ਸ਼੍ਰੋਮਣੀ ਕਮੇਟੀ ਵੱਲੋਂ ਲਾਪਤਾ ਕੀਤੇ 328 ਪਾਵਨ ਸਰੂਪਾਂ ਦਾ ਸੰਘਰਸ਼ ਮੁੜ ਹੋਵੇਗਾ ਸ਼ੁਰੂ – ਪੰਥਕ ਜਥੇਬੰਦੀਆਂ

50

ਦੋਸ਼ੀਆਂ ਉੱਤੇ ਹਰ ਹੀਲੇ ਕਾਨੂੰਨੀ ਕਾਰਵਾਈ ਕਰਵਾ ਕੇ ਰਹਾਂਗੇ

Italian Trulli

ਤਰਨਤਾਰਨ, 23 ਜੂਨ (ਜੰਡ ਖਾਲੜਾ) – ਸ਼੍ਰੋਮਣੀ ਕਮੇਟੀ ਵੱਲੋਂ ਲਾਪਤਾ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਮਾਮਲਾ ਇੱਕ ਵਾਰ ਫਿਰ ਭਖ਼ਦਾ ਨਜ਼ਰ ਆ ਰਿਹਾ ਹੈ। ਬੀਤੇ ਕੱਲ੍ਹ ਸੁਲਤਾਨਵਿੰਡ ਪਿੰਡ ਦੇ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਇਕੱਤਰ ਹੋਈਆਂ ਪੰਥਕ ਜਥੇਬੰਦੀਆਂ ਜਿਨ੍ਹਾਂ ਵਿੱਚ ਜਥਾ ਸਿਰਲੱਥ ਖ਼ਾਲਸਾ ਦੇ ਆਗੂ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਆਗੂ ਭਾਈ ਬਲਬੀਰ ਸਿੰਘ ਮੁੱਛਲ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ, ਆਵਾਜ਼-ਏ-ਕੌਮ ਦੇ ਆਗੂ ਭਾਈ ਨੋਬਲਜੀਤ ਸਿੰਘ ਬੁੱਲੋਵਾਲ, ਅਕਾਲ ਖ਼ਾਲਸਾ ਦਲ ਦੇ ਆਗੂ ਭਾਈ ਮਹਾਂਬੀਰ ਸਿੰਘ ਸੁਲਤਾਨਵਿੰਡ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਲਖਬੀਰ ਸਿੰਘ ਮਹਾਲਮ ਅਤੇ ਭਾਈ ਰਛਪਾਲ ਸਿੰਘ ਨਿਹੰਗ ਆਦਿ ਨੇ 328 ਪਾਵਨ ਸਰੂਪ ਦਾ ਸੰਘਰਸ਼ ਮੁੜ ਸ਼ੁਰੂ ਕਰਨ ਸਬੰਧੀ ਗੰਭੀਰ ਵਿਚਾਰਾਂ ਕੀਤੀਆਂ ਹਨ ਅਤੇ ਦੋਸ਼ੀਆਂ ਉੱਤੇ ਹਰ ਹੀਲੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਉਹਨਾਂ ਨੇ ਦ੍ਰਿੜ੍ਹਤਾ ਪ੍ਰਗਟਾਈ ਹੈ।

ਉਹਨਾਂ ਕਿਹਾ ਕਿ ਹਮਖਿਆਲੀ ਜਥੇਬੰਦੀਆਂ ਅਤੇ ਸੰਗਤਾਂ ਨਾਲ ਜਗ੍ਹਾ ਜਗ੍ਹਾ ਉੱਤੇ ਮੀਟਿੰਗਾਂ ਕਰਕੇ ਇਹ ਸੰਘਰਸ਼ ਹੁਣ ਛੇਤੀ ਹੀ ਨਵੇਂ ਸਿਰਿਓਂ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਖੇਤੀ ਕਾਲ਼ੇ ਕਾਨੂੰਨਾਂ ਕਿਸਾਨ ਮੋਰਚਾ ਭਖ਼ਣ ਕਰਕੇ ਇਹ ਸੰਘਰਸ਼ ਕੁਝ ਸਮੇਂ ਲਈ ਅਸੀਂ ਮੁਲਤਵੀ ਕਰ ਦਿੱਤਾ ਸੀ। ਲੇਕਿਨ ਸ਼੍ਰੋਮਣੀ ਕਮੇਟੀ ਨੇ ਏਨਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ 328 ਪਾਵਨ ਸਰੂਪਾਂ ਦਾ ਹਿਸਾਬ ਨਹੀਂ ਦਿੱਤਾ, ਕੀ ਉਹ ਪਾਵਨ ਸਰੂਪ ਕਦੋਂ, ਕਿਸ ਨੂੰ ਅਤੇ ਕਿਸ ਦੇ ਕਹਿਣ ਉੱਤੇ ਦਿੱਤੇ ਹਨ ਤੇ ਹੁਣ ਸਰੂਪ ਕਿੱਥੇ ਹਨ ਅਤੇ ਨਾ ਹੀ ਦੋਸ਼ੀਆਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਹੈ, ਉਲ਼ਟਾ ਪਾਵਨ ਸਰੂਪਾਂ ਦਾ ਹਿਸਾਬ ਮੰਗ ਰਹੇ ਗੁਰਸਿੱਖਾਂ ਉੱਤੇ ਜ਼ੁਲਮ ਤਸ਼ੱਦਦ ਢਾਹ ਕੇ ਉਹਨਾਂ ਉੱਤੇ 307 ਦੇ ਪਰਚੇ ਦਰਜ਼ ਕਰਵਾਏ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਕਾਂਗਰਸ ਅਤੇ ਭਾਰਤ ਸਰਕਾਰ ਦੀ ਫ਼ੌਜ ਵੱਲੋਂ 1984 ਵਿੱਚ ਪਾਵਨ ਸਰੂਪ ਵਿੱਚ ਮਾਰੀ ਗੋਲ਼ੀ ਅਤੇ ਉਹ ਜਖ਼ਮੀ ਸਰੂਪ ਤਾਂ ਵਿਖਾ ਦਿੱਤਾ ਗਿਆ ਪਰ ਜਿਹੜੀਆਂ ਗੋਲ਼ੀਆਂ ਅਖੌਤੀ ਪੰਥਕ ਬਾਦਲ ਸਰਕਾਰ ਨੇ ਬਹਿਬਲ ਕਲਾਂ ਵਿੱਚ ਸਿੱਖਾਂ ਉੱਤੇ ਮਾਰੀਆਂ ਸਨ ਉਹ ਗੋਲ਼ੀਆਂ ਕਿੱਥੇ ਹਨ ? ਸ਼੍ਰੋਮਣੀ ਕਮੇਟੀ ਨੇ ਜਿਹੜੇ 328 ਸਰੂਪ ਖਰਦ ਬੁਰਦ ਕਰ ਦਿੱਤੇ ਉਹ ਕਦੋਂ ਵਿਖਾਉਣੇ ਹਨ ? ਜਿਹੜੇ ਸਿੱਖੀ ਸਿਧਾਂਤਾਂ ਵਿੱਚ ਬਾਦਲਾਂ ਨੇ ਗੋਲ਼ੀਆਂ ਮਾਰੀਆਂ ਉਹ ਕੌਮ ਨੂੰ ਕਦੋਂ ਵਿਖਾਉਣੀਆਂ ਹਨ ?

