ਸ਼ਰਾਰਤੀ ਅਨਸਰਾਂ ਨੇ ਲਾਈ ਮੰਦਰ ‘ਚ ਅੱਗ, ਦੇਵੀ ਦੇਵਤਿਆਂ ਦੀ ਕੀਤੀ ਬੇਅਦਬੀ, ਹਿੰਦੁਆਂ ‘ਚ ਰੋਸ ਦੀ ਲਹਿਰ

73

ਭਵਾਨੀਗੜ੍ਹ, 25 ਜੁਲਾਈ (ਬੁਲੰਦ ਆਵਾਜ ਬਿਊਰੋ) – ਧਾਰਮਿਕ ਅਸਥਾਨਾਂ ‘ਤੇ ਬੇਅਦਬੀ ਦੀਆਂ ਘਟਨਾਵਾਂ ਨਹੀਂ ਰੁਕ ਰਹੀਆਂ। ਬੀਤੀ ਰਾਤ ਬਠਿੰਡਾ-ਚੰਡੀਗਡ਼੍ਹ ਨੈਸ਼ਨਲ ਹਾਈਵੇਅ ‘ਤੇ ਭਵਾਨੀਗੜ੍ਹ ਸ਼ਹਿਰ ਦੇ ਨਜ਼ਦੀਕੀ ਪਿੰਡ ਘਾਬਦਾਂ ‘ਚ ਸਥਿਤ ਇੱਕ ਮੰਦਰ ਵਿੱਚ ਦੇਵੀ-ਦੇਵਤਿਆਂ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸ਼ਰਾਰਤੀ ਅਨਸਰਾਂ ਦੇ ਵੱਲੋਂ ਮੰਦਰ ਵਿੱਚ ਸਥਾਪਤ ਭਗਵਾਨ ਸ਼ਿਵਜੀ ਅਤੇ ਹਨੂੰਮਾਨ ਜੀ ਦੀਆਂ ਮੂਰਤੀਆਂ ਖੰਡਿਤ ਕਰ ਦਿੱਤੀਆਂ ਗਈਆਂ ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੂੰ ਜਲਾ ਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।ਪਿੰਡ ਵਾਸੀਆਂ ਨੂੰ ਸਵੇਰ ਹੋਣ ‘ਤੇ ਇਸ ਸਬੰਧੀ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ, ਉੱਥੇ ਹੀ ਪਿੰਡ ਦੇ ਲੋਕਾਂ ਨੇ ਮੰਦਰ ਦੀ ਸਫ਼ਾਈ ਕਰਕੇ ਤਸਵੀਰਾਂ ਦੇ ਬਚੇ ਹੋਏ ਅਵਸ਼ੇਸ਼ਾਂ ਅਤੇ ਖੰਡਿਤ ਹੋਈਆਂ ਮੂਰਤੀਆਂ ਨੂੰ ਜਲ ਪ੍ਰਵਾਹ ਕਰ ਦਿੱਤਾ।

Italian Trulli

ਇਸ ਸਬੰਧੀ ਪਿੰਡ ਵਾਸੀ ਸੋਨੂੰ ਤੇ ਗਗਨਦੀਪ ਸਿੰਘ ਤੇ ਹੋਰਨਾਂ ਲੋਕਾਂ ਨੇ ਦੱਸਿਆ ਕਿ ਲੋਕਾਂ ਨੇ ਸਵੇਰੇ ਦੇਖਿਆ ਕਿ ਮੰਦਿਰ ਦੇ ਅੰਦਰ ਬੀਤੀ ਰਾਤ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੂੰ ਅੱਗ ਲਗਾ ਕੇ ਸਾੜਨ ਦੀ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਹੋਇਆ ਸੀ ਤੇ ਹਨੂੰਮਾਨ ਜੀ ਦੀ ਮੂਰਤੀ ਸਮੇਤ ਭਗਵਾਨ ਸ਼ਿਵਜੀ ਦੇ ਸ਼ਿਵਲਿੰਗ ਦੇ ਉਪਰ ਜਲ ਚੜ੍ਹਾਉਣ ਵਾਲੇ ਘੜੇ ਨੂੰ ਵੀ ਤੋੜ ਕੇ ਨੁਕਸਾਨ ਪਹੁੰਚਾਇਆ ਗਿਆ।ਘਟਨਾ ਦੀ ਸੂਚਨਾ ਫੌਰਨ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪਿੰਡ ਵਾਸੀਆਂ ਨੇ ਘਟਨਾ ਨੂੰ ਅਤਿ ਮੰਦਭਾਗੀ ਕਰਾਰ ਦਿੰਦਿਆਂ ਪੁਲਿਸ ਪ੍ਰਸ਼ਾਸਨ ਤੋਂ ਇਸ ਘਿਨੌਣੇ ਕਾਰੇ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ। ਡੀਐੱਸਪੀ ਸ਼ਰਮਾ ਨੇ ਕਿਹਾ ਕਿ ਮਾਮਲੇ ਸਬੰਧੀ ਪੁਲਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਸਲਾਖਾ ਪਿੱਛੇ ਭੇਜਿਆ ਜਾਵੇਗਾ।

ਘਟਨਾ ਨੂੰ ਲੈ ਕੇ ਹਿੰਦੂ ਸੰਗਠਨਾਂ ‘ਚ ਭਾਰੀ ਰੋਸ

ਪਿੰਡ ਘਾਬਦਾਂ ਵਿਖੇ ਮੰਦਿਰ ‘ਚ ਅੱਗ ਲਾ ਕੇ ਦੇਵੀ-ਦੇਵਤਿਆਂ ਦੀ ਬੇਅਦਬੀ ਕਰਨ ਦੇ ਮਾਮਲੇ ਨੂੰ ਲੈ ਕੇ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ, ਗਊ ਰਕਸ਼ਾ ਦਲ ਪੰਜਾਬ ਦੇ ਸਕੱਤਰ ਵਿਕਾਸ ਕੰਬੋਜ ਸਮੇਤ ਹਲਕਾ ਪਾਤੜਾਂ ਤੋਂ ਅਸ਼ਵਨੀ ਸਿੰਗਲਾ, ਮੈੰਬਰ ਵਿਜੇ ਗਰਗ, ਮੁਨੀਸ਼ ਕੁਮਾਰ ਆਦਿ ਨੇ ਇਸ ਮੰਦਭਾਗੀ ਘਟਨਾ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਲੋਕਾਂ ਸਾਹਮਣੇ ਲਿਆਉਣ ਦੀ ਮੰਗ ਕੀਤੀ।ਅੰਮ੍ਰਿਤਸਰ ਟਾਈਮਜ ਦਾ ਮੰਨਣਾ ਹੈ ਕਿ ਇਹ ਘਟਨਾ ਪੰਜਾਬ ਵਿਚ ਦੰਗੇ ਭੜਕਾਉਣ ਦੀ ਸਾਜਿਸ਼ ਹੈ।ਪਹਿਲਾਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਫਿਰ ਮੰਦਰਾਂ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।