ਲਲਕਾਰ
ਕਰੋਨਾ ਬਿਮਾਰੀ ਵੇਲੇ ਨਜ਼ਰੀਂ ਪੈਂਦਾ ਕੌਮਾਂਤਰੀ ਪੱਧਰ ’ਤੇ ਵੈਕਸੀਨ ਦਾ ਸੰਕਟ ਸਰਮਾਏਦਾਰੀ ਪ੍ਰਬੰਧ ਬਾਰੇ ਮਨ ਵਿੱਚ ਗੰਭੀਰ ਸ਼ੰਕੇ ਪੈਦਾ ਕਰਦਾ ਹੈ। ਭਾਵੇਂ ਜੰਗਾਂ ਯੁੱਧਾਂ ਵਿੱਚ ਮਰਦੇ ਲੋਕਾਂ ਦਾ ਮਸਲਾ ਹੋਵੇ ਤੇ ਭਾਵੇਂ ਸਮੇਂ-ਸਮੇਂ ਆਉਂਦੀਆਂ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਨਾਲ਼ ਸਿੱਝਣ ਦਾ, ਹਰ ਸ਼ੈਅ ਵਿੱਚੋਂ ਸਿਰਫ ਮੁਨਾਫਾ ਵੇਖਣਾ ਤਾਂ ਸਰਮਾਏਦਾਰੀ ਦਾ ਜਮਾਂਦਰੂ ਸੁਭਾਅ ਹੈ। ਮੌਜੂਦਾ ਦੌਰ ਵਿੱਚ, ਜਦ ਸਰਮਾਏਦਾਰੀ ਪ੍ਰਬੰਧ ਇੱਕ ਨਾ ਹੱਲ ਹੋ ਸਕਣ ਵਾਲ਼ੇ ਆਰਥਕ ਸੰਕਟ ਨਾਲ਼ ਲੰਮੇ ਸਮੇਂ ਤੋਂ ਜੂਝ ਰਿਹਾ ਹੈ, ਅਜਿਹੇ ਸਮੇਂ ਮੁਨਾਫੇ ਦੇ ਛੋਟੇ ਤੋਂ ਛੋਟੇ ਮੌਕੇ ਨੂੰ ਵੀ ਸਰਮਾਏਦਾਰ ਕਿਵੇਂ ਗਵਾ ਸਕਦੇ ਹਨ? ਅਤੇ ਇੱਥੇ ਤਾਂ ਮਸਲਾ ਦਵਾਈਆਂ ਦੇ ਖੇਤਰ ਦਾ ਹੈ ਜੋ ਕਿ ਮੁਨਾਫੇ ਦੇ ਨਜ਼ਰੀਏ ਤੋਂ ਹਥਿਆਰਾਂ ਦੇ ਖੇਤਰ ਨੂੰ ਵੀ ਪਿੱਛੇ ਛੱਡਦਾ ਜਾ ਰਿਹਾ ਹੈ। ਇਸੇ ਚੌਖਟੇ ਵਿੱਚ ਹੀ ਵੈਕਸੀਨ ਸਬੰਧੀ ਮੌਜੂਦਾ ਵੱਡੀਆਂ ਫਾਰਮਾ ਕੰਪਨੀਆਂ ਦੇ ਮਨਸ਼ਿਆਂ ਨੂੰ ਸਮਝਣ ਦਾ ਯਤਨ ਕਰਦੇ ਹਾਂ। ਸਮੇਂ-ਸਮੇਂ ਆਉਂਦੀਆਂ ਨਵੀਆਂ-ਨਵੀਆਂ ਅਤੇ ਖਤਰਨਾਕ ਬਿਮਾਰੀਆਂ ਦੇ ਖਾਤਮੇ ਲਈ ਮੈਡੀਕਲ ਵਿਗਿਆਨ ਵਿੱਚ ਵੈਕਸੀਨੇਸ਼ਨ ਦੀ ਇੱਕ ਤਰ੍ਹਾਂ ਦੀ ਵਿਧੀ ਨਾਲ਼ ਬੀਮਾਰੀਆਂ ਦੇ ਖਾਤਮੇ ਦਾ ਅਗਾਊਂ ਹੱਲ ਕਰਨ ਦੇ ਯਤਨ ਕੀਤੇ ਜਾਂਦੇ ਰਹੇ ਹਨ ਅਤੇ ਕੁੱਝ ਬੇਹੱਦ ਜਾਨਲੇਵਾਂ ਬਿਮਾਰੀਆਂ ਨੂੰ ਮੂਲੋਂ ਖਤਮ ਕਰਨ ਵਿੱਚ ਵਿਗਿਆਨੀ ਸਫਲ ਵੀ ਹੋਏ ਹਨ। ਪਰ ਨਾਲ਼ ਹੀ ਮੈਡੀਕਲ ਵਿਗਿਆਨ ਵਿੱਚ ਇੱਕ ਧਾਰਾ ਅਜਿਹੇ ਵਿਗਿਆਨੀਆਂ ਦੀ ਵੀ ਹੈ ਜੋ ਵੈਕਸੀਨੇਸ਼ਨ ਦੇ ਮਸਲੇ ’ਤੇ ਵੱਖਰੀ ਰਾਏ ਰੱਖਦੀ ਹੈ ਅਤੇ ਬੀਮਾਰੀਆਂ ਲਈ ਵੈਕਸੀਨ ਦੀ ਬਜਾਏ ਉਹਨਾਂ ਦੇ ਇਲਾਜ ਵਾਲ਼ੇ ਪੱਖ਼ ’ਤੇ ਵੱਧ ਜੋਰ ਦਿੰਦੀ ਹੈ ਅਤੇ ਵੈਕਸੀਨੇਸ਼ਨ ਨੂੰ ਲੋਕਾਂ ਲਈ ਨੁਕਸਾਨਦੇਹ ਮੰਨਦੀ ਹੈ। ਚੱਲੋ ਆਪਾਂ ਇਹ ਸਵਾਲ ਵਿਗਿਆਨੀਆਂ ਲਈ ਛੱਡ ਦਿੰਦੇ ਹਾਂ, ਪਰ ਲੋਕਾਂ ਸਾਹਵੇਂ ਤਾਂ ਸਵਾਲ ਸਿੱਧਾ ਜਿਹਾ ਹੈ ਕਿ ਭਾਵੇਂ ਬਿਮਾਰੀਆਂ ਦਾ ਇਲਾਜ ਹੋਵੇ, ਭਾਵੇਂ ਵੈਕਸੀਨ ਨਾਲ਼ ਰੋਕਥਾਮ, ਪਰ ਅਮਲ ਵਿੱਚ ਲੋਕਾਂ ਲਈ ਕੁੱਝ ਹੋਵੇ ਤਾਂ ਸਹੀ। ਅਮਲ ਵਿੱਚ ਜੋ ਹੋ ਰਿਹਾ ਹੈ ਉਹ ਸਿਰਫ ਇਹ ਕਿ ਬੀਮਾਰੀ ਦੇ ਨਾਂ ’ਤੇ ਅੰਨ੍ਹਾ ਮੁਨਾਫਾ ਕੁੱਟਿਆ ਜਾ ਰਿਹਾ ਹੈ, ਲੋਕਾਂ ਦੀਆਂ ਜ਼ਿੰਦਗੀਆਂ ਨਾਲ਼ ਖਿਲਵਾੜ ਕੀਤਾ ਜਾ ਰਿਹਾ ਹੈ। ਦਵਾਈ ਕੰਪਨੀਆਂ ਸੰਸਾਰ ਪੱਧਰ ਉੱਤੇ ਇਸ ਮੌਕੇ ਦਾ ਪੂਰਾ ਪੂਰਾ ਫਾਇਦਾ ਉਠਾ ਰਹੀਆਂ ਹਨ। ਸਰਕਾਰਾਂ, ਡਰੱਗ ਰੈਗੂਲੇਟਰੀ ਸੰਸਥਾਵਾਂ, ਕੌਮਾਂਤਰੀ ਸਿਹਤ ਸੰਸਥਾ, ਅਤੇ ਮੁੱਖ ਧਾਰਾ ਦਾ ਮੀਡੀਆ ਇਸ ਸਭ ਕਾਸੇ ’ਤੇ ਸ਼ਹਿ ਮਾਰੀ ਬੈਠੇ ਹਨ। ਕਰੋਨਾ ਕਾਲ ਦੌਰਾਨ ਭਾਰਤ ਵਿੱਚ ਜਰਜਰ ਹੋ ਚੁੱਕੇ ਸਰਕਾਰੀ ਸਿਹਤ ਪ੍ਰਬੰਧ ਦੇ ਨਾਲ਼ ਹੀ ਸਰਕਾਰਾਂ ਦਾ ਲੋਕ ਵਿਰੋਧੀ ਚਿਹਰਾ ਪੂਰੀ ਤਰਾਂ ਨੰਗਾ ਹੋ ਗਿਆ।
ਪਹਿਲਾਂ ਇਹ ਵੇਖਦੇ ਹਾਂ ਕਿ ਇਹਨਾਂ ਦਿਓ ਕੱਦ ਫਾਰਮਾ ਕੰਪਨੀਆਂ ਨੇ ਕਰੋਨਾ ਕਾਲ ਦੌਰਾਨ ਆਪਣੇ ਖਜਾਨੇ ਕਿਸ ਤਰ੍ਹਾਂ ਭਰੇ। ਅਮਰੀਕਨ ਕੰਪਨੀ ਫਾਈਜ਼ਰ ਨੇ ਜਨਵਰੀ ਤੋਂ ਮਾਰਚ 2021 ਦਰਮਿਆਨ ਮਹਿਜ 3 ਮਹੀਨਿਆਂ ਵਿੱਚ 350 ਕਰੋੜ ਡਾਲਰ ਮੁਨਾਫਾ ਹਾਸਲ ਕੀਤਾ ਹੈ ਅਤੇ ਇਸ ਪੂਰੇ ਵਰ੍ਹੇ ਦੌਰਾਨ ਕੰਪਨੀ 2600 ਕਰੋੜ ਕਮਾਉਣ ਦਾ ਟੀਚਾ ਮਿੱਥੀ ਬੈਠੀ ਹੈ। ਇਸ ਤੋਂ ਇਲਾਵਾ ਬਾਇਓਨਟੈਕ (ਇਹ ਉਹ ਕੰਪਨੀ ਹੈ ਜਿਸ ਨਾਲ਼ ਫਾਈਜਰ ਨੇ ਆਪਣੇ ਟੀਕੇ ਦੇ ਪ੍ਰੋਗਰਾਮ ਲਈ ਸਹਿਯੋਗ ਕੀਤਾ) ਨੇ 2021 ਦੀ ਪਹਿਲੀ ਤਿਮਾਹੀ (ਜਨਵਰੀ ਤੋਂ ਮਾਰਚ) ਵਿੱਚ 110 ਕਰੋੜ ਡਾਲਰ ਦਾ ਮੁਨਾਫਾ ਕਮਾਇਆ। 2008 ਤੋਂ ਬਣੀ ਜਰਮਨੀ ਦੀ ਇਹ ਕੰਪਨੀ ਲਗਾਤਾਰ ਘਾਟੇ ਝੱਲਦੀ ਆ ਰਹੀ ਸੀ, ਪਰ ਕਰੋਨਾ ਕਾਲ ਦੌਰਾਨ ਇਸ ਨੇ ਆਪਣੇ ਲਗਭਤ 43 ਕਰੋੜ ਦੇ ਪਿਛਲੇ ਘਾਟੇ ਨੂੰ ਤਾਂ ਪੂਰਿਆ ਹੀ ਨਾਲ਼ ਹੀ 45 ਕਰੋੜ ਦਾ ਹੋਰ ਮੁਨਾਫਾ ਪੱਕਾ ਕੀਤਾ। ਆਪਣੇ ਮੁਨਾਫ਼ਿਆਂ ਨੂੰ ਹੋਰ ਜਰ੍ਹਬਾਂ ਦੇਣ ਲਈ ਫਾਈਜ਼ਰ ਨੇ ਨਰਿੰਦਰ ਮੋਦੀ ਨੂੰ ਭਾਰਤ ਵਿੱਚ ਇਸ ਦੀ ਵਿੱਕਰੀ ਲਈ ਰੋਕਾਂ ਹਟਾਉਣ ਲਈ ਕਿਹਾ ਹੈ ਅਤੇ ਮੋਦੀ ਨੇ ਇਸ ’ਤੇ ਮੋਹਰ ਲਾ ਦਿੱਤੀ ਹੈ। ਫਾਇਜਰ ਕੰਪਨੀ ਆਪਣੇ ਟੀਕੇ ਨਾਲ਼ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਹੋਣ ਵਾਲ਼ੇ ਨੁਕਸਾਨ ਦੀ ਕੋਈ ਗਰੰਟੀ ਨਹੀਂ ਲੈਂਦੀ, ਫਿਰ ਵੀ 1 ਜੁਲਾਈ ਤੋਂ ਭਾਰਤ ਦੀ ਮੰਡੀ ਨੂੰ ਇਸ ਲਈ ਖੋਲ੍ਹ ਕੇ, ਮੋਦੀ ਵੱਲੋਂ ਲੋਕਾਂ ਦੀ ਸਿਹਤ ਨਾਲ਼ ਖਿਲਵਾੜ ਕਰਨ ਦੀ ਜਾਮਨੀ ਕਰ ਦਿੱਤੀ ਹੈ। ਇੱਕ ਪਾਸੇ ਤਾਂ ਸਰਕਾਰ ਕਹਿੰਦੀ ਰਹੀ ਕਿ ਅਸੀਂ ਦੁਨੀਆਂ ਨੂੰ ਵੈਕਸੀਨ ਦੇ ਰਹੇ ਹਾਂ, ਅਤੇ ਦੂਜੇ ਪਾਸੇ ਭਾਰਤ ਵਿੱਚ ਬਾਹਰੋਂ ਵੈਕਸੀਨ ਕੰਪਨੀਆਂ ਨੂੰ ਸੱਦਿਆ ਜਾ ਰਿਹਾ ਹੈ। ਇਹ ਸਭ ਮੁਨਾਫੇ ਦੀ ਖੇਡ ਹੈ। ਮੋਡਰਨਾ ਨਾਂ ਦਾ ਇੱਕ ਹੋਰ ਫਾਰਮਾਂ ਦੈਂਤ ਵੀ ਇਸ ਖੇਡ ਵਿੱਚ ਮੋਹਰੀ ਹੈ। ਭਾਰਤ ਸਰਕਾਰ ਨੇ, ਬਿਨਾਂ ਇਸਦੀ ਵੈਕਸੀਨ ਦੀ ਗੁਣਵੱਤਾ ਨੂੰ ਜਾਂਚੇ, ਇਸ ਸਬੰਧੀ ਸਾਰੀਆਂ ਸੁਰੱਖਿਆ ਸ਼ਰਤਾਂ ਨੂੰ ਛਿੱਕੇ ਟੰਗ ਕੇ, ਇਸ ਨੂੰ ਵੀ ਭਾਰਤ ਦੇ ਲੋਕਾਂ ’ਤੇ ਅਜਮਾਉਣ ਦੀ ਇਜਾਜਤ ਦੇ ਦਿੱਤੀ ਹੈ। ਭਾਰਤ ਵਿੱਚ ਇਹਨਾਂ ਟੀਕਿਆਂ ਦੇ ਆਉਣ ਨਾਲ਼ ਬਿਨਾਂ ਸ਼ੱਕ ਇਹਨਾਂ ਕੰਪਨੀਆਂ ਦੇ ਮੁਨਾਫ਼ਿਆਂ ਵਿੱਚ ਅਥਾਹ ਵਾਧਾ ਹੋਵੇਗਾ ਪਰ ਦੂਜੇ ਪਾਸੇ ਭਾਰਤ ਦੀ ਬਹੁਗਿਣਤੀ ਅਬਾਦੀ, ਭਾਰਤ ਦੇ ਲੋਕਾਂ ਨਾਲ਼ ਇੱਕ ਤਰ੍ਹਾਂ ਦਾ ਭੱਦਾ ਮਜਾਕ ਹੋਵੇਗਾ। ਇੱਕ ਤਾਂ ਇਹਨਾਂ ਦੀ ਅਸਰਦਾਇਕਤਾ ਹੀ ਸਵਾਲਾਂ ਦੇ ਘੇਰੇ ਵਿੱਚ ਹੈ, ਦੂਜਾ ਕਰੋਨਾ ਕਾਲ ਦੌਰਾਨ ਲਾਈ ਗਈ ਪੂਰਨਬੰਦੀ ਤੋਂ ਬਾਅਦ ਭਾਰਤ ਦੀ ਵੱਡੀ ਗਿਣਤੀ ਅਬਾਦੀ, ਜੋ ਭੁੱਖਮਰੀ ਦੇ ਕੰਢੇ ਜਾ ਪਹੁੰਚੀ ਹੈ, ਇਹ ਮਹਿੰਗੇ ਟੀਕੇ ਉਹਨਾਂ ਦੀ ਪਹੁੰਚ ਤੋਂ ਕਿਤੇ ਬਾਹਰ ਹਨ। ਉਂਝ ਇਹਨਾਂ ਕੰਪਨੀਆਂ ਦਾ ਸਰੋਕਾਰ ਤਾਂ ਮੁਨਾਫਾ ਹੀ ਹੈ ਜੋ ਭਾਰਤ ਦੇ ਕੁਲੀਨ ਅਤੇ ਮੱਧ ਵਰਗ ਤੋਂ ਇਹਨਾਂ ਕਮਾਉਣਾ ਹੈ, ਕਰੋੜਾਂ ਕਰੋੜ ਗਰੀਬ ਲੋਕਾਂ ਦੀਆਂ ਜ਼ਿੰਦਗੀਆਂ ਨਾਲ਼ ਇਹਨਾਂ ਫਾਰਮਾਂ ਕੰਪਨੀਆਂ ਨੂੰ ਕੋਈ ਵਾਹ ਵਸਤਾਂ ਵੀ ਨਹੀਂ, ਹਾਂ ਉਹਨਾਂ ਦੀਆਂ ਜੇਬ੍ਹਾਂ ਵਿੱਚੋਂ ਵੀ ਚਾਰ ਆਨੇ ਕਢਾਉਣ ਦੀ ਕੋਈ ਜੁਗਤ ਹੋਵੇ ਤਾਂ ਇਹ ਜਰੂਰ ਵਿਚਾਰ ਕਰਨਗੀਆਂ।
ਇੱਕ ਹੋਰ ਕੰਪਨੀ ਹੈ ਜੌਨਸਨ ਐਂਡ ਜੌਨਸਨ। ਇਸ ਵੱਲੋਂ ਬਣਾਏ ਵੈਕਸੀਨ ਦੀ ਸ਼ੀਸ਼ੀ ਉੱਤੇ ਤਾਂ ਯੌਰਪੀਅਨ ਮੈਡੀਕਲ ਏਜੰਸੀ ਵੱਲੋਂ ਬਕਾਇਦਾ ਇਹ ਲਿਖਿਆ ਗਿਆ ਹੈ ਕਿ ਇਹ ਵੈਕਸੀਨ ਖੂਨ ਦੀਆਂ ਨਾੜੀਆਂ ਵਿੱਚ ਖੂਨ ਦਾ ਜਮਾਅ ਕਰ ਸਕਦਾ ਹੈ। ਪਰ ਫਿਰ ਵੀ ਯੌਰਪੀਅਨ ਯੂਨੀਅਨ ਵਿੱਚ ਇਸ ਉੱਪਰ ਪਾਬੰਦੀ ਨਹੀਂ ਲਾਈ ਗਈ ਬਸ ਉਪਰੋਕਤ ਸਤਰਾਂ ਲਿਖ ਕੇ ਇਸ ਨੂੰ ਲੋਕਾਂ ਵਿੱਚ ਵੇਚਿਆ ਜਾ ਰਿਹਾ ਹੈ। ਇਸੇ ਅਮਰੀਕਨ ਦਵਾ ਕੰਪਨੀ ਨੇ ਜਨਵਰੀ ਤੋਂ ਮਾਰਚ 2021 ਦਰਮਿਆਨ 620 ਕਰੋੜ ਡਾਲਰ ਦਾ ਮੁਨਾਫਾ ਕਮਾਇਆ। ਅਤੇ ਹੁਣ ਅਮਰੀਕਾ ਜੌਨਸਨ ਐਂਡ ਜੌਨਸਨ ਦੀ ਏਸੇ ਵੈਕਸੀਨ ਨੂੰ ਭਾਰਤ ਵਿੱਚ ਵੇਚਣ ਲਈ ਵਿਓਂਤਾਂ ਘੜ ਰਿਹਾ ਹੈ। ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਵਿੱਚ ਟੀਕਾਕਰਨ ਸਬੰਧੀ ਜ਼ਰੂਰਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ਼ ਗੱਲਬਾਤ ਦੌਰਾਨ ਸਾਫ ਕਿਹਾ ਹੈ ਕਿ ਉਹਨਾਂ ਵੱਲੋਂ ਜੋ ਢਾਈ ਕਰੋੜ ਖੁਰਾਕਾਂ ਵੈਕਸੀਨ ਭੇਜੀ ਜਾਵੇਗੀ ਉਸ ਵਿੱਚ ਜੌਨਸਨ ਐਂਡ ਜੌਨਸਨ ਦਾ ਵੈਕਸੀਨ ਵੀ ਸ਼ਾਮਲ ਹੋਵੇਗਾ। ਅਮਰੀਕਾ 2022 ਤੱਕ, ਭਾਰਤ ਵਿੱਚ ਹੀ ਜੌਨਸਨ ਐਂਡ ਜੌਨਸਨ ਵੈਕਸੀਨ ਬਣਾਉਣ ਦੀਆਂ ਸਕੀਮਾਂ ਘੜ ਰਿਹਾ ਹੈ। ਹੁਣ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਜਿਹੜਾ ਵੈਕਸੀਨ ਖੂਨ ਦੀਆਂ ਨਾੜੀਆਂ ਵਿੱਚ ਜਮਾਅ ਕਰ ਸਕਦਾ ਹੈ, ਉਸਨੂੰ ਭਾਰਤ ਸਰਕਾਰ ਲੋਕਾਂ ਨੂੰ ਲਾਉਣ ਲੱਗਿਆਂ ਭੋਰਾ ਵੀ ਗੁਰੇਜ਼ ਨਹੀਂ ਕਰਦੀ ਤਾਂ ਇਸਦਾ ਮਤਲਬ ਸਾਫ ਹੈ ਕਿ ਇਹਨਾਂ ਲਈ ਲੋਕ ਮਹਿਜ ਤਜ਼ਰਬੇ ਕਰਨ ਵਾਲ਼ੇ ਕੀੜੇ ਮਕੌੜੇ ਹਨ ਅਤੇ ਕੰਪਨੀਆਂ ਦਾ ਮੁਨਾਫਾ ਇਹਨਾਂ ਲਈ ਸਭ ਤੋਂ ਪਵਿੱਤਰ ਹੈ। ਹੁਣ ਥੋੜ੍ਹਾ ਭਾਰਤ ਵਿੱਚ ਵੈਕਸੀਨ ਬਣਾਉਣ ਵਾਲ਼ੀਆਂ ਕੰਪਨੀਆਂ ਦੀ ਕਾਰਗੁਜ਼ਾਰੀ ਵੀ ਵੇਖ ਲਈਏ। ਕਰੋਨਾ ਦੇ ਸ਼ੁਰੂਆਤੀ ਸਮੇਂ ਹੀ ਭਾਰਤ ਵਿੱਚ ਜਿੱਥੇ ਇੱਕ ਪਾਸੇ ਕੁੱਝ ਵਿਗਿਆਨੀਆਂ ਨੇ ਬਿਮਾਰੀ ਲਈ ਵੈਕਸੀਨ ਦੀ ਖੋਜ ਕੀਤੀ ਉੱਥੇ ਭਾਰਤ ਦੀਆਂ ਦਵਾਈ ਕੰਪਨੀਆਂ ਲਈ ਆਪਣੇ ਫੌਰੀ ਮੁਨਾਫੇ ਦਾ ਇੱਕ ਨਵਾਂ ਰਾਹ ਖੁੱਲ੍ਹ ਗਿਆ। ਹੈਦਰਾਬਾਦ ਦੀ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਨੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐਮਆਰ) ਅਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ (ਐਨਆਈਵੀ) ਦੇ ਸਹਿਯੋਗ ਨਾਲ਼ ਭਾਰਤ ਵਿੱਚ ਕੋਵੋਕਸਿਨ ਦੇ ਨਾਂ ’ਤੇ ਟੀਕਾ ਲਾਂਚ ਕਰ ਦਿੱਤਾ। ਭਾਵੇਂ ਕਿ ਭਾਰਤ ਸਣੇ ਨੌਂ ਦੇਸ਼ਾਂ- ਗੁਆਇਨਾ, ਈਰਾਨ, ਮਾਰੀਸਸ, ਮੈਕਸੀਕੋ, ਨੇਪਾਲ, ਪੈਰਾਗੁਏ, ਫਿਲੀਪੀਨਜ ਅਤੇ ਜ਼ਿੰਬਾਬਵੇ – ਨੇ ਕੋਵੋਕਸਿਨ ਨੂੰ ਮਨਜੂਰੀ ਦੇ ਦਿੱਤੀ, ਪਰ ਕੌਮਾਂਤਰੀ ਸਿਹਤ ਸੰਥਸਾ ਨੇ ਭਾਰਤ ਬਾਇਓਟੈਕ ਵੱਲੋਂ ਪੇਸ਼ ਕੀਤੇ ਪ੍ਰਮਾਣਕ ਤੱਥਾਂ ਨੂੰ ਨਾਕਾਫੀ ਮੰਨਦੇ ਹੋਏ ਇਸ ਨੂੰ ਪ੍ਰਵਾਨਗੀ ਨਹੀਂ ਦਿੱਤੀ। ਇੱਕ ਹੋਰ ਬਰਤਾਨਵੀ-ਸਵੀਡਿਸ਼ ਦਵਾਈ ਕੰਪਨੀ ਐਸਟਰਾਜੈਨੇਕਾ ਨੇ ਵੈਕਸੀਨ ਬਣਾਉਣ ਸਬੰਧੀ ਔਕਸਫੋਰਡ ਨਾਲ਼ ਮਿਲ਼ ਕੇ ਇੱਕ ਪ੍ਰੋਗਰਾਮ ਉਲੀਕਿਆ ਜਿਹਨਾਂ ਨਾਲ਼ ਮਿਲ਼ ਕੇ ਭਾਰਤ ਵਿੱਚ ਪੂਨੇ ਦੇ ਸੀਰਮ ਇੰਸਟੀਚੀਉਟ ਆਫ ਇੰਡੀਆ ਨੇ, ਕੋਵਿਡਸ਼ੀਲਡ ਨਾਂ ਦਾ ਟੀਕਾ ਤਿਆਰ ਕੀਤਾ। ਕੁੱਝ ਦੇਸ਼ਾਂ ਨੇ ਇਸ ’ਤੇ ਵੀ ਰੋਕ ਲਾ ਦਿੱਤੀ, ਉਹਨਾਂ ਮੁਤਾਬਕ ਇਹ ਵੀ ਕੁੱਝ ਕੇਸਾਂ ਵਿੱਚ ਖੂਨ ਦੇ ਜਮਾਅ ਦਾ ਕਾਰਣ ਬਣਿਆ, ਪਰ ਇਸ ਦੇ ਬਾਵਜੂਦ ਇਸ ਕੰਪਨੀ ਨੇ ਮਹਿਜ ਜਨਵਰੀ ਤੋਂ ਮਾਰਚ 2021 ਦੇ ਸਮੇਂ ਦਰਮਿਆਨ 27.5 ਕਰੋੜ ਡਾਲਰਾਂ ਦੀ ਕਮਾਈ ਕੀਤੀ।
ਸੀਰਮ ਇੰਸਟੀਚਿਊਟ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀ ਗਈ ਆਪਣੀ ਵੈਕਸੀਨ ਦੀ ਹਰ ਖ਼ੁਰਾਕ ਪਿੱਛੇ 2000% ਤੱਕ ਮੁਨਾਫਾ ਕਮਾਉਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਭਾਰਤ ਦੀਆਂ ਇਹ ਦੋਵੇਂ ਕੰਪਨੀਆਂ ਭਾਰਤ ਵਿੱਚ ਟੀਕਾਕਰਨ ਤੋਂ ਇੱਕ ਲੱਖ ਕਰੋੜ ਤੋਂ ਵੱਧ ਦੇ ਮੁਨਾਫੇ ਦੀ ਝਾਕ ਵਿੱਚ ਹਨ। ਇੱਕ ਪਾਸੇ ਆਮ ਲੋਕਾਂ ਲਈ ਵੈਕਸੀਨ ਦੀ ਭਾਰੀ ਕਮੀਂ ਅਤੇ ਦੂਜੇ ਪਾਸੇ ਫਾਰਮਾਂ ਕੰਪਨੀਆਂ ਲਈ ਢੇਰ ਮੁਨਾਫੇ। ਲੈਂਸੇਟ ਨੇ ਲਿਖਿਆ ਸੀ ਕਿ ਟੀਕਾਕਰਨ ਦੀ ਸਾਰਥਕਤਾ ਤਾਂ ਹੀ ਹੈ ਜੇਕਰ ਇਹ ਲੋਕਾਂ ਨੂੰ ਸਹੀ ਸਮੇਂ ਲੱਗੇ, ਬਾਅਦ ਵਿੱਚ ਇਸ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਪਰ ਜਿਸ ਰਫ਼ਤਾਰ ਨਾਲ਼ ਇਹ ਸਾਡੇ ਦੇਸ਼ ਵਿੱਚ ਲਾਏ ਜਾ ਰਹੇ ਹਨ, ਇਸ ਤਰ੍ਹਾਂ ਤਾਂ ਸਾਰਿਆਂ ਨੂੰ ਕਲਾਵੇ ਵਿੱਚ ਲੈਂਦਿਆਂ ਅਜੇ ਵਰ੍ਹੇ ਲੱਗ ਜਾਣਗੇ। ਸਵਾਲ ਹੈ ਕਿ ਫਿਰ ਅਜਿਹੀ ਸਮੱਸਿਆ ਨਾਲ਼ ਕਿਵੇਂ ਨਜਿੱਠਿਆ ਜਾਵੇ। ਸਮੱਸਿਆ ਨਾਲ਼ ਨਜਿੱਠਣ ਲਈ ਪਹਿਲਾਂ ਸਮੱਸਿਆ ਦੀ ਜੜ੍ਹ ਤੱਕ ਜਾਣਾ ਹੋਵੇਗਾ। ਅਸਲ ਵਿੱਚ ਲੋਕਾਂ ਲਈ ਟੀਕਿਆਂ ਦੀ ਘਾਟ ਦਾ ਕਾਰਣ ਵੀ ਇਹਨਾਂ ਦਵਾਈ ਕੰਪਨੀਆਂ ਦੇ ਮੁਨਾਫੇ ਨਾਲ਼ ਹੀ ਜੁੜਿਆ ਹੋਇਆ ਹੈ। ਨਿੱਜੀ ਮੁਨਾਫੇ ਤੋਂ ਪ੍ਰੇਰਿਤ ਦਵਾਈ ਕੰਪਨੀਆਂ ਆਪਣੀਆਂ ਖੋਜਾਂ ਨੂੰ ਦੁਨੀਆਂ ਨਾਲ਼ ਸਾਂਝਾ ਹੀ ਨਹੀਂ ਕਰਦੀਆਂ। ਗਿਆਨ-ਵਿਗਿਆਨ ਉੱਤੇ ਇਹਨਾਂ ਦੀ ਇਸ ਅਜਾਰੇਦਾਰੀ ਦੀ ਸਜਾ ਲੋਕ ਭੁਗਤਦੇ ਹਨ। ਸਰਮਾਏਦਾਰੀ ਦੇ ਬੌਧਿਕ ਚਾਕਰ, ਚੌਵੀ ਘੰਟੇ ਇਹ ਰਾਗ ਅਲਾਪਦੇ ਰਹਿੰਦੇ ਹਨ ਕਿ ਨਿੱਜੀ ਖੇਤਰ, ਖੁੱਲ੍ਹੀ ਮੰਡੀ ਹੀ ਸੰਸਾਰ ਪੱਧਰ ਉੱਤੇ ਲੋਕਾਂ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਦੀ ਸਮਰੱਥਾ ਰੱਖਦੀ ਹੈ। ਪਰ ਕਰੋਨਾ ਕਾਲ ਦੌਰਾਨ ਸੰਸਾਰ ਪੱਧਰ ’ਤੇ ਫੈਲੀ ਬਿਮਾਰੀ ਨੇ ਇਹਨਾਂ ਦੇ ਇਸ ਦਾਅਵੇ ਦੀ ਵੀ ਫੂਕ ਕੱਢ ਕੇ ਰੱਖ ਦਿੱਤੀ ਹੈ ਅਤੇ ਉਦਾਰੀਕਰਨ, ਸੰਸਾਰੀਕਰਨ ਦੇ ਕਸੀਦੇ ਪੜ੍ਹਨ ਵਾਲ਼ਿਆਂ ਇਹਨਾਂ ਚਿੰਤਕਾਂ ਕੋਲ਼ ਹੁਣ ਇਸ ਗੱਲ ਦਾ ਕੋਈ ਜਵਾਬ ਨਹੀਂ ਕਿ ਸੰਸਾਰ ਪੱਧਰ ਉੱਤੇ ਟੀਕਿਆਂ ਦੀ ਫੌਰੀ ਕਮੀ ਨੂੰ ਪੂਰਿਆਂ ਕਿਵੇਂ ਕੀਤਾ ਜਾਏ। ਹਾਂ ਇਸ ਵਿੱਚੋਂ ਮੁਨਾਫਾ ਕਮਾਉਣਾ ਇਹ ਭਲੀ ਭਾਂਤ ਜਾਣਦੇ ਹਨ।
ਪਰ ਬੀਤੇ ਵਿੱਚ ਅਜਿਹੇ ਸਮਾਜ ਹੋਏ ਹਨ ਜਿਹਨਾਂ ਅਜਿਹੇ ਮਸਲਿਆਂ ਵਿੱਚ ਖਰੇ ਉੱਤਰ ਕੇ ਵਿਖਾਇਆ ਹੈ। ਸਾਨੂੰ ਉਹਨਾਂ ਤੋਂ ਸਿੱਖਣਾ ਹੋਵੇਗਾ। ਸਮਾਜਵਾਦੀ ਸੋਵੀਅਤ ਯੂਨੀਅਨ ਅਤੇ ਸਮਾਜਵਾਦੀ ਚੀਨ ਇਸ ਦੀਆਂ ਮਿਸਾਲਾਂ ਰਹੀਆਂ ਹਨ, ਜਿੱਥੇ ਸਿਹਤ ਅਤੇ ਸਿੱਖਿਆ ਬਿਲਕੁਲ ਮੁਫਤ ਸਨ। ਅੱਜ ਭਾਰਤ ਵਿੱਚ ਵੀ ਜੇਕਰ ਅਜਿਹੀਆਂ ਸਮੱਸਿਆਵਾਂ ਨਾਲ਼ ਨਜਿੱਠਣਾ ਹੈ ਤਾਂ ਲੋਕਾਂ ਦੀ ਸਿਹਤ ਵਿੱਚੋਂ ਮੁਨਾਫਾ ਵੇਖਣ ਵਾਲ਼ਿਆਂ ਨੂੰ ਨੱਥ ਪਾਕੇ, ਸਿਹਤ ਢਾਂਚੇ ਦਾ ਕੌਮੀਕਰਨ ਕੀਤਾ ਜਾਣਾ ਪਹਿਲੀ ਸ਼ਰਤ ਹੋਣਾ ਚਾਹੀਦਾ ਹੈ। ਪਰ ਮੋਦੀ ਸਰਕਾਰ ਉਲਟਾ ਸਰਕਾਰੀ ਸਿਹਤ ਢਾਂਚੇ ਨੂੰ ਢਾਹ ਲਾਉਂਦੇ ਹੋਏ ਨਿੱਜੀ ਕੰਪਨੀਆਂ ਨੂੰ ਖੁੱਲ੍ਹਾ ਹੱਥ ਦੇ ਰਹੀ ਹੈ। ਸਰਕਾਰ ਵੱਲੋਂ ਲੋਕਾਂ ਲਈ ਲੋੜੀਂਦੀ ਮਾਤਰਾ ਵਿੱਚ ਟੀਕੇ ਤੱਕ ਨਹੀਂ ਖਰੀਦੇ ਜਾ ਰਹੇ, ਉਲਟਾ ਸੂਬਿਆਂ ਨੂੰ ਟੀਕੇ ਖਰੀਦਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਅਤੇ ਇਹ ਵਰਤਾਰਾ ਅੱਜ ਸੰਸਾਰ ਵਿਆਪੀ ਹੋ ਚੁੱਕਿਆ ਹੈ। ਇਹ ਤਬਾਹਕੁੰਨ ਸਰਮਾਏਦਾਰੀ ਪ੍ਰਬੰਧ ਹੀ ਲੋਕਾਂ ਦੀ ਤਬਾਹੀ ਦਾ ਅਸਲ ਕਾਰਣ ਹੈ। ਕਰੋਨਾ ਕਾਲ ਨੇ ਸਾਡੇ ਸਾਹਮਣੇ ਇਹ ਚਿੱਟੇ ਦਿਨ ਵਾਂਗ ਸਾਫ ਕਰ ਦਿੱਤਾ ਹੈ ਕਿ ਇਹ ਪ੍ਰਬੰਧ ਮਨੁੱਖ ’ਤੇ ਆਈਆਂ ਕਰੋਪੀਆਂ ’ਤੋਂ ਉਸ ਨੂੰ ਬਚਾਉਣਾ ਤਾਂ ਦੂਰ ਸਗੋਂ ਉਹਨਾਂ ਦੀ ਮਾਰ ਨੂੰ ਕਈ ਗੁਣਾਂ ਵਧਾ ਦਿੰਦਾ ਹੈ। ਲੋਕਾਂ ਨੂੰ ਬੀਮਾਰੀਆਂ ਦੀ ਮਾਰ ਤੋਂ ਬਚਾਉਣ ਲਈ ਇਸ ਬੀਮਾਰ ਸਰਮਾਏਦਾਰੀ ਪ੍ਰਬੰਧ ਨੂੰ ਢਹਿ ਢੇਰੀ ਕਰਨਾ ਹੀ ਹੋਵੇਗਾ।
•ਅਮਨ