ਉਹਨਾਂ ਕਿਹਾ ਗਿਆਨੀ ਹਰਪ੍ਰੀਤ ਸਿੰਘ ਵੀ ਬਾਦਲਾਂ ਦੀ ਕਠਪੁਤਲੀ ਬਣਿਆ ਹੋਇਆ ਹੈ ਤੇ ਗੁੰਮ ਸਰੂਪਾਂ ਸਬੰਧੀ ਉਹ ਵੀ ਦੋਸ਼ੀਆਂ ਉੱਤੇ ਕੋਈ ਸਖ਼ਤ ਕਾਰਵਾਈ ਨਹੀਂ ਕਰ ਸਕਿਆ ਤੇ ਉਲਟਾ ਪੰਥ ਪ੍ਰਸਤ ਗੁਰਸਿੱਖਾਂ ਨੂੰ ਉਸ ਨੇ ਕਾਂਗਰਸੀ ਅਤੇ ਦੁੱਕੀ ਤੁੱਕੀ ਐਲਾਨ ਦਿੱਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚ ਆਏ ਨਿਘਾਰ ਦੀ ਅਸਲ ਜੜ੍ਹ ਬਾਦਲ ਦਲ ਹੈ ਜਿਸ ਨੇ ਸ਼੍ਰੋਮਣੀ ਕਮੇਟੀ,ਅਕਾਲੀ ਦਲ, ਤਖ਼ਤਾਂ ਦੇ ਜਥੇਦਾਰਾਂ ਅਤੇ ਹੁਕਮਨਾਮਿਆਂ ਨੂੰ ਪ੍ਰੰਪਰਾਂ, ਸਿਧਾਂਤਾਂ ਅਤੇ ਵੱਕਾਰ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਅਸ਼ਲੀਲ ਹਰਕਤਾਂ ਕਰਕੇ ਪੂਰੀ ਕੌਮ ਨੂੰ ਸ਼ਰਮਸਾਰ ਕੀਤਾ ਹੈ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਧਿਕਾਰੀਆਂ ਵਿੱਚ ਨਰੈਣੂ ਮਹੰਤ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ। ਇਸ ਮੌਕੇ ਸ਼੍ਰੋਮਣੀ ਗਤਕਾ ਅਖਾੜਾ ਰਾਮਸਰ ਅਤੇ ਗੁਰੂ ਨਾਨਕ ਦੇਵ ਗਤਕਾ ਅਖਾੜਾ ਦੇ ਖਿਡਾਰੀਆਂ ਨੇ ਗਤਕੇ ਦੇ ਜੌਹਰ ਵਿਖਾਏ।

ਇਸ ਮੌਕੇ ਭਾਈ ਅਜੀਤ ਸਿੰਘ ਨਿਹੰਗ, ਹਰਜਿੰਦਰ ਸਿੰਘ ਨਿਹੰਗ, ਕੁਲਦੀਪ ਸਿੰਘ ਬਿੱਟੂ, ਗੁਰਸ਼ਰਨਜੀਤ ਸਿੰਘ ਛੰਨਾ, ਬੀਬੀ ਮਨਿੰਦਰ ਕੌਰ, ਜਸਵਿੰਦਰ ਸਿੰਘ ਬਹੋੜੂ, ਮਨਦੀਪ ਸਿੰਘ ਖ਼ਾਲਸਾ, ਰਛਪਾਲ ਸਿੰਘ, ਮਨਪ੍ਰੀਤ ਸਿੰਘ ਮੰਨਾ, ਗਗਨਦੀਪ ਸਿੰਘ ਸੁਲਤਾਨਵਿੰਡ, ਜਸ਼ਨਦੀਪ ਸਿੰਘ ਖ਼ਾਲਸਾ, ਸੁਖਦੇਵ ਸਿੰਘ ਹਰੀਆਂ, ਮਲਕੀਤ ਸਿੰਘ, ਚਰਨਜੀਤ ਸਿੰਘ ਰਾਣਾ, ਕੇਵਲ ਸਿੰਘ, ਜਸਪਾਲ ਸਿੰਘ, ਸਤਨਾਮ ਸਿੰਘ, ਸਰਬਜੀਤ ਸਿੰਘ ਹੀਰੋ, ਪ੍ਰਤਾਪ ਸਿੰਘ ਖ਼ਾਲਸਾ, ਹਰਪ੍ਰਿਤਪਾਲ ਸਿੰਘ ਹੈਪੀ, ਮਨਜੀਤ ਸਿੰਘ ਡੱਲਾ ਆਦਿ ਹਾਜ਼ਰ ਸਨ।