ਵੰਡ ਵੇਲੇ ਮਾਰੇ ਗਏ ਪੰਜਾਬੀਆਂ ਦੀ ਯਾਦ ’ਚ ਬਣਿਆ ਸਮਾਰਕ ਬਿਨਾ ਦੱਸੇ-ਪੁੱਛੇ ਹਟਾਉਣ ’ਤੇ ਲੋਕਾਂ ’ਚ ਰੋਸ

ਵੰਡ ਵੇਲੇ ਮਾਰੇ ਗਏ ਪੰਜਾਬੀਆਂ ਦੀ ਯਾਦ ’ਚ ਬਣਿਆ ਸਮਾਰਕ ਬਿਨਾ ਦੱਸੇ-ਪੁੱਛੇ ਹਟਾਉਣ ’ਤੇ ਲੋਕਾਂ ’ਚ ਰੋਸ

ਦੇਸ਼ ਵੰਡ ਵੇਲੇ ਭਾਰਤ ਤੇ ਪਾਕਿਸਤਾਨ ਦੋਵੇਂ ਪਾਸੇ ਮਾਰੇ ਗਏ ਲਗਪਗ 10 ਲੱਖ ਪੰਜਾਬੀਆਂ ਦੀ ਯਾਦ ’ਚ ਅਟਾਰੀ ਸਰਹੱਦ ’ਤੇ ਬਣਾਇਆ ਗਿਆ ਸਮਾਰਕ ਚੁਪ ਚਪੀਤੇ ਹਟਾ ਦਿੱਤਾ ਗਿਆ ਹੈ, ਜਿਸ ’ਤੇ ਸਮਾਰਕ ਸਥਾਪਤ ਕਰਨ ਵਾਲਿਆਂ ਨੇ ਸਖਤ ਇਤਰਾਜ਼ ਕੀਤਾ ਹੈ। ਇਹ ਸਮਾਰਕ 30 ਦਸੰਬਰ 1996 ਨੂੰ ਫੋਕਲੋਰ ਰਿਸਰਚ ਅਕੈਡਮੀ ਚੰਡੀਗੜ੍ਹ ਨੇ ਸਥਾਪਤ ਕੀਤਾ ਸੀ। ਇਹ ਸਮਾਰਕ ਬਣਾਉਣ ਸਮੇਂ ਪੰਜ ਦਰਿਆਵਾਂ ਦਾ ਪਾਣੀ ਇਸ ਦੀ ਨੀਂਹ ਵਿਚ ਪਾਇਆ ਗਿਆ। ਨੀਂਹ ਰੱਖਣ ਵਾਲਿਆਂ ਵਿੱਚ ਦੇਸ਼ ਭਗਤੀ ਯਾਦਗਾਰ ਹਾਲ ਦੇ ਬਾਬਾ ਭਗਤ ਸਿੰਘ ਬਿਲਗਾ, ‘ਪੰਜਾਬੀ ਟ੍ਰਿਬਿਊਨ’ ਦੇ ਤਤਕਾਲੀ ਸੰਪਾਦਕ ਹਰਭਜਨ ਸਿੰਘ ਹਲਵਾਰਵੀ, ਪ੍ਰੀਤਲੜੀ ਤੋਂ ਪੂਨਮ ਪ੍ਰੀਤਲੜੀ, ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਵੱਲੋਂ ਜਗਦੇਵ ਸਿੰਘ ਜੱਸੋਵਾਲ ਅਤੇ ਪੰਜਾਬੀ ਸਾਹਿਤ ਦੇ ਇਕ ਮੈਗਜ਼ੀਨ ਵੱਲੋਂ ਹਰਭਜਨ ਸਿੰਘ ਹੁੰਦਲ ਸ਼ਾਮਲ ਹੋਏ ਸਨ। ਫੋਕਲੋਰ ਰਿਸਰਚ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਤਾਰਾ ਸਿੰਘ ਸੰਧੂ ਨੇ ਦੱਸਿਆ ਕਿ ਇਹ ਸਮਾਰਕ ਕਿਸੇ ਸਿਆਸੀ ਮੰਤਵ ਨਾਲ ਸਥਾਪਤ ਨਹੀਂ ਕੀਤਾ ਗਿਆ ਸੀ। ਇਹ ਸਮਾਰਕ ਦਾ ਪ੍ਰਾਜੈਕਟ ਬੀਐੱਸਐੱਫ ਦੇ ਤਤਕਾਲੀ ਡੀਆਈਜੀ ਰਾਹੀਂ ਪਾਸ ਕਰਾਇਆ ਗਿਆ ਸੀ ਤੇ ਮਗਰੋਂ ਇਸ ਥਾਂ ਦੀ ਚੋਣ ਕੀਤੀ ਗਈ। ਇਸ ਸਮਾਰਕ ’ਤੇ ਲਹਿੰਦੇ ਤੇ ਚੜ੍ਹਦੇ ਦੋਵੇਂ ਪੰਜਾਬ ਦੇ ਆਗੂਆਂ ਤੇ ਲੋਕਾਂ ਨੇ ਸਿਜਦੇ ਕੀਤੇ ਸਨ। ਉਸ ਵੇਲੇ ਰਾਜਾ ਪੋਰਸ ਹਿੰਦ-ਪਾਕਿ ਪੰਜਾਬੀ ਮਿੱਤਰਤਾ ਮੇਲੇ ਵੀ ਲਾਏ ਗਏ। ਉਨ੍ਹਾਂ ਆਖਿਆ ਕਿ ਦੁੱਖ ਇਸ ਗੱਲ ਦਾ ਹੈ ਕਿ ਇਸ ਸਮਾਰਕ ਨੂੰ ਚੁਪ ਚਪੀਤੇ ਢਾਹ ਦਿੱਤਾ ਗਿਆ ਹੈ ਤੇ ਇਸ ਨੂੰ ਢਾਹੁਣ ਤੋਂ ਪਹਿਲਾਂ ਕੋਈ ਸੂਚਨਾ ਵੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

ਭਾਰਤੀ ਨੈਸ਼ਨਲ ਹਾਈਵੇਅ ਅਥਾਰਿਟੀ (ਐੱਨਐੱਚਏਆਈ) ਦੇ ਇੱਥੇ ਤਾਇਨਾਤ ਉੱਚ ਅਧਿਕਾਰੀ ਸੁਨੀਲ ਯਾਦਵ ਨੇ ਮੰਨਿਆ ਕਿ ਸਮਾਰਕ ਨੂੰ ਤੋੜਨ ਸਮੇਂ ਇਸ ਨੂੰ ਸਥਾਪਤ ਕਰਨ ਵਾਲੀ ਧਿਰ ਨੂੰ ਭਰੋਸੇ ਵਿੱਚ ਨਾ ਲੈਣ ਦੀ ਗਲਤੀ ਹੋਈ ਹੈ ਪਰ ਇਹ ਕਾਰਵਾਈ ਕਿਸੇ ਗਲਤ ਮੰਤਵ ਨਾਲ ਨਹੀਂ ਕੀਤੀ ਗਈ ਹੈ। ਇੱਥੇ ਚੱਲ ਰਹੇ ਸੁੰਦਰੀਕਰਨ ਦੇ ਪ੍ਰਾਜੈਕਟ ਦੇ ਕੰਮ ਤਹਿਤ ਇਸ ਸਮਾਰਕ ਨੂੰ ਮੁੜ ਸਥਾਪਤ ਕੀਤਾ ਜਾਵੇਗਾ। ਇਸ ਦੇ ਆਲੇ ਦੁਆਲੇ ਸੁੰਦਰ ਗੋਲ ਚੱਕਰ ਬਣਾਇਆ ਜਾਵੇਗਾ ਤੇ ਨੇੜੇ ਹੀ ਇਕ ਚੌਕ ਵਿੱਚ ਤਿਰੰਗਾ ਵੀ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਮਾਰਕ ਤੇ ਇਸ ਦੇ ਨਾਲ ਲੱਗੀਆਂ ਫੈਜ਼ ਅਹਿਮਦ ਫੈਜ਼ ਅਤੇ ਅੰਮ੍ਰਿਤਾ ਪ੍ਰੀਤਮ ਦੀਆਂ ਲਿਖੀਆਂ ਸਤਰਾਂ ਵਾਲੀਆਂ ਸਿੱਲਾਂ ਵੀ ਸਥਾਪਤ ਕੀਤੀਆਂ ਜਾਣਗੀਆਂ। ਦੱਸਣਯੋਗ ਹੈ ਕਿ ਬੀਤੇ ਕੱਲ ਹਿੰਦ-ਪਾਕਿ ਦੋਸਤੀ ਦੀਆਂ ਮੁਦਈ ਜਥੇਬੰਦੀਆਂ ਨੇ ਬੀਐੱਸਐੱਫ ਦੇ ਡੀਆਈਜੀ ਤੇ ਹੋਰਨਾਂ ਨੂੰ ਇਕ ਪੱਤਰ ਦੇ ਕੇ ਸਮਾਰਕ ਤੋੜਨ ਦੀ ਕਾਰਵਾਈ ’ਤੇ ਇਤਰਾਜ਼ ਪ੍ਰਗਟਾਇਆ ਸੀ। ਘਟਨਾ ਦਾ ਖੁਲਾਸਾ 14-15 ਅਗਸਤ ਦੀ ਰਾਤ ਨੂੰ ਹੋਇਆ ਹੈ ਜਦੋਂ ਸਰਹੱਦ ’ਤੇ ਮੋਮਬੱਤੀਆਂ ਬਾਲ ਕੇ ਵੰਡ ਵੇਲੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਸੀ।

Bulandh-Awaaz

Website: