ਸ਼ਹੀਦ ਭਾਈ ਪਿਆਰਾ ਸਿੰਘ ਦੀ ਬਰਸੀ ਦੇ ਸਬੰਧ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਮਤਿ ਸਮਾਗਮ 

ਸ਼ਹੀਦ ਭਾਈ ਪਿਆਰਾ ਸਿੰਘ ਦੀ ਬਰਸੀ ਦੇ ਸਬੰਧ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਮਤਿ ਸਮਾਗਮ 

ਅੰਮ੍ਰਿਤਸਰ, 16 ਦਸੰਬਰ (ਗਗਨ) – ਅੱਜ 16 ਦਸੰਬਰ 2021 ਨੂੰ ਸ਼ਹੀਦ ਭਾਈ ਪਿਆਰਾ ਸਿੰਘ ਦੀ ਬਰਸੀ ਦੇ ਸਬੰਧ ਵਿਚ ਸਮੂਹ ਪੰਥਕ ਜਥੇਬੰਦੀਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕੀਤਾl ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਸੋਚ ਨਹੀਂ ਡੁੱਬਣੀ ਚਾਹੀਦੀ ਕਿਉਂਕਿ ਸ਼ਹੀਦ ਆਪਣਾ ਸਰੀਰ ਦਾਨ ਕਰਕੇ ਸਾਡੇ ਲਈ ਜੋ ਸਰਮਾਇਆ ਦੇ ਗਏ ਹਨ ਉਸ ਨੂੰ ਜਿਊਂਦਾ ਰੱਖਣਾ ਸਾਡਾ ਫਰਜ਼ ਬਣਦਾ ਹੈl ਇਨ੍ਹਾਂ ਸ਼ਹਾਦਤਾਂ ਨਾਲ ਜਿਹੜਾ ਸਾਨੂੰ ਪੰਥ ਅਤੇ ਗ੍ਰੰਥ ਦਾ ਸਿਧਾਂਤ ਮਿਲਿਆ ਹੈ ਉਸ ਤੇ ਪਹਿਰਾ ਦੇਣਾ ਸਾਡੀ ਜ਼ਿੰਮੇਵਾਰੀ ਹੈ,ਇਸ ਜ਼ਿੰਮੇਵਾਰੀ ਨੂੰ ਕਬੂਲਦਿਆਂ ਜਿਹੜੇ ਸਾਡੇ ਪੁਰਾਤਨ 327 ਗ੍ਰੰਥ ਜਿਨ੍ਹਾਂ ਦਾ ਪ੍ਰਬੰਧ ਕਮੇਟੀ ਕੋਈ ਹਿਸਾਬ ਕਿਤਾਬ ਨਹੀਂ ਦੇ ਰਹੀ,ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਅੱਗੇ ਆਉਣ ਤਾਂ ਕਿ ਉਹ ਸਾਰੇ ਪੁਰਾਤਨ ਸਰੂਪ ਸਾਨੂੰ ਮਿਲ ਸਕਣ l ਇਹ ਪੁਰਾਤਨ ਗ੍ਰੰਥ ਸਾਡੇ ਸਿੱਖੀ ਸਿਧਾਂਤਾਂ ਦਾ ਮੁੱਖ ਆਧਾਰ ਹਨ l ਇਨ੍ਹਾਂ ਸਰੂਪਾਂ ਵਾਰੇ ਬਾਦਲ ਪਰਿਵਾਰ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ,ਸਕੱਤਰ ਅਤੇ ਇਨ੍ਹਾਂ ਦਾ ਹੀ ਲਾਇਆ ਹੋਇਆ ਗਿਆਨੀ ਹਰਪ੍ਰੀਤ ਸਿੰਘ ਇਹ ਦੱਸ ਨਹੀਂ ਰਹੇ ਕਿ ਇਹ ਗ੍ਰੰਥ ਕਿੱਥੇ ਗਏ,ਕਿਉਂ ਦਿੱਤੇ ਗਏ ਅਤੇ ਕਦੋਂ ਵਾਪਸ ਆਉਣਗੇ l ਇਹ ਪੁਰਾਤਨ ਖ਼ਜ਼ਾਨਾ ਜਲਦੀ ਵਾਪਸ ਲਿਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਥੋੜ੍ਹਾ ਸਮਾਂ ਹੋਰ ਖ਼ਰਾਬ ਕਰ ਦਿੱਤਾ ਤਾਂ ਕੌਮ ਦੇ ਹੱਥ ਕੁਝ ਵੀ ਨਹੀਂ ਲੱਗਣਾl

Bulandh-Awaaz

Website: