‘ਦੀ ਵਾਇਰ’ ਵੱਲੋਂ ‘ਹਿੰਦੂ ਕੱਟੜ ਏਕਤਾ’ ਨਾਮੀ ਵਟਸਐਪ ਗਰੁੱਪ ਦੀ 25 ਫਰਵਰੀ ਤੋਂ 8 ਮਾਰਚ ਤੱਕ ਦੀ ਗੱਲਬਾਤ ਦੀ ਪੜ੍ਹਤਾਲ ਨਾਲ਼ ਰਾਸ਼ਟਰੀ ਸਵੈਸੇਵਕ ਸੰਘ ਵੱਲੋਂ ਯੋਜਨਾਬੱਧ ਤਰੀਕੇ ਨਾਲ਼ ਕੀਤੇ ਗਏ ਦਿੱਲੀ ਕਤਲੇਆਮ ਬਾਰੇ ਹੈਰਾਨੀਜਨਕ ਤੱਥ ਉੱਘੜ ਕੇ ਸਾਹਮਣੇ ਆਏ ਹਨ। ਜਿੱਥੇ ਪੁਲਿਸ ਇਹ ਸਾਬਤ ਕਰਨ ‘ਤੇ ਉਤਾਰੂ ਹੈ ਕਿ ਇਹ ਦੰਗੇ ਨਾਗਰਿਕਤਾ ਸੋਧ ਕਨੂੰਨ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਤੇ ਕਾਰਕੁੰਨਾਂ ਵੱਲੋਂ ਮੋਦੀ ਸਰਕਾਰ ਦੀ ਬਦਨਾਮੀ ਕਰਵਾਉਣ ਲਈ ਕਰਵਾਏ ਗਏ ਹਨ ਉੱਥੇ ਇਸ ਗਰੁੱਪ ਵਿਚਲੀ ਗੱਲਬਾਤ ਸਾਫ਼ ਸਾਬਤ ਕਰ ਰਹੀ ਹੈ ਕਿ ਇਹ ਕੰਮ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ਼ ਹਿੰਦੂਤਵੀ ਕੱਟੜਪੰਥੀਆਂ ਦਾ ਕਾਰਾ ਹੈ।
ਇਸ ਗਰੁੱਪ ਦਾ ਇਸਤੇਮਾਲ ਇਹਨਾਂ ਕੱਟੜਪੰਥੀਆਂ ਨੇ ਦਿੱਲੀ ਕਤਲੇਆਮ ਸਮੇਂ ਭਿਅੰਕਰ ਹਿੰਸਾ ਨੂੰ ਜਥੇਬੰਦ ਕਰਨ ਤੇ ਆਮ ਹਿੰਦੂਆਂ ਨੂੰ ਮੁਸਲਮਾਨਾਂ ਵਿਰੁੱਧ ਉਕਸਾਉਣ ਲਈ ਕੀਤਾ| ਗਰੁੱਪ ਵਿਚਲੀ ਗੱਲਬਾਤ ਵਿੱਚ ਮੁਸਲਮਾਨਾਂ ਨੂੰ ਮਾਰ ਕੇ, ਮਸਜਿਦਾਂ ਸਾੜ ਕੇ ਫੜ੍ਹਾਂ ਮਾਰੀਆਂ ਗਈਆਂ ਤੇ ਮੁਸਲਮਾਨਾਂ ਦੇ ਮੌਜੂਦਾ ਟਿਕਾਣੇ ਦੱਸ ਕੇ ਲੋਕਾਂ ਨੂੰ ਦੰਗਾਈ ਭੀੜਾਂ ਦਾ ਸਾਥ ਦੇਣ ਲਈ ਅਪੀਲ ਕੀਤੀ ਗਈ| ਇਸ ਗਰੁੱਪ ਵਿੱਚ ਸਿਰਫ਼ ਮੁਸਲਮਾਨਾਂ ਨੂੰ ਮਾਰਨ ਦੀ ਅਪੀਲ ਹੀ ਨਹੀਂ ਕੀਤੀ ਗਈ ਸਗੋਂ ਮੁਸਲਮਾਨ ਔਰਤਾਂ ਦਾ ਬਲਾਤਕਾਰ ਕਰਨ ਦਾ ਵੀ ਸੱਦਾ ਦਿੱਤਾ ਗਿਆ| ਜਿਹੋ ਜਹੀ ਭੱਦੀ ਸ਼ਬਦਾਵਲੀ ਗਰੁੱਪ ਵਿੱਚ ਵਰਤੀ ਗਈ ਉਹ ਅਸੀਂ ਇਸ ਸਫੇ ਉੱਤੇ ਦੇਣੋ ਅਸਮਰੱਥ ਹਾਂ|
ਇਸ ਗਰੁੱਪ ਵਿੱਚ ਦਿੱਲੀ ਕਤਲੇਆਮ ਭੜਕਾਉਣ ਵਾਲ਼ੇ ਭਾਜਪਾਈ ਆਗੂ ਕਪਿਲ ਮਿਸ਼ਰਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਕੱਟੜਪੰਥੀਆਂ ਵੱਲੋਂ ਸਭ ਤੋਂ ਵੱਧ ਵਰਤਿਆ ਗਿਆ| ਮੋਦੀ, ਰਾਸ਼ਟਰੀ ਸਵੈਸੇਵਕ ਸੰਘ ਤੇ ਭਾਜਪਾ ਦੇ ਇਤਿਹਾਸ ਤੋਂ ਜਾਣੂ ਕਿਸੇ ਵਿਅਕਤੀ ਲਈ ਇਹ ਗੱਲ ਸਹਿਜੇ ਹੀ ਸਮਝ ਆਉਣ ਵਾਲੀ ਹੈ ਕਿ ਇਹ ਲੋਕ ਅੱਜ ਦੇਸ਼ ਵਿੱਚ ਫਿਰਕੂ ਕਤਲੇਆਮਾਂ ਕਤਲਾਂ ਦੇ ਸਭ ਤੋਂ ਉੱਘੜਵੇਂ ਚਿੰਨ ਬਣ ਚੁੱਕੇ ਹਨ|
Related