ਵੇਰਕਾ ਵੱਲੋਂ ਸਵਰਗੀ ਜਵਾਹਰ ਲਾਲ ਨਹਿਰੂ ਨੂੰ ਸਰਧਾਂਜਲੀ

ਵੇਰਕਾ ਵੱਲੋਂ ਸਵਰਗੀ ਜਵਾਹਰ ਲਾਲ ਨਹਿਰੂ ਨੂੰ ਸਰਧਾਂਜਲੀ

ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਕੀਤੀ ਅਲੋਚਨਾ

ਅੰਮ੍ਰਿਤਸਰ, 14 ਨਵੰਬਰ (ਗਗਨ) – ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਨਾਂ ਦੇ ਜਨਮ ਦਿਨ ਮੌਕੇ ਲਾਰੈਂਸ ਰੋਡ ਸਥਿਤ ਉਨਾਂ ਦੇ ਆਦਮ ਕੱਦ ਬੁੱਤ ਉਤੇ ਫੁੱਲ ਮਲਾਵਾਂ ਭੇਟ ਕਰਕੇ ਸਰਧਾਂਜਲੀ ਭੇਟ ਕਰਨ ਮਗਰੋਂ ਕੇਂਦਰ ਸਰਕਾਰ ਉਤੇ ਵਰਦਿਆਂ ਕੈਬਨਿਟ ਮੰਤਰੀ ਸ੍ਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਿੱਥੇ ਉਹ ਯੁੱਗ ਸੀ, ਜਦੋਂ ਸ੍ਰੀ ਨਹਿਰੂ ਵਰਗੇ ਨੇਤਾ ਦੇਸ਼ ਨੂੰ ਆਪਣੇ ਪੈਰਾਂ ਸਿਰ ਕਰਨ ਲਈ ਜਨਤਕ ਖੇਤਰ ਵਿਚ ਵੱਡਾ ਨਿਵੇਸ਼ ਕਰ ਰਹੇ ਸਨ ਅਤੇ ਕਿੱਥੇ ਅੱਜ ਮੋਦੀ ਸਰਕਾਰ ਹੈ ਜੋ ਯੋਗ ਆਗੂਆਂ ਵੱਲੋਂ ਬਣਾਏ ਗਏ ਵੱਡੇ ਅਦਾਰੇ ਵੇਚ ਰਹੀ ਹੈ। ਉਨਾਂ ਕਿਹਾ ਕਿ ਮਹਿੰਗਾਈ ਦੇ ਦੌਰ ਵਿਚ ਕੇਵਲ ਗਰੀਬ ਆਦਮੀ ਹੀ ਨਹੀਂ, ਆਮ ਨਾਗਰਿਕ ਵੀ ਬੁਰੀ ਤਰਾਂ ਪਿਸ ਰਿਹਾ ਹੈ ਅਤੇ ਚੰਗੇ ਕਾਰੋਬਾਰੀ ਲੋਕਾਂ ਨੂੰ ਵੀ ਆਪਣੀ ਰੋਜ਼ੀ ਰੋਟੀ ਚਲਾਉਣੀ ਔਖੀ ਹੋ ਰਹੀ ਹੈ।

ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਇਸ ਮਹਿੰਗਾਈ ਵਿਰੁੱਧ ਅੱਜ ਤੋਂ ਪੂਰੇ ਪੰਜਾਬ ਵਿਚ 7 ਦਿਨ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਕੇਂਦਰ ਦੀਆਂ ਮਾੜੀਆਂ ਨੀਤੀਆਂ ਵਿਰੁੱਧ ਲੋਕਾਂ ਨੂੰ ਜਾਣੂੰ ਕਰਵਾਇ ਜਾਵੇਗਾ। ਉਨਾਂ ਕਿਹਾ ਕਿ ਕਿਸਾਨ ਇਕ ਸਾਲ ਤੋਂ ਧਰਨੇ ਉਤੇ ਬੈਠੇ ਹਨ ਅਤੇ ਕੇਂਦਰ ਦੀ ਸੱਤਾ ਉਤੇ ਕਾਬਜ਼ ਲੋਕ ਮਜ਼ਾਕ ਕਰਦੇ ਹਨ। ਉਨਾਂ ਕਿਹਾ ਕਿ ਕਾਲੇ ਕਿਰਸਾਨੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ ਤਾਂ ਹੀ ਦੇਸ਼ ਦੇ ਕਿਸਾਨ ਤੇ ਛੋਟੇ ਵਪਾਰੀ ਜਿੰਦਾ ਰਹਿ ਸਕਦੇ ਹਨ। ਉਨਾਂ ਕਿਹਾ ਕਿ ਪੰਜਾਬ ਉਤੇ ਅਸਿੱਧੇ ਢੰਗ ਨਾਲ ਸਾਸ਼ਨ ਕਰਨ ਦੀ ਸਾਜਿਸਾਂ ਹੋ ਰਹੀਆਂ ਹਨ, ਬੀ ਐਸ ਐਫ ਦਾ ਘੇਰਾ 50 ਕਿਲੋਮੀਟਰ ਤੱਕ ਵਧਾਉਣਾ ਇਸੇ ਦਾ ਹਿੱਸਾ ਹੈ। ਉਨਾਂ ਕਿਹਾ ਕਿ ਕੇਵਲ ਇੰਨਾ ਹੀ ਨਹੀਂ ਇਹ ਪੰਜਾਬ ਵਿਚ ਚੋਣਾਂ ਜਿੱਤਣ ਲਈ ਬੀ ਐਸ ਐਫ ਦੀ ਮਦਦ ਵੀ ਲਵੇਗੀ।

Bulandh-Awaaz

Website: