Bulandh Awaaz

Headlines
ਪੀ.ਐਸ.ਟੀ.ਐਸ.ਈ ਅਤੇ ਐਨ.ਐਮ.ਐਮ.ਐਸ. ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਣ ਜ਼ਿਲ੍ਹਾ ਸਿੱਖਿਆ ਦਫਤਰਾਂ ਦੇ ਅਧਿਕਾਰੀਆਂ ਵਿਜੀਲੈਂਸ ਜਾਗਰੂਕਤਾ ਹਫਤਾ ਮਨਾਉਂਦਿਆਂ ਭ੍ਰਿਸ਼ਟਾਚਾਰ ਖਿਲਾਫ ਚੁੱਕੀ ਸਹੁੰ ਭਾਰਤ ਦੀ ਫੇਸਬੁੱਕ ਪਾਲਿਸੀ ਦੀ ਮੁਖੀ ਬੀਬੀ ਵਲੋਂ ਪਾਰਲੀਮੈਂਟਰੀ ਪੈਨਲ ਦੇ ਸਵਾਲਾਂ ਤੋਂ ਬਾਅਦ ਅਸਤੀਫਾ, ਭਾਜਪਾ ਦੇ ਹਿਸਾਬ ਨਾਲ ਤਿਆਰ ਕਰਦੀ ਸੀ ਨੀਤੀਆਂ ਕਸ਼ਮੀਰ ਵਿਚੋਂ ਗ਼ੈਰ ਕਸ਼ਮੀਰੀਆਂ ਲਈ ਜ਼ਮੀਨ ਖਰੀਦਣ ਦਾ ਰਾਹ ਪੱਧਰਾ ਸ਼ੰਭੂ ਮੋਰਚੇ ਤੇ ਖਾਲਿਸਤਾਨ ਦਾ ਨਾਅਰਾ ਲਗਾਉਣ ਵਾਲੇ ਨੌਜਵਾਨ ਨੂੰ ਪ੍ਰਬੰਧਕਾਂ ਨੇ ਪੁਲਸ ਹਵਾਲੇ ਕੀਤਾ ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਸੁਖਚੈਨ ਸਿੰਘ ਬੱਲ ਅੰਮ੍ਰਿਤਸਰ 2 ਦੇ ਬਲਾਕ ਪ੍ਰਧਾਨ ਨਿਯੁਕਤ 6 ਲੱਖ ਦੀ ਰਕਮ ਦਾ ਝੋਨੇ ਨਾਲ ਭਰਿਆ ਚੋਰੀ ਕੀਤੀ ਕੀਤਾ ਗਿਆ ਟਰੱਕ ਕਾਬੂ ਅਮਰੀਕਾ ਵਿਚ ਅਨੰਨਿਆ ਬਿਰਲਾ ਹੋਈ ਨਸਲੀ ਵਿਤਕਰੇ ਦਾ ਸ਼ਿਕਾਰ ਪੋਲੈਂਡ ਨੇ ਚੌਕ ਦਾ ਨਾਂ ਹਰੀਵੰਸ਼ ਰਾਏ ਬੱਚਨ ਰੱਖਿਆ ਨਸ਼ੇੜੀ ਪਤੀ ਵਲੋਂ ਬੇਰਹਿਮੀ ਨਾਲ ਪਤਨੀ ਦਾ ਕਤਲ

ਸ਼ਹੀਦ ਭਗਤ ਸਿੰਘ ਨੂੰ ਜਨਮ ਦਿਹਾੜੇ ’ਤੇ ਯਾਦ ਕਰਦਿਆਂ

28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦੀ 113ਵੀਂ ਵਰ੍ਹੇਗੰਢ ਆ ਰਹੀ ਹੈ। ਸਾਡੇ ਲਈ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਸਿਰਫ ਕੋਈ ਤਿੱਥ-ਤਿਉਹਾਰ ਨਹੀਂ, ਸਗੋਂ ਸ਼ਹੀਦ ਭਗਤ ਸਿੰਘ ਵੱਲੋਂ ਲੁੱਟ-ਜਬਰ-ਅਨਿਆਂ ਵਿਰੁੱਧ ਵਿੱਢੇ ਸੰਘਰਸ਼ ਦਾ ਚੇਤਾ ਹੈ। ਉਹ ਸੰਘਰਸ਼ ਜੋ ਗੋਰੀ ਹਕੂਮਤ ਵੱਲੋਂ ਇਸ ਸੂਰਮੇ ਨੂੰ ਫਾਂਸੀ ਚਾੜ੍ਹਕੇ ਵੀ ਮੁੱਕਿਆ ਨਾ, ਜੋ ਹੁਣ ਤੱਕ ਜਾਰੀ ਹੈ। ਸ਼ਹੀਦ ਭਗਤ ਸਿੰਘ ਦੀ ਲੜਾਈ ਸਿਰਫ ਦੇਸ਼ ਨੂੰ ਅੰਗਰੇਜੀ ਰਾਜ ਤੋਂ ਅਜ਼ਾਦੀ ਦਵਾਉਣ ਦੀ ਨਹੀਂ, ਸਗੋਂ ਹਰ ਤਰ੍ਹਾਂ ਦੇ ਲੁੱਟ-ਜਬਰ-ਅਨਿਆਂ ਤੋਂ ਅਜ਼ਾਦੀ ਦੀ ਲੜਾਈ ਸੀ, ਇਸੇ ਕਰਕੇ ਇਹ ਲੜਾਈ ਸੰਨ ਸੰਤਾਲੀ ਵਿੱਚ ਦੇਸ਼ ਦੇ ਰਾਜ ਭਾਗ ਉੱਤੇ ਕਾਬਜ ਹੋਈਆਂ ਭਾਰਤੀ ਸਰਮਾਏਦਾਰਾਂ ਦੀਆਂ ਚਾਕਰ ਲੋਕ ਦੋਖੀ ਹਕੂਮਤਾਂ ਖਿਲਾਫ ਅੱਜ ਵੀ ਜਾਰੀ ਹੈ। ਸੰਤਾਲੀ ਤੋਂ ਮਗਰੋਂ ਜੋ ਫਰਕ ਪਿਆ ਉਹ ਸਿਰਫ ਏਨਾ ਏ ਕਿ ਹੁਣ ਗੋਰੇ ਬਸਤੀਵਾਦੀਆਂ ਦੀ ਥਾਂ ਸਾਡੇ ਉੱਤੇ ਭਾਰਤੀ ਵੱਡੇ ਸਰਮਾਏਦਾਰਾਂ ਦਾ ਰਾਜ ਹੈ। ਪਰ ਦੇਸ਼ ਵਿਚਲੇ ਕਿਰਤੀ ਲੋਕਾਂ ਦੀ ਜੂਨ ਅੱਜ ਵੀ ਬੇਹਾਲ ਹੈ, ਤੰਗੀਆਂ-ਤੁਰਸ਼ੀਆਂ ਨਾਲ਼ ਭਰੀ, ਗ਼ਰੀਬੀ-ਬੇਰੁਜ਼ਗਾਰੀ-ਭੁੱਖਮਰੀ ਅਤੇ ਲੁੱਟ-ਜਬਰ ਤੋਂ ਪੀੜਿਤ ਹੈ। ਅੱਜ ਵੀ ਦੋ ਟੋਟਿਆਂ ਵਿੱਚ ਵੰਡੀ ਖਲਕਤ ਦੀ, ਲੋਕਾਂ ਅਤੇ ਜੋਕਾਂ ਦੀ ਆਪਸ ਵਿੱਚ ਜੰਗ ਲਗਾਤਾਰ ਜਾਰੀ ਹੈ। ਭਗਤ ਸਿੰਘ ਦੀ ਫਾਂਸੀ ਦੇ ਲਗਭਗ ਨੌ ਦਹਾਕੇ ਮਗਰੋਂ ਵੀ ਇਸ ਸ਼੍ਰੋਮਣੀ ਯੋਧੇ ਦੇ ਇਨਕਲਾਬੀ ਖਾੜਕੂ ਵਿਚਾਰਾਂ ਦਾ ਪਰਚਮ ਲੁੱਟ-ਜਬਰ-ਅਨਿਆਂ ਖਿਲਾਫ ਲੜਨ ਵਾਲ਼ਿਆਂ ਦਾ ਰਾਹ ਰੁਸ਼ਨਾ ਰਿਹਾ ਹੈ। ਇਸ ਲਈ ਅੱਜ ਸਾਡੇ ਲਈ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਮਤਲਬ ਕੋਈ ਨਾਇਕ ਪੂਜਾ ਨਹੀਂ, ਸਗੋਂ ਉਹਨਾਂ ਦੇ ਵਿਚਾਰਾਂ ਤੋਂ ਸੇਧ ਲੈਂਦਿਆਂ ਅਜੋਕੇ ਹਕੂਮਤੀ ਹੱਲ਼ਿਆਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਹੈ ਅਤੇ ਉਹਨਾਂ ਦੇ ਲੋਕ ਦੋਖੀ ਕਿਰਦਾਰ ਦਾ ਪਾਜ ਉਘਾੜਾ ਕਰਨਾ ਹੈ, ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ- ਲੁੱਟ, ਜਬਰ ਅਤੇ ਅਨਿਆਂ ਰਹਿਤ ਸਮਾਜ ਸਿਰਜਣ ਲਈ ਕਿਰਤੀ ਲੋਕਾਈ ਨੂੰ ਜਥੇਬੰਦ ਕਰਦਿਆਂ ਕਿਰਤੀ ਲੋਕਾਂ ਦੀ ਮੁਖਤਿਆਰੀ ਵਾਲ਼ਾ ਸਮਾਜ ਸਿਰਜਣ ਵੱਲ ਵਧਣਾ ਹੈ।

ਜਿਸ ਦੌਰ ਵਿੱਚ ਅਸੀਂ ਅੱਜ ਗੱਲ ਕਰ ਰਹੇ ਹਾਂ, ਇਸ ਵੇਲ਼ੇ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਦੀ ਪ੍ਰਸੰਗਕਤਾ ਪਹਿਲਾਂ ਨਾਲ਼ੋਂ ਵੀ ਕਿਤੇ ਜ਼ਿਆਦਾ ਵਧ ਗਈ ਹੈ, ਜਦੋਂ ਰਾਜ ਭਾਗ ਉੱਤੇ ਕਾਬਜ ਲੋਟੂ ਹਕੂਮਤਾਂ, ਕੇਂਦਰ ਦੀ ਭਾਜਪਾ ਹਕੂਮਤ ਅਤੇ ਸੂਬਾਈ ਹਕੂਮਤਾਂ ਦਾ ਲੋਕਦੋਖੀ, ਕਿਰਤੀ ਵਿਰੋਧੀ ਕਿਰਦਾਰ ਪਹਿਲਾਂ ਨਾਲ਼ੋਂ ਕਿਤੇ ਜ਼ਿਆਦਾ ਉੱਘੜਕੇ ਸਾਹਮਣੇ ਆ ਰਿਹਾ ਹੈ। ਕਿਰਤੀ ਲੋਕਾਂ, ਕੌਮਾਂ ਅਤੇ ਧਾਰਮਿਕ ਘੱਟਗਿਣਤੀਆਂ, ਦਲਿਤਾਂ, ਔਰਤਾਂ ਉੱਤੇ ਹੱਲਾ ਪਹਿਲਾਂ ਨਾਲ਼ੋਂ ਕਿਤੇ ਜਿਆਦਾ ਤਿੱਖਾ ਹੋਇਆ ਹੈ। ਸੰਤਾਲੀ ਤੋਂ ਚੱਲ ਰਹੀ ਕਿਰਤੀ ਲੋਕਾਂ ਦੀ ਲੁੱਟ ਨੂੰ ਜਰਬਾਂ ਦੇਣ ਲਈ 90ਵਿਆਂ ਵਿੱਚ ਕੇਂਦਰ ਵਿਚਲੀ ਕਾਂਗਰਸ ਦੀ ਅਗਵਾਈ ਵਾਲ਼ੀ ਸਰਕਾਰ ਨੇ ਨਿੱਜੀਕਰਨ-ਉਦਾਰੀਕਰਨ-ਸੰਸਾਰੀਕਰਨ ਦੀਆਂ ਨੀਤੀਆਂ ਲੈਕੇ ਆਂਦੀਆਂ। ਜਿਸਨੂੰ ਹੁਣ ਦੀ ਭਾਜਪਾ ਸਰਕਾਰ ਪੂਰੇ ਜੋਰ-ਸ਼ੋਰ ਨਾਲ਼ ਲਾਗੂ ਕਰ ਰਹੀ ਹੈ ਅਤੇ ਜੋ ਕਸਰ ਕਾਂਗਰਸ ਸਰਕਾਰ ਮੌਕੇ ਰਹਿ ਗਈ ਸੀ, ਭਾਜਪਾ ਉਸਤੋਂ ਹੋਰ ਦੋ-ਰੱਤੀਆਂ ਉੱਤੋਂ ਦੀ ਹੋਕੇ ਹੋਰ ਜ਼ਿਆਦਾ ਧੜੱਲੇ ਨਾਲ਼ ਇਹ ਨਵੀਆਂ ਆਰਥਕ ਨੀਤੀਆਂ ਨੂੰ ਲਾਗੂ ਕਰ ਰਹੀ ਹੈ, ਸਰਮਾਏਦਾਰਾਂ ਦੇ ਅਥਾਹ ਮੁਨਾਫਿਆਂ ਲਈ ਰਾਹ ਪੱਧਰਾਂ ਕਰ ਰਹੀ ਹੈ ਅਤੇ ਕਿਰਤੀ ਤਬਕਿਆਂ ਦੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਦੋਜਖ਼ ਵਿੱਚ ਸੁੱਟ ਰਹੀ ਹੈ। ਨਾਲ਼ ਹੀ ਲੋਕੀਂ ਹਾਕਮਾਂ ਦੇ ਇਹਨਾਂ ਕੋਝੇ ਕਦਮਾਂ ਵਿਰੁੱਧ ਅਵਾਜ ਬੁਲੰਦ ਕਰਨ ਇਸਤੋਂ ਪਹਿਲਾਂ ਹੀ ਕੌਮੀ ਸਵੈਸੇਵਕ ਸੰਘ ਦੀ ਅਗਵਾਈ ਵਿੱਚ ਭਾਜਪਾ ਹਕੂਮਤ ਵੱਲੋਂ ਲੋਕਾਂ ਵਿੱਚ ਫਿਰਕੂ ਪਾਟਕਾਂ ਪਾਕੇ ਭਰਾਮਾਰ ਜੰਗ ਵਿੱਚ ਝੋਕਣ ਦੀਆਂ ਮੁਹਿੰਮਾਂ ਸਰਗਰਮ ਹਨ। ਇਸ ਕਰਕੇ ਇਹਨਾਂ ਜਾਬਰ, ਲੋਕਦੋਖੀ ਅਤੇ ਸਰਮਾਏਦਾਰਾਂ-ਧਨਾਢਾਂ ਦੀਆਂ ਚਾਕਰ ਸਰਕਾਰਾਂ ਤੋਂ ਮੁਕਤੀ ਲਈ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਦੀ ਅੱਜ ਵਿਸ਼ੇਸ਼ ਅਹਿਮੀਅਤ ਤੇ ਪ੍ਰਸੰਗਕਤਾ ਬਣਦੀ ਹੈ। ਸਾਲ ਦੇ ਤੀਜੇ ਮਹੀਨੇ ਤੋਂ ਕਰੋਨਾ ਬਹਾਨੇ ਮੜ੍ਹੀ ਪੂਰਨਬੰਦੀ ਨੇ ਪਹਿਲਾਂ ਹੀ ਗਰੀਬੀ, ਬੇਰੁਜ਼ਗਾਰੀ ਤੋਂ ਪੀੜਿਤ ਆਮ ਲੋਕਾਈ ਦੀਆਂ ਸਮੱਸਿਆਵਾਂ ਨੂੰ ਦੂਣ ਸਵਾਇਆ ਕਰ ਦਿੱਤਾ। ਪੂਰਨਬੰਦੀ ਦੇ ਜਾਬਰ ਫੈਸਲੇ ਤੋਂ ਪਹਿਲਾਂ ਕੇਂਦਰ ਦੀ ਭਾਜਪਾ ਹਕੂਮਤ ਅਤੇ ਸੂਬੇ ਦੀਆਂ ਸਰਕਾਰਾਂ ਵੱਲੋਂ ਕਿਰਤੀ ਲੋਕਾਂ ਦੇ ਗੁਜਾਰੇ ਲਈ ਕੋਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਗਏ। ਸਭ ਕੁੱਝ ਨੂੰ ਇੱਕਦਮ ਬੰਦ ਕਰਕੇ ਦੇਸ਼ ਦੇ ਕਿਰਤੀਆਂ ਨੂੰ ਭੁੱਖੇ ਮਰਨ ਲਈ ਛੱਡ ਦਿੱਤਾ। ਪ੍ਰਵਾਸੀ ਕਾਮਿਆਂ ਨੂੰ ਭੁੱਖੇ-ਤਿਹਾਏ ਆਵਦੇ ਸੂਬਿਆਂ ਨੂੰ ਪਰਤਣ ਲਈ ਮਜਬੂਰ ਹੋਣਾ ਪਿਆ। ਕਰੋਨਾ ਇਲਾਜ ਬਹਾਨੇ ਸਰਕਾਰੀ ਹਸਪਤਾਲਾਂ ਵਿੱਚੋਂ ਬਾਕੀ ਸਾਰੀਆਂ ਸਿਹਤ ਸਹੂਲਤਾਂ ਮੁਲਤਵੀ ਕਰਨ ਨਾਲ਼ ਬਹੁਤ ਸਾਰੇ ਲੋਕ ਆਮ ਰੋਗਾਂ ਨਾਲ਼ ਇਲਾਜ ਨਾ ਹੋਣ ਖੁਣੋਂ ਮਰ ਗਏ। ਪੂਰਨਬੰਦੀ ਕਰਕੇ ਰੁਜ਼ਗਾਰ ਦਾ ਵੱਡੇ ਪੱਧਰ ਉੱਤੇ ਉਜਾੜਾ ਹੋਇਆ ਹੈ। ਬੇਰੁਜ਼ਗਾਰਾਂ ਦੀ ਬੌਜ ਵਿੱਚ ਅਥਾਹ ਵਾਧਾ ਹੋਇਆ ਹੈ। ਪੂਰਨਬੰਦੀ ਦੇ ਦੌਰਾਨ ਹੀ 12 ਕਰੋੜ ਲੋਕਾਂ ਦੇ ਬੇਰੁਜ਼ਗਾਰ ਹੋਣ ਦਾ ਅੰਕੜਾ ਦੱਸਿਆ ਜਾ ਰਿਹਾ ਹੈ।
ਪਹਿਲੀ ਵਾਰ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਲਗਭਗ 30 ਫੀਸਦ ਨੂੰ ਉੱਪੜ ਗਈ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਕਰੋਨਾ ਪੂਰਨਬੰਦੀ ਦੇ ਨਾਂ ਉੱਤੇ ਲੋਕਾਂ ਨੂੰ ਜਬਰੀ ਘਰਾਂ ਅੰਦਰ ਡੱਕਿਆ ਅਤੇ ਇਸ ਦੌਰਾਨ ਕਈ ਲੋਕ ਵਿਰੋਧੀ ਫੈਸਲੇ ਲਏ। ਲੋਕ ਵਿਰੋਧੀ ਤਿੰਨ ਖੇਤੀ ਆਰਡੀਨੈਂਸ, ਬਿਜਲੀ ਸੋਧ ਬਿੱਲ, ਨਵੀਂ ਸਿੱਖਿਆ ਨੀਤੀ ਪਾਸ ਕਰਕੇ ਨਿੱਜੀਕਰਨ ਰਾਹੀਂ ਕਿਰਤੀ ਲੋਕਾਂ ਉੱਤੇ ਹਮਲੇ ਨੂੰ ਹੋਰ ਤਿੱਖਾ ਕੀਤਾ ਹੈ। ਜਨਤਕ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਸਰਮਾਏਦਾਰਾਂ- ਧਨਾਢਾਂ ਨੂੰ ਵੇਚਕੇ ਨਿੱਜੀਕਰਨ ਦੇ ਰਾਹ ਦੇ ਰੋੜੇ ਚੁਗੇ ਗਏ ਹਨ, ਰੇਲਵੇ, ਬੈਂਕਾਂ ਤੋਂ ਲੈਕੇ ਸੰਚਾਰ ਮਹਿਕਮੇ ਤੱਕ ਨੂੰ ਨਿੱਜੀ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ ਹੈ। ਮਜ਼ਦੂਰਾਂ ਦੇ ਕਨੂੰਨੀ ਕਿਰਤ ਹੱਕਾਂ ਵਿੱਚ ਸਰਮਾਏਦਾਰ-ਪੱਖੀ ਸੋਧਾਂ ਕੀਤੀਆਂ ਗਈਆਂ ਹਨ। ਦੇਸ਼ ਦੇ ਧਨਾਢਾਂ ਨੂੰ ਟੈਕਸਾਂ ਅਤੇ ਕਰਜਿਆਂ ਤੋਂ ਲੱਖਾਂ-ਕਰੋੜਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਹਨ। ਇਸ ਔਖੀ ਘੜੀ ਗਰੀਬ ਕਿਰਤੀ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਉਲਟਾ ਸਰਕਾਰ ਵੱਡੇ ਸਰਮਾਏਦਾਰਾਂ-ਧਨਾਢਾਂ ਵਾਸਤੇ ਸਰਕਾਰੀ ਖਜਾਨੇ ਦੇ ਮੂੰਹ ਖੋਲ੍ਹ ਰਹੀ ਹੈ। ਉੱਤੋਂ ਸਰਕਾਰ ਨੇ ਕਰੋਨਾ ਨੂੰ ਬਹਾਨਾ ਬਣਾਕੇ ਥੋਪੀ ਪੂਰਨਬੰਦੀ ਤਹਿਤ ਲੋਕਾਂ ਦੇ ਜਮਹੂਰੀ ਅਤੇ ਨਾਗਰਿਕ ਹੱਕਾਂ ਨੂੰ ਡੰਡੇ ਦੇ ਜ਼ੋਰ ਨਾਲ਼ ਕੁਚਲਿਆ ਹੈ। ਹੱਕਾਂ ਲਈ ਸੰਘਰਸ਼ ਕਰਨ ਵਾਲ਼ੇ ਲੋਕਾਂ ਨੂੰ ਕਰੋਨਾ ਦੇ ਨਾਂ ਉੱਤੇ ਝੂਠੇ ਕੇਸਾਂ ਵਿੱਚ ਮੜ੍ਹਿਆ ਗਿਆ ਹੈ ਜਾਂ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਲੋਕਾਂ ਦੀ ਧਿਰ ਮੱਲ਼ਣ ਵਾਲ਼ੇ ਬੁੱਧੀਜੀਵੀਆਂ ਨੂੰ ਜੇਲ੍ਹੀਂ ਡੱਕਿਆ ਹੈ, ਦਲਿਤਾਂ, ਧਾਰਮਿਕ ਘੱਟਗਿਣਤੀਆਂ ਅਤੇ ਇਨਕਲਾਬੀ ਜਮਹੂਰੀ ਤਾਕਤਾਂ ਉੱਤੇ ਜਬਰ ਤਿੱਖਾ ਕੀਤਾ ਹੈ। ਸਰਕਾਰ ਨੇ ਕਰੋਨਾ ਦੇ ਇਸ ਮੌਕੇ ਨੂੰ ਲੋਕਾਂ ਵਿੱਚ ਭੈਅ ਪੈਦਾ ਕਰਕੇ ਪੂਰਨਬੰਦੀ ਮੜ੍ਹਨ, ਸੰਘਰਸ਼ਾਂ ਨੂੰ ਡੱਕਣ, ਨਿੱਜੀਕਰਨ ਦੀਆਂ ਨੀਤੀਆਂ ਨੂੰ ਜਰਬਾਂ ਦੇਣ ਅਤੇ ਦੇਸ਼ ਵਿੱਚ ਫਿਰਕੂ ਲੀਹਾਂ ਉੱਤੇ ਵੰਡੀਆਂ ਪਾਉਣ ਲਈ ਲਾਹੇਵੰਦੀ ਹਾਲਤ ਵਜੋਂ ਵਰਤਿਆ ਹੈ ਅਤੇ ਹੁਣ ਵੀ ਵਰਤ ਰਹੀ ਹੈ।
ਇਹਨਾਂ ਹਾਲਤਾਂ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਦੁੱਭਰ ਹੋਈ ਪਈ ਹੈ। ਇੱਕ ਵੱਡੀ ਅਬਾਦੀ ਰੁਜ਼ਗਾਰ ਬੰਦ ਹੋਣ ਕਾਰਨ ਰੋਜ਼ੀ-ਰੋਟੀ ਖੁਣੋਂ ਮੁਥਾਜ ਹੈ। ਅੰਕੜਿਆਂ ਮੁਤਾਬਕ ਇਸ ਸਾਲ ਦੇ ਅੰਤ ਤੱਕ 40 ਕਰੋੜ ਕਿਰਤੀਆਂ ਦੀ ਭੁੱਖਮਰੀ ਦੇ ਸ਼ਿਕਾਰ ਹੋਣ ਦਾ ਅੰਦਾਜਾ ਲਾਇਆ ਜਾ ਰਿਹਾ ਹੈ, ਹਜਾਰਾਂ ਬੱਚਿਆਂ ਦੇ ਭੁੱਖ ਨਾਲ਼ ਮਰਨ ਦੇ ਅੰਦਾਜੇ ਦੱਸੇ ਜਾ ਰਹੇ ਹਨ। ਹਰ ਖੇਤਰ ਵਿੱਚ ਰੁਜ਼ਗਾਰ ਬੰਦ ਹੋਏ ਹਨ। ਇਸ ਮੌਕੇ ਆਵਦੀਆਂ ਹੱਕੀ ਮੰਗਾਂ ਉੱਤੇ ਆਵਦੀ ਤਬਕਾਤੀ-ਜਮਾਤੀ ਜਥੇਬੰਦੀਆਂ ਵਿੱਚ ਇੱਕਜੁੱਟ ਹੁੰਦਿਆਂ ਹਾਕਮਾਂ ਵੱਲੋਂ ਕੀਤੇ ਲੋਕ ਵਿਰੋਧੀ ਫੈਸਲਿਆਂ ਖਿਲਾਫ ਡਟਣ ਦੀ ਅਣਸਰਦੀ ਲੋੜ ਬਣਦੀ ਹੈ। ਕਿਉਂਕਿ ਭਾਜਪਾ ਸਰਕਾਰ ਵੱਲੋਂ ਵਿੱਢੇ ਇਸ ਹੱਲੇ ਦੀ ਧਾਰ ਜਿੰਨੀ ਤਿੱਖੀ ਹੈ, ਇਸ ਨੂੰ ਖੁੰਢਿਆਂ ਕਰਨ ਲਈ ਤਾਣ ਵੀ ਓਨਾ ਜ਼ਿਆਦਾ ਜੁਟਾਉਣਾ ਪਵੇਗਾ। ਜੇ ਵੇਲ਼ਾ ਰਹਿੰਦੇ ਹਾਕਮਾਂ ਦੇ ਇਸ ਹਮਲੇ ਨੂੰ ਬੰਨ੍ਹ ਨਾ ਮਾਰਿਆ ਗਿਆ ਤਾਂ ਇਹਨਾਂ ਸਰਮਾਏਦਾਰਾਂ-ਧਨਾਢਾਂ ਦੇ ਚਾਕਰਾਂ ਨੇ ਸਭ ਵੇਚ ਵੱਟਕੇ ਕਿਰਤੀ ਲੋਕਾਂ, ਵਿਦਿਆਰਥੀਆਂ, ਨੌਜਵਾਨਾਂ ਤੇ ਬਾਕੀ ਸਭ ਤਬਕਿਆਂ ਦੀ ਜ਼ਿੰਦਗੀ ਨੂੰ ਹੋਰ ਦੁੱਭਰ ਬਣਾ ਛੱਡਣਾ ਹੈ। ਇਸ ਕਰਕੇ ਵੇਲ਼ਾ ਸਾਨੂੰ ਇੱਕਜੁੱਟ ਹੋਕੇ ਸੰਘਰਸ਼ਾਂ ਦੇ ਮੈਦਾਨ ਭਖਾਉਣ ਦੇ ਸੱਦੇ ਦੇ ਰਿਹਾ ਹੈ, ਹੋਣੀ ਨੂੰ ਬਦਲਣ, ਹੇਠਲੀ ਉੱਤੇ ਕਰਨ ਲਈ ਅਵਾਜਾਂ ਮਾਰ ਰਿਹਾ ਹੈ। ਨੌਜਵਾਨ ਭਗਤ ਸਿੰਘ ਵਰਗੇ ਸਾਡੇ ਸ਼ਹੀਦ ਅੱਜ ਦੀ ਨੌਜਵਾਨੀ ਨੂੰ ਵੰਗਾਰ ਰਹੇ ਹਨ ਕਿ ‘ਨੌਜਵਾਨੋਂ ਉੱਠੋ, ਤੁਹਾਨੂੰ ਸੁੱਤਿਆਂ ਨੂੰ ਯੁੱਗ ਬੀਤ ਚੁੱਕੇ ਹਨ’।
(ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ-ਲਲਕਾਰ ਵੱਲੋਂ ਜਾਰੀ ਹੱਥ-ਪਰਚੇ ਦਾ ਅੰਸ਼)
“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 9, ਅੰਕ 14,15 – 1 ਤੋਂ 15 ਅਤੇ 16 ਤੋਂ 30 ਸਤੰਬਰ 2020 (ਸੰਯੁਕਤ ਅੰਕ) ਵਿੱਚ ਪਰ੍ਕਾਸ਼ਿਤ

0 Reviews

Write a Review

bulandhadmin

Read Previous

ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯਾਤਰੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ

Read Next

ਭਗਤ ਸਿੰਘ ਨੇ ਕੀ ਕਿਹਾ ?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />