ਅੰਮ੍ਰਿਤਸਰ 24 ਦਸੰਬਰ (ਵਰਪਾਲ) – ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਖ਼ਿਲਾਫ਼ ਬੋਲਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਘੜੱਮ ਚੌਧਰੀ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣ ,ਜਿਸ ਨਾਲ ਉਨ੍ਹਾਂ ਨੂੰ ਆਪਣੀ ਅਸਲੀ ਅਸਲੀਅਤ ਦਾ ਸ਼ਾਇਦ ਪਤਾ ਚੱਲ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਦੱਖਣੀ ਦੀਆਂ ਵੱਖ ਵੱਖ ਵਾਰਡਾਂ ਦੇ ਕੌਂਸਲਰਾਂ ਨੇ ਸਾਂਝੇ ਤੌਰ ਤੇ ਕੀਤਾ।ਇਸ ਦੌਰਾਨ ਜਾਣਕਾਰੀ ਦਿੰਦਿਆਂ ਕੌਂਸਲਰ ਦਲਬੀਰ ਸਿੰਘ ਮੰਮਣਕੇ ਅਤੇ ਜਸਵਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਦਾ ਜਦੋ ਜੱਗ ਜ਼ਾਹਿਰ ਹੁੰਦਿਆਂ ਪਤਾ ਲੱਗਣਾ ਸ਼ੁਰੂ ਹੋ ਗਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਆਗੂਆਂ ਦੀ ਸੂਝ ਬੂਝ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ।
ਇਸ ਮੌਕੇ ਕੌਂਸਲਰ ਮੋਹਨ ਸਿੰਘ ਮਾਡ਼ੀਮੇਘਾ ਅਤੇ ਬਲਵਿੰਦਰ ਸਿੰਘ ਨਵਾਂ ਪਿੰਡ ਨੇ ਛੱਜ ਤਾਂ ਬੋਲੇ ਭਲਾ ਛਾਨਣੀ ਕਿਉਂ ਬੋਲੇ ਦਾ ਮੁਹਾਵਰਾ ਕਹਿੰਦਿਆ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਤੇ ਕੇਸ ਦਰਜ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਆਪਣੇ ਆਪ ਨੂੰ ਆਗੂ ਕਹਿਣ ਵਾਲੇ ਬੁਖਲਾਹਟ ਵਿੱਚ ਆ ਕੇ ਗਲਤ ਬਿਆਨਬਾਜ਼ੀ ਕਰ ਰਹੇ ਹਨ।ਜਿਸ ਨਾਲ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੂੰ ਕੋਈ ਫਰਕ ਪੈਣ ਵਾਲਾ ਨਹੀਂ ਹੈ ।ਉਨ੍ਹਾਂ ਇਹ ਵੀ ਕਿਹਾ ਕਿ ਹਲਕਾ ਦੱਖਣੀ ਨਹੀਂ ਬਲਕਿ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਪਿਛਲੇ ਸਮੇਂ ਚ ਪਿੰਡ ਸੁਲਤਾਨਵਿੰਡ ਵਿਚ ਵੱਡੀ ਮਾਤਰਾ ਵਿਚ ਚਿੱਟੇ ਦਾ ਕੰਮ ਕਰਨ ਵਾਲੀ ਫੜੀ ਗਈ ਫੈਕਟਰੀ ਨਾਲ ਸਬੰਧਿਤ ਲੋਕਾਂ ਨੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨਹੀਂ ਬਲਕਿ ਬਿਕਰਮ ਸਿੰਘ ਮਜੀਠੀਆ ਅਤੇ ਤਲਬੀਰ ਗਿੱਲ ਦਾ ਨਾਮ ਜੋੜਿਆ ਸੀ।ਉਨ੍ਹਾਂ ਅਖੀਰ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਆਗੂਆਂ ਨੂੰ ਘਟੀਆ ਰਾਜਨੀਤੀ ਤੋਂ ਹਟ ਕੇ ਸਾਫ਼ ਸੁਥਰੀ ਸਿਆਸਤ ਕਰਨ ਦੀ ਨਸੀਹਤ ਦਿੰਦੇ ਹੋਏ ਕਿਹਾ ਕਿ ਪੂਰੇ ਹਲਕੇ ਦੇ ਲੋਕ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਕਾਰਜ ਸ਼ੈਲੀ ਤੋਂ ਭਲੀ ਭਾਂਤ ਜਾਣੂ ਹਨ ਅਤੇ ਇਨ੍ਹਾਂ ਦੀਆਂ ਭੜਕਾਊ ਗੱਲਾਂ ਵਿੱਚ ਆਉਣ ਵਾਲੇ ਨਹੀਂ ਹਨ ।ਇਸ ਮੌਕੇ ਕੌਂਸਲਰ ਬਲਦੇਵ ਸਿੰਘ ਸੰਧੂ ,ਡਾ ਸੁਪਿੰਦਰ ਸਿੰਘ ਢਿੱਲੋਂ, ਗੁਰਪਾਲ ਸਿੰਘ ਪਾਲ ,ਅਰਜਨ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਚੌਹਾਨ, ਦਲਜੀਤ ਸਿੰਘ ਭੁੱਲਰ, ਸੁਖਪਾਲ ਸਿੰਘ ਚੌਹਾਨ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਹਾਜ਼ਰ ਸਨ ।