ਜੇਕਰ ਦਰੁਸਤੀ ਭਰੇ ਕਦਮ ਨਾ ਚੁੱਕੇ ਗਏ ਤਾਂ ਫਿਰ ਅਕਾਲੀ ਦਲ ਮੁੱਖ ਮੰਤਰੀ ਤੇ ਮੰਤਰੀਆਂ ਦਾ ਕਰੇਗਾ ਘਿਰਾਓ
ਅੰਮ੍ਰਿਤਸਰ, 2 ਜੁਲਾਈ (ਗਗਨ) – ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਕਾਂਗਰਸ ਸਰਕਾਰ ਆਪਣਾ ਬਿਜਲੀ ਸਬਸਿਡੀ ਬਿੱਲ ਘਟਾਉਣ ਦੇ ਚੱਕਰ ਵਿਚ ਝੋਨੇ ਲਈ 8 ਘੰਟੇ ਬਿਜਲੀ ਸਪਲਾਈ ਨਾ ਕਰਨ ਕਾਰਨ ਡੀਜ਼ਲ ਫੂਕ ਕੇ ਆਪਣੀ ਝੋਨੇ ਦੀ ਫਸਲ ਪਾਲਣ ਲਈ ਮਜਬੂਰ ਹੋਏ ਕਿਸਾਨਾਂ ਵਾਸਤੇ ਤੁਰੰਤ ਵਿੱਤੀ ਰਾਹਤ ਪੈਕੇਜ ਦਾ ਐਲਾਨ ਕਰੇ। ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਡੀਜ਼ਲ ’ਤੇ ਆਪਣਾ ਵੈਟ 10 ਰੁਪਏ ਪ੍ਰਤੀ ਲੀਟਵ ਘਟਾਵੇ ਤੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਮਾੜੇ ਹਾਲਾਤ ਤੋਂ ਹਜ਼ਾਰਾਂ ਕਰੋੜ ਰੁਪਏ ਕਮਾ ਰਹੀ ਹੈ ਤੇ ਇਸ ਨਾਲ ਆਮ ਆਦਮੀ ਮਹਿੰਗੀ ਦੀ ਮਾਰ ਝੱਲ ਰਿਹਾ ਹੈ। ਸਰਦਾਰ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਨੇ ਬਿਜਲੀ ਸਪਲਾਈ ਨਾ ਹੋਣ ਕਾਰਨ ਆਪਣੀ ਝੋਨੇ ਦੀ ਫਸਲ ਵਾਹੀ ਹੈ, ਉਹਨਾਂ ਦੀ ਗਿਰਦਾਵਰੀ ਕਰਵਾ ਕੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਅਜਿਹੇ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਤੁਰੰਤ ਇਹ ਦਰੁਸਤੀ ਭਰੇ ਕਦਮ ਨਾ ਚੁੱਕੇ ਤਾਂ ਫਿਰ ਅਕਾਲੀ ਦਲ ਮੁੱਖ ਮੰਤਰੀ ਤੇ ਮੰਤਰੀਆਂ ਦਾ ਘਿਰਾਓ ਕਰੇਗਾ। ਉਹਨਾਂ ਕਿਹਾ ਕਿ ਕਿਸਾਨਾਂ ਦੇ ਸਿਰ ’ਤੇ ਡੀਜ਼ਲ ਫੂਕ ਕੇ 2500 ਤੋਂ 3500 ਕਰੋੜ ਰੁਪਏ ਦਾ ਨਵਾਂ ਬੋਝ ਪਾਇਆ ਗਿਆ ਹੈ ਜਿਸਦਾ ਮੁਆਵਜ਼ਾ ਉਹਨਾਂ ਨੁੰ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਾਰਟੀ ਕੱਲ੍ਹ ਕਿਸਾਨਾਂ ਤੇ ਆਦਮੀ ਆਦਮੀ ਲਈ ਨਿਆਂ ਹਾਸਲ ਕਰਨ ਵਾਸਤੇ ਧਰਨੇ ਵੀ ਦੇਵੇਗੀ ਕਿਉਂਕਿ ਇਹਨਾਂ ਵਰਗਾਂ ਨੁੰ 10 ਤੋਂ 12 ਘੰਟੇ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇੰਸਡਟਰੀ ਨੂੰ ਵੀ ਹਫਤੇ ਵਿਚ ਦੋ ਦਿਨ ਜਬਰੀ ਬੰਦ ਕਰਨ ਦੇ ਹੁਕਮ ਚਾੜ੍ਹ ਦਿੱਤੇ ਗਏ ਹਨ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਵਿੱਤੀ ਐਮਰਜੰਸੀ ਤੋਂ ਬਾਅਦ ਸੂਬਾ ਬਿਜਲੀ ਐਮਰਜੰਸੀ ਵਿਚ ਘਿਰ ਗਿਆ ਹੈ ਤੇ ਆਈ ਸੀ ਯੂ ਵਿਚ ਹੈ। ਉਹਨਾਂ ਕਿਹਾ ਕਿ ਇਹ ਐਮਰਜੰਸੀ ਕਾਂਗਰਸ ਨੇ ਆਪ ਬਣਾਈ ਹੈ। ਉਹਨਾਂ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਆਪਣਾ ਬਿਜਲੀ ਸਬਸਿਡੀ ਬਿੱਲ ਘੱਟ ਰੱਖਣ ਵਾਸਤੇ ਕਿਸਾਨਾਂ ਨੂੰ ਬਿਜਲੀ ਸਪਲਾਈ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਪੀ ਐਸ ਪੀ ਸੀ ਐਨ ਨੂੰ ਆਪਣੀ ਵੰਡ ਤੇ ਟਰਾਂਸਮਿਸ਼ਨ ਪ੍ਰਣਾਲੀ ਕਾਇਮ ਰੱਖਣ ਲਈ ਵੀ ਫੰਡ ਨਹੀਂ ਦਿੱਤੇ ਗਏ ਜਿਸ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਉਹਨਾਂ ਕਿਹਾ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਹੁਣ ਸੜੇ ਹੋਏ ਟਰਾਂਸਫਾਰਮਰ ਵੀ ਬਦਲੇ ਨਹੀਂ ਆ ਰਹੇ ਜਦਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਸਾਰੇ ਟਰਾਂਸਫਾਰਮਰ ਬਦਲੇ ਜਾਂਦੇ ਸਨ। ਉਹਨਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਲਈ ਮੀਟਿੰਗਾਂ ਵਿਚ ਰੁੱਝੇ ਹੋਏ ਹਨ ਜਦਕਿ ਉਹਨਾਂ ਦੇ ਵਿਰੋਧੀ ਕਾਂਗਰਸੀ ਦਿੱਲੀ ਡੇਰੇ ਲਗਾ ਕੇ ਉਹਨਾਂ ਦੀ ਕੁਰਸੀ ਹਥਿਆਉਣ ਵਾਸਤੇ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਇਤਿਹਾਸ ਆਪਣੇ ਆਪ ਨੁੰ ਦੁਹਰਾ ਰਿਹਾ ਹੈ। ਪਹਿਲਾਂ 2002 ਤੋਂ 2007 ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਸੈਕਟਰ ਦੀ ਤਬਾਹੀ ਦੀ ਪ੍ਰਧਾਨਗੀ ਕੀਤੀ ਤੇ ਸੀ ਤੇ ਫਿਰ ਅਗਲੇ 10 ਸਾਲਾਂ ਦੌਰਾਨ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਇਸਦਾ ਪੁਨਰ ਨਿਰਮਾਣ ਕੀਤਾ ਤੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ। ਉਹਨਾਂ ਕਿਹਾ ਕਿ ਹੁਣ ਫਿਰ ਪੰਜਾਬ ਵਿਚ ਬਿਜਲੀ ਗੁਲ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਕ ਵਾਰ ਫਿਰ ਤੋਂ ਟਰਾਂਸਮਿਸ਼ਨ ਤੇ ਵੰਡ ਪ੍ਰਣਾਲੀ ਤਬਾਹ ਹੋ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਰਸਾ ਸਿੰਘ ਵਲਟੋਹਾ, ਲਖਬੀਰ ਸਿੰਘ ਲੋਧੀਨੰਗਲ, ਦਲਬੀਰ ਸਿੰਘ ਵੇਰਕਾ, ਮਨਜੀਤ ਸਿੰਘ ਮੰਨਾ ਤੇ ਮਲਕੀਤ ਸਿੰਘ ਏ ਆਰ ਵੀ ਹਾਜ਼ਰ ਸਨ।