ਅੰਮ੍ਰਿਤਸਰ, 6 ਫਰਵਰੀ (ਬੁਲੰਦ ਅਵਾਜ਼ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ਜੀ ਅਤੇ ਦਿੱਲੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਸ ਮਨਜੀਤ ਸਿੰਘ ਭੋਮਾ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਚ ਉਕਤ ਸੰਸਥਾ ਦੇ ਪ੍ਰਚਾਰਕਾਂ ਭਾਈ ਰਣਜੀਤ ਸਿੰਘ ਅਤੇ ਭਾਈ ਅੰਗਰੇਜ਼ ਸਿੰਘ ਵੱਲੋਂ ਵੱਡੀ ਪੱਧਰ ਤੇ ਧਰਮ ਪਰਿਵਰਤਨ ਖਿਲਾਫ ਵਿੱਢੀ ਮੁਹਿੰਮ ਨੂੰ ਵਿਸ਼ਾਲ ਹੁੰਗਾਰਾ ਮਿਲ ਰਿਹਾ ਹੈ। ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਧਰਮ ਜਾਗਰੂਕਤਾ ਲਹਿਰ ਦੌਰਾਨ ਜਦੋਂ ਤੋਂ ਦਿੱਲੀ ਕਮੇਟੀ ਨੇ ਜੁੰਮੇਵਾਰੀ ਸੌਪੀ ਹੈ ਸਾਡੇ ਵਲੋਂ ਲਾਈ ਗਈ ਸੇਵਾ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ, ਜਿਸ ਦਾ ਨਤੀਜਾ ਸਿੱਖ ਕੌਮ ਦੇ ਸਾਹਮਣੇ ਹੈ। ਉਨ੍ਹਾ ਅੱਗੇ ਦੱਸਿਆ ਕਿ ਦਰਜਨਾਂ ਪਰਿਵਾਰ ਨੇ ਮੁੜ ਸਿੱਖ ਧਰਮ ਵੱਲ ਘਰ ਵਾਪਸੀ ਕੀਤੀ ਹੈ। ਇਸ ਮੌਕੇ ਪ੍ਰਚਾਰਕਾਂ ਭਾਈ ਅੰਗਰੇਜ ਸਿੰਘ ਅਤੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪਿਛਲੇ 2 ਹਫਤਿਆਂ ਤੋਂ ਅਸੀਂ ਕਰੀਬ ਡੇਢ ਦਰਜਨ ਪਿੰਡਾਂ ਚ ਧਰਮ ਦਾ ਪ੍ਰਚਾਰ ਕੀਤਾ,ਵੱਖ ਵੱਖ ਸਕੂਲਾਂ ਅਤੇ ਗੁਰਦੁਆਰਿਆਂ ਚ ਧਾਰਮਿਕ ਫਿਲਮਾਂ ਦਿਖਾਈਆਂ,ਬਾਣੀ ਤੇ ਬਾਣੇ ਨਾਲ ਜੋੜਨ ਲਈ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ,ਜਿਸ ਨੂੰ ਸੰਗਤਾਂ ਵਲੋਂ ਪੂਰਾ ਸਾਥ ਮਿਲ ਰਿਹਾ ਹੈ। ਉਨ੍ਹਾ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਚ ਇਸੇ ਤਰਾਂ ਮਾਝੇ ਦੇ ਹੋਰ ਜ਼ਿਲ੍ਹਿਆਂ ਚ ਧਰਮ ਪ੍ਰਚਾਰ ਕਰਵਾਇਆ ਜਾਵੇਗਾ। ਉਨ੍ਹਾ ਸੰਗਤਾਂ ਨੂੰ ਵੀ ਜੋਰ ਦਿੱਤਾ ਕਿ ਸਾਡੇ ਨਾਲ ਜੁੜ ਕੇ ਸਾਡਾ ਸਹਿਯੋਗ ਕਰਨ।