਿੰਨਾ ਕੁ ਬੋਲੇ ? ਜਸ਼ਨ ਦਲਿਤ ਮਨਾ ਰਹੇ ਸਨ।‌ ਪਰ ਕੇਸ ਸਟੈਨ ਸਵਾਮੀ ਵਰਗਿਆਂ ‘ਤੇ ਹੋਇਆ। ਦਲਿਤ ਕਿਉਂ ਪਿੱਛੇ ਹਟੇ? ਕਿਉਂਕਿ ਭਾਰਤ ਸਰਕਾਰ ਨੇ ਦਲਿਤਾਂ ਨੂੰ ਦੱਸਿਆ ਕਿ ਸਟੈਨ ਸਵਾਮੀ ਵਰਗੇ ਭਾਰਤ ਨਾਲ ਗਦਾਰੀ ਕਰਨਾ ਚਾਹੁੰਦੇ ਸਨ। ਤੇ ਇਹ ਗੱਲ ਦਲਿਤਾਂ ਨੇ ਮੰਨ ਵੀ ਲਈ। ਜਿਵੇਂ ਰੋਹਿਤ ਵਮੂਲਾ ਦੀ ਮੌਤ ਵੇਲੇ ਦਲਿਤ ਜਥੇਬੰਦੀਆਂ ‘ਚ ਰੋਹ ਜਾਗਿਆ ਸੀ। ਉਵੇਂ ਸਟੈਨ ਸਵਾਮੀ ਦੀ ਮੌਤ ਵੇਲੇ ਨਹੀਂ ਜਾਗਿਆ। ਸਟੈਨ ਸਵਾਮੀ ਦੀ ਮੌਤ ਨੇ ਸਾਰੀ ਦਲਿਤ ਸਿਆਸਤ ਨੂੰ ਚੌਰਾਹੇ ‘ਚ ਲਿਆ ਕੇ ਖੜਾ ਕਰ ਦਿੱਤਾ ਹੈ। ਇਹ ਦਲਿਤ ਸਿਆਸਤ ਜਿਥੇ ਪੰਜਾਬ ਵਿੱਚ ਭਾਜਪਾ ਦਾ ਏਜੰਡਾ ਲਾਗੂ ਕਰਨ ਲਈ ਛੋਟੀ ਜਿਹੀ ਗੱਲ ਨੂੰ ਵੀ ਵੱਡਾ ਕਰਕੇ ਪੇਸ਼ ਕਰਦੀ ਹੈ। ਉਥੇ ਇਹੀ ਦਲਿਤ ਸਿਆਸਤ ਸਟੈਨ ਸਵਾਮੀ ਦੀ ਮੌਤ ‘ਤੇ ਚੂੰ ਵੀ ਨਹੀਂ ਕਰਦੀ। ਪਿਛਲੇ 70 ਸਾਲਾਂ ‘ਚ ਦਲਿਤ ਸਿਆਸਤ ਨੇ ਆਮ ਦਲਿਤ ਦੇ ਮਨ ਵਿੱਚ ਇਹ ਗੱਲ ਵਸਾ ਦਿੱਤੀ ਹੈ ਕਿ ਜੇ ਕਿਸੇ ‘ਤੇ ਭਾਰਤ ਨਾਲ ਗਦਾਰੀ ਦਾ ਇਲਜਾਮ ਹੋਵੇ ਤਾਂ ਉਸ ਬੰਦੇ ਜਾਂ ਜ਼ਨਾਨੀ ਵੱਲ ਝਾਕੋ ਵੀ ਨਾ। ਉਹਦਾ ਕੋਈ ਪੱਖ ਨਾ ਸੁਣੋ। ਭਾਰਤ ਵਿੱਚ ਦਲਿਤਾਂ ਦੀ ਆਪਣੀ ਹੋਣੀ ਨਾਲੋਂ ਦਲਿਤ ਸਿਆਸਤ ਨੇ ਭਾਰਤ ਦੀ ਸ਼ਾਨ ਨੂੰ ਜ਼ਿਆਦਾ ਮਹੱਤਵ ਦਿੱਤਾ ਹੈ। ਇਸੇ ਕਰਕੇ ਦਲਿਤ ਸਿਆਸਤ ਦਾ ਅਸਲੀ ਫਾਇਦਾ ਦਲਿਤਾਂ ਨੂੰ ਨਹੀਂ ਸਗੋਂ ਭਾਜਪਾ ਅਤੇ ਕਾਂਗਰਸ ਨੂੰ ਹੁੰਦਾ ਹੈ।

Bulandh-Awaaz

Website: