ਅੰਮ੍ਰਿਤਸਰ, 5 ਜੂਨ (ਰਛਪਾਲ ਸਿੰਘ) – ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ, ਸਸੰਦ ਮੈਂਬਰ ਸ: ਗੁਰਜੀਤ ਸਿੰਘ ਔਜਲਾ ਅਤੇ ਹਲਕਾ ਦੱਖਣੀ ਦੇ ਵਿਧਾਇਕ ਸ: ਇੰਦਰਬੀਰ ਸਿੰਘ ਬੁਲਾਰੀਆ ਨੇ ਸਾਂਝੇ ਤੌਰ ਤੇ ਦੱਖਣੀ ਹਲਕੇ ਦੇ ਅਧੀਨ ਪੈਂਦੇ ਚਾਟੀਵਿੰਡ ਪਿੰਡ ਵਿਖੇ 32.23 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ 27.5 ਐਮ.ਐਲ.ਡੀ. ਦਾ ਇਹ ਪਲਾਂਟ ਲੱਗਣ ਨਾਲ ਇਸਦੇ ਆਲੇ ਦੁਆਲੇ ਦੇ ਕਰੀਬ ਤਿੰਨ ਲੱਖ ਲੋਕਾਂ ਨੂੰ ਇਸਦਾ ਫਾਇਦਾ ਮਿਲੇਗਾ। ਉਨਾਂ ਦੱਸਿਆ ਕਿ ਇਸ ਪਲਾਂਟ ਤੋਂ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਕੇ ਖੇਤਾਂ ਲਈ ਅਤੇ ਹੋਰ ਕੰਮਾਂ ਲਈ ਵੀ ਵਰਤਿਆ ਜਾ ਸਕੇਗਾ। ਉਨਾਂ ਦੱਸਿਆ ਕਿ ਪਹਿਲਾਂ ਲੋਕਾਂ ਦੇ ਘਰਾਂ ਦਾ ਪਾਣੀ ਨਾਲੀਆਂ ਰਾਹੀਂ ਡਰੇਨ ਵਿੱਚ ਜਾਂਦਾ ਸੀ ਅਤੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਸ ਨਾਲ ਇਲਾਕੇ ਵਿੱਚ ਬਦਬੂ ਵੀ ਫੈਲਦੀ ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਹੁਣ ਲੋਕਾਂ ਦੇ ਘਰਾਂ ਦਾ ਪਾਣੀ ਸੀਵਰੇਜ ਸਿਸਟਮ ਰਾਹੀਂ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ ਜਾਵੇਗਾ ਜਿਥੇ ਪਾਣੀ ਨੂੰ ਸਾਫ਼ ਕੀਤਾ ਜਾ ਸਕੇਗਾ। ਉਨਾਂ ਦੱਸਿਆ ਕਿ ਇਸ ਨਾਲ ਸ਼ਹਿਰ ਦੀ ਆਬੋ ਹਵਾ ਵਿੱਚ ਸੁਧਾਰ ਆਵੇਗਾ ਅਤੇ ਵਾਤਾਵਰਨ ਸਾਫ਼ ਸੁਥਰਾ ਹੋਵੇਗਾ। ਸ੍ਰੀ ਸੋਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਵਾਤਾਵਰਨ ਦਿਵਸ ਮੌਕੇ 1-1 ਪੌਦਾ ਜ਼ਰੂਰ ਲਗਾਉਣ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵਾਤਾਵਰਨ ਨੂੰ ਸਾਫ਼ ਰੱਖਣ ਵਿਚ ਅੱਗੇ ਆਈਏ ਅਤੇ ਨਿੱਕੇ ਨਿੱਕੇ ਜਿਹੇ ਕੰਮ ਜਿਵੇਂ ਕਿ ਪਲਾਸਟਿਕ ਦੇ ਲਿਫਾਫਿਆਂ ਦਾ ਪ੍ਰਯੋਗ ਨਾ ਕਰਨਾ, ਪੌਦੇ ਲਗਾਉਣੇ, ਪਾਣੀ ਦੀ ਬੱਚਤ ਕਰਨੀ, ਆਲੇ ਦੁਆਲੇ ਦੀ ਸਫ਼ਾਈ ਰੱਖਣੀ ਕਰਕੇ ਹੀ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖ ਕੇ ਆਪਣਾ ਯੋਗਦਾਨ ਪਾ ਸਕਦੇ ਹਾਂ।
ਇਸ ਮੌਕੇ ਸ: ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਕਾਫ਼ੀ ਚਿਰਾਂ ਤੋਂ ਇਸ ਇਲਾਕੇ ਦੇ ਲੋਕ ਪਾਣੀ ਦੀ ਨਿਕਾਸੀ ਤੋਂ ਪ੍ਰਭਾਵਿਤ ਸਨ। ਪਰ ਹੁਣ ਇਸ ਪਲਾਂਟ ਲੱਗਣ ਦੇ ਨਾਲ ਇਸ ਇਲਾਕੇ ਦੇ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨਾਂ ਇਹ ਚਿਰੋਕਣੀ ਮੰਗ ਪੂਰੀ ਹੋਣ ਉਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਸ: ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 2018 ਵਿੱਚ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਦਾ ਉਦੇਸ਼ ਪੰਜਾਬ ਦੀ ਆਬੋ ਹਵਾ ਨੂੰ ਸਾਫ਼ ਸੁਥਰਾ ਕਰਨਾ ਹੈ ਅਤੇ ਇਸ ਲਈ ਜਿੱਥੇ ਮਿਲਾਵਟ ਖੋਰਾਂ ਵਿਰੁੱਧ ਜੰਗੀ ਪੱਧਰ ਤੇ ਕਾਰਵਾਈਆਂ ਕੀਤੀਆਂ ਗਈਆਂ ਹਨ, ਉਥੇ ਹਰੇਕ ਪਿੰਡ ਵਿੱਚ 550 ਪੌਦੇ ਲਗਾਏ ਗਏ ਹਨ ਅਤੇ ਹੁਣ 400 ਪੌਦੇ ਹੋਰ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ, ਚੇਅਰਮੈਨ ਸੀਵਰੇਜ ਬੋਰਡ ਸ: ਪਰਗਟ ਸਿੰਘ ਧੁੰਨਾ, ਐਕਸੀਐਨ ਵਾਟਰ ਸਪਲਾਈ ਸ੍ਰੀ ਪੰਕਜ ਜੈਨ, ਕੌਂਸਲਰ ਵਿਕਾਸ ਸੋਨੀ, ਸ੍ਰੀ ਅਸ਼ਵਨੀ ਪੱਪੂ, ਸ੍ਰੀ ਧਰਮਵੀਰ ਸਰੀਨ, ਸ: ਪਰਮਜੀਤ ਸਿੰਘ ਚੋਪੜਾ ਵੀ ਹਾਜ਼ਰ ਸਨ